ਦਿੱਲੀ 'ਚ ਦਰਿੰਦੇ ਵਸਦੇ,,,,,,।
ਦਿੱਲੀ 'ਚ ਦਰਿੰਦੇ ਵਸਦੇ,
ਤੈਨੂੰ ਨਜਰ ਨਾਂ ਆਉਣ ਸਰਕਾਰੇ।
ਨੀ ਚਿੜੀਆਂ ਦੇ ਖੰਬ ਨੋਚਕੇ, ਗਲੀ ਗਲੀ 'ਚ ਫਿਰਨ ਹੰਕਾਰੇ।।
ਸੁਣਿਆਂ ਸੀ ਦਿੱਲੀ , ਦਿਲ ਵਾਲਿਆਂ
ਦਾ ਸ਼ਹਿਰ ਹੈ।
ਜਿਹਦੇ ਨਾਲ ਬੀਤੀ ਦੱਸੇ, ਗੁੰਡਿਆਂ ਦਾ ਕਹਿਰ ਹੈ।
ਰਾਜਧਾਨੀ ਬਣੀ ਦੇਸ਼ ਦੀ , ਕਾਲਾ ਦਿਲ ਤੂੰ ਛੁਪਾਕੇ ਮੁਟਿਆਰੇ।
ਦਿੱਲੀ 'ਚ,,,,,,,,,,,,,,,,,,,,,,,,,,,,,,,,,,,,,,।
ਆਖਣ ਨੂੰ ਲੋਕੀਂ ਭਾਵੇਂ, ਕਹਿੰਦੇ ਲੋਕ ਰਾਜ ਹੈ।
ਬੋਟ ਪਾਉਣ ਵਾਲੀ ਤਾਂ, ਜਮੀਰ ਮੁਹਤਾਜ ਹੈ।
ਗੁੰਡੇ ਜਿੱਥੇ ਬਣਨ ਮੰਤਰੀ, ਰਾਜ ਨੀਤੀ ਦੇ ਸਬਕ ਨੇ ਨਿਆਰੇ।
ਦਿੱਲੀ 'ਚ,,,,,,,,,,,,,,,,,,,,,,,,,,,,,,,,,,,,,,।
ਨੇਤਾ ਕਹਿੰਦੇ ਸਾਡਾ, ਲੋਕ ਰਾਜ ਬੇ-ਮਿਸਾਲ ਹੈ।
ਔਰਤਾਂ ਦਾ ਜੀਣਾ ਫਿਰ, ਹੋਇਆ ਕਿਓਂ ਮੁਹਾਲ ਹੈ।
ਸਰੀਆਂ 'ਨਾਂ ਬਿੰਨ੍ਹ ਕੁੜੀਆਂ,
ਪਤ ਲੁੱਟਕੇ ਸੁੱਟਣ ਹਤਿਆਰੇ।
ਦਿੱਲੀ 'ਚ,,,,,,,,,,,,,,,,,,,,,,,,,,,,,,,,,,,,,,,,,।
ਦੋਸ਼ੀ ਜੇ ਚੁਰਾਸੀ ਦੇ, ਜਿਹਲਾਂ 'ਚ ਸਿੱਟੇ ਹੋਂਵਦੇ।
ਗੁੰਡਿਆਂ ਦੀ ਜਾਨ ਨੂੰ ਨਾਂ, ਅੱਜ ਬੈਠੇ ਰੋਂਵਦੇ।
ਗੁੰਡਿਆਂ ਦੀ ਚੜ੍ਹ ਮੱਚਦੀ, ਜਦੋਂ ਬਚ ਜਾਂਦੇ ਪਹੁੰਚ ਦੇ ਸਹਾਰੇ।
ਦਿੱਲੀ 'ਚ,,,,,,,,,,,,,,,,,,,,,,,,,,,,,,,,,,,,।
ਜਿਸ ਰਾਜ ਵਿੱਚ ਅਜੇ, ਔਰਤ ਗੁਲਾਮ ਹੈ।
ਬੰਦਿਆਂ ਦੀ ਸੋਚ ਉੱਥੇ, ਪਸ਼ੂਆਂ ਸਮਾਨ ਹੈ।
ਹੱਥੀਂ ਪਾਲ ਗੁੰਡਿਆਂ ਨੂੰ, ਕਿਹਦੇ ਅੱਥਰੂ ਪੂੰਝੇਂਗੀ ਬਦਕਾਰੇ।
ਦਿੱਲੀ 'ਚ,,,,,,,,,,,,,,,,,,,,,,,,,,,,,,,,,,,,।
ਡਾ ਗੁਰਮੀਤ
ਸਿੰਘ ਬਰਸਾਲ(ਕੈਲੇਫੋਰਨੀਆਂ)