ਬ੍ਰਾਹਮਣਬਾਦ ਬਨਾਮ ਪੁਜਾਰੀਬਾਦ ।।
ਬ੍ਰਾਹਮਣ ਦਾ ਸ਼ਬਦੀ ਅਰਥ ਬ੍ਰਹਿਮ ਦੀ ਵਿਚਾਰ ਕਰਨ ਵਾਲਾ ਹੁੰਦਾ ਹੈ ।
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ (ਪੰਨਾ 1127)
ਪਰ ਇਸਦਾ ਮਤਲਬ ਹਰਗਿਜ਼ ਇਹ ਨਹੀਂ ਹੁੰਦਾ ਕਿ ਉਸ ਬ੍ਰਾਹਮਣ ਦਾ ਪਰਿਵਾਰ ਜਾਂ ਕੁਲਾਂ ਵੀ ਬ੍ਰਹਮ ਦੀ ਵਿਚਾਰ ਕਰਨ ਵਾਲੀਆਂ ਹੀ ਹੋਣਗੀਆਂ । ਇਸ ਤਰਾਂ ਬ੍ਰਾਹਮਣ ਸਿਰਫ ਵਿਸ਼ੇਸ਼ਣ ਹੋ ਸਕਦਾ ਹੈ,ਆਉਣ ਵਾਲੀਆਂ ਬ੍ਰਾਹਮਣ ਦੀਆਂ ਪੀੜੀਆਂ ਦੀ ਸਦੀਵੀ ਪਕੜ ਵਾਲਾ ਕੋਈ ਨਾਮ ਨਹੀਂ । ਕਿਰਤ ਅਧਾਰਿਤ ਵੰਡ ਅਨੁਸਾਰ ਕਿਰਤ ਬਦਲਣ ਨਾਲ ਵਰਗ ਦਾ ਬਦਲਣਾ ਵੀ ਜਰੂਰੀ ਸੀ । ਪਰ ਬ੍ਰਾਹਮਣ ਨੇ ਆਪਣੀ ਚਲਾਕੀ ਨਾਲ ਬ੍ਰਾਹਮਣ ਦੀ ਡਿਗਰੀ ਸਦਾ ਲਈ ਆਪਣੇ ਨਾਮ ਨਾਲ ਚਿਪਕਾ ਲਈ । ਸ਼ਾਇਦ ਇਸੇ ਲਈ ਉਸਦੀ ਇਸ ਯੋਜਨਾਂ ਦਾ ਭਾਂਡਾ ਭੰਨਦਾ ਹੋਇਆ ਸ਼ਬਦ ਬ੍ਰਾਹਮਣਬਾਦ ਹੋਂਦ ਵਿੱਚ ਆ ਗਿਆ । ਅਸਲ ਵਿੱਚ ਇਹ ਬ੍ਰਾਹਮਣਬਾਦ ਸ਼ਬਦ ਕਿਸੇ ਜਾਤੀ ਸੂਚਕ ਬ੍ਰਾਹਮਣ ਦੀ ਮੁਖਾਲਫ਼ਤ ਨਹੀਂ ਕਰਦਾ ਸਗੋਂ ਬ੍ਰਾਹਮਣ ਦੀ ਉਸ ਚਲਾਕੀ ਅਤੇ ਮਕਾਰੀ ਦਾ ਪਰਦਾ ਫਾਸ਼ ਕਰਦਾ ਹੈ, ਜਿਸ ਨਾਲ ਉਸਨੇ ਸਦਾ ਲਈ ਇਹ ਨਾਮ ਆਪਣੀਆਂ ਕੁਲਾਂ ਲਈ ਰਾਖਵਾਂ ਕਰਵਾਕੇ ਸਮਾਜ ਦੇ ਬਾਕੀ ਵਰਗਾਂ ਦੀ ਸਦੀਵੀ ਲੁੱਟ ਲਈ ਪੱਕੀ ਵਿਓਂਤ ਬੰਦੀ ਕੀਤੀ ਹੈ ।
ਸੋ ਆਪਣੀ ਜਾਤੀ ਆਪ ਹੀ ਘੜ ਕੇ ,ਆਪ ਨੂੰ ਹੀ ਸਰਬੋਤਮ ਮੰਨਕੇ ਉਸੇ ਅਖਾਉਤੀ ਉੱਚ ਜਾਤੀ ਦਾ ਝੂਠਾ ਹੰਕਾਰ ਹੀ ਬ੍ਰਾਹਮਣਬਾਦ ਹੈ, ਜੋ ਬਾਕੀ ਆਪਣੇ ਆਪਣੇ ਕੰਮਾਂ ਅਨੁਸਾਰ ਆਪ ਹੀ ਸਿਰਜੀਆਂ ਜਾਤੀਆਂ ਨੂੰ ਛੋਟੀਆਂ ਅਤੇ ਤੁੱਛ ਮੰਨਕੇ ਆਪਣੀ ਹੀ ਸੇਵਾ ਲਈ ਬਣੀਆਂ ਦਰਸਾਉਂਦਾ ਹੈ । ਸੋ ਬ੍ਰਾਹਮਣ ਦਾ ਰੱਬ ਵੀ ਅਜਿਹਾ ਹੀ ਆਪੂੰ ਹੀ ਘੜਿਆ ਰੱਬ ਹੁੰਦਾ ਹੈ ਜੋ ਬ੍ਰਾਹਮਣ ਰੂਪੀ ਪੁਜਾਰੀ ਰਾਹੀਂ ਸ਼ਕਤੀਸ਼ਾਲੀ ਰਾਜੇ ਨੂੰ ਵੀ ਮਕਾਰੀ ਨਾਲ ਝੁਕਣ ਲਈ ਮਜਬੂਰ ਕਰਕੇ, ਖੁਦ ਬ੍ਰਾਹਮਣ ਨੂੰ ਸਰਬਉੱਚ ਬਣਾ ਦਿੰਦਾ ਹੈ । ਮਨੁੱਖਤਾ ਵਿੱਚ ਜਾਤੀ-ਪਾਤੀ ,ਊਚ-ਨੀਚ ਅਤੇ ਛੂਆ-ਛਾਤ ਰਾਹੀਂ ਪਾਈ ਗਈ ਵੰਡੀ ਹੀ ਇਸ ਬ੍ਰਾਹਮਣਬਾਦ ਦੀ ਸਭ ਤੋਂ ਵੱਡੀ ਤਾਕਤ ਬਣਦੀ ਹੈ, ਜਿਸ ਦੀ ਮਦਦ ਨਾਲ ਇਹ ਇੱਕ ਤਰਾਂ ਨਾਲ ਆਪਣੇ ਆਪ ਨੂੰ ਸਾਰੀ ਮਨੁੱਖਤਾ ਦਾ ਰੱਬ ਹੀ ਘੋਸ਼ਤ ਕਰਦਾ ਹੈ । ਧਰਮ ਗਿਆਨ ਤੇ ਕੇਵਲ ਆਪਣਾ ਹੀ ਅਧਿਕਾਰ ਘੋਸ਼ਿਤ ਕਰ ਇਹ ਸਮਾਜ ਦੇ ਬਾਕੀ ਵਰਗਾਂ ਨੂੰ ਸਦਾ ਲਈ ਆਪਦੇ ਮੁਥਾਹਜ ਬਣਾਉਣ ਦੀ ਕੁਚੇਸ਼ਠਾ ਨਾਲ, ਉਹਨਾਂ ਵਿੱਚ ਕੇਵਲ ਡਰੂ ਬਿਰਤੀ ਪੈਦਾ ਕਰਨ ਲਈ ਹੀ ਅਗਿਆਨੀ ਰੱਖਕੇ ਕਰਮਕਾਂਢਾਂ ਵਿੱਚ ਉਲਝਾਉਂਦਾ ਹੈ । ਕਰਮਾਂ ਦੇ ਪਾਏ ਗਏ ਡਰ ਦਾ ਮਾਰਿਆ ਹਰ ਤਰਾਂ ਦਾ ਮਿਹਨਤੀ ਤਬਕਾ ਆਪਣੇ ਹੱਕ ਹਲਾਲ ਦੀ ਕਮਾਈ ਨੂੰ, ਇਸ ਪੁਜਾਰੀ ਨੁਮਾਂ ਵਿਹਲੜ ਬ੍ਰਾਹਮਣ ਸਾਹਮਣੇ ਪੁਸ਼ਤਾਂ ਤੱਕ ਚਾੜਨਾਂ ਹੀ ਧਰਮ-ਕਰਮ ਸਮਝ ਬੈਠਦਾ ਹੈ । ਜੇਕਰ ਕਿਸੇ ਪ੍ਰਾਚੀਨ ਮਤ ਦੇ ਬਾਨੀ ਨੂੰ ਅੱਜ ਵੀ ਜਿਉਂਦਾ ਦੇਖਣਾ ਹੈ ਤਾਂ ਕੇਵਲ ਬ੍ਰਾਹਮਣ ਬਾਦ ਦਾ ਆਗੂ ਹੀ ਨਜਰ ਆਉੰਦਾ ਹੈ, ਸ਼ਾਇਦ ਇਸੇ ਲਈ ਬ੍ਰਾਹਮਣਬਾਦ ਦਾ ਇਹੀ ਰੂਪ ਬਾਕੀ ਸੰਸਾਰ ਦੇ ਮਤਾਂ ਅੰਦਰ ਦਾਖਲ ਹੋ ਸਦਾ ਲਈ ਅਮਰ ਹੋਣ ਦੀ ਲਾਲਸਾ ਵਿੱਚ ਹੈ । ਸਿੱਖ ਮਤ ਵਿੱਚ ਤਾਂ ਇਹ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਦਾਖਲੇ ਦੀ ਭਾਲ ਵਿੱਚ ਸੀ, ਪਰ ਇਸਦਾ ਦਾਅ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਉਦੋਂ ਲੱਗਾ ਜਦੋਂ ਸਿੰਘਾਂ ਦਾ ਹਕੂਮਤ ਵੱਲੋਂ ਹਰ ਜਗਹ ਸ਼ਿਕਾਰ ਕੀਤਾ ਜਾ ਰਿਹਾ ਸੀ ਅਤੇ ਸਿੰਘ ਜੰਗਲਾਂ, ਮਾਰੂਥਲਾਂ ਵਿੱਚ ਵਿਚਰ ਰਹੇ ਸਨ ।
ਗੁਰੂ ਨਾਨਕ ਸਾਹਿਬ ਨੇ ਅਜਿਹੇ ਬ੍ਰਾਹਮਣਬਾਦ ਦੇ ਮਹਿਲ ਦੀ ਨਿਓਂ ਵਿੱਚ ਲਗ ਰਹੀ ਸਭ ਤੋਂ ਪਹਿਲੀ ਕਰਮਕਾਂਢੀ ਜਨੇਊ ਨਾਮਕ ਭੇਖੀ ਇੱਟ ਨੂੰ ਹੀ ਪੁੱਟਕੇ ਸਾਰੇ ਸਮਾਜ ਸਾਹਮਣੇ ਸੁੱਟ ਧਰਿਆ ਸੀ ਅਤੇ ਆਪਣੀ ਬਾਣੀ ਦੇ ਸ਼ੁਰੂ ਵਿੱਚ ਹੀ ‘੧’ ਲਿਖ, ਬ੍ਰਾਹਮਣ ਦੇ ਬਣਾਏ ਝੂਠੇ ਮੱਕੜਜਾਲ ਦੇ ਬਹੁ ਵਰਗ ਅਤੇ ਬਹੁ ਦੇਵਤਾ ਆਧਾਰ ਦੀਆਂ ਤੰਦਾਂ ਨੂੰ ਹੀ ਤਹਿਸ ਨਹਿਸ ਕਰ ਦਿੱਤਾ ਸੀ । ਜਿਸ ਨਾਲ ਸਮਾਜ ਵਿੱਚ ਬਰਾਬਰੀ ਅਤੇ ਅਸਲੀ ਰੱਬ ਦੀ ਪਹਿਚਾਣ ਦਾ ਮੁੱਢ ਬੱਝਦਾ ਦੇਖ ਬ੍ਰਾਹਮਣਬਾਦ ਤਰਲੋ-ਮੱਛੀ ਹੋਣ ਲੱਗ ਪਿਆ ਸੀ ।
ਏਕ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰਹਾਈ (ਪੰਨਾ 611)
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਣ ਭਲੇ ਕੋ ਮੰਦੇ(ਪੰਨਾ 1349)
ਗੁਰੂ ਸਾਹਿਬ ਦੀ ਸਾਰੀ ਮਨੁੱਖਾ ਜਾਤੀ ਨੂੰ ਇੱਕ ਹੀ ਰੱਬ ਦੀ ਔਲਾਦ ਦਸਦਿਆਂ ਸਭ ਵਿੱਚ ਇੱਕ ਹੀ ਜੋਤ ਹੋਣ ਦੀ ਗੱਲ ਬ੍ਰਾਹਮਣਵਾਦ ਦੇ ਖਿਲਾਫ ਮਨੁੱਖਤਾ ਵਿੱਚ ਸਮਾਨਤਾ ਦੇ ਭਾਵ ਭਰਦੀ ਅਸਲ ਰੱਬ ਵਲ ਪਰੇਰਤ ਕਰਨ ਲੱਗੀ ਸੀ । ਲੋਕਾਈ ਨੂੰ ਸੱਚੇ ਰੱਬ ਦੀ ਸੱਚੀ ਪੂਜਾ ਦੇ ਅਰਥ ਸਮਝ ਆਉਣੇ ਸ਼ੁਰੂ ਹੋ ਗਏ ਸਨ । ਸਮਾਜ ਦੇ ਹਰ ਦੱਬੇ ਕੁਚਲੇ ਵਰਗ ਅੰਦਰ ਬਰਾਬਰ ਸਨਮਾਨ ਦੀ ਭਾਵਨਾ, ਮਿਹਨਤੀ ਲੋਕਾਂ ਵਿੱਚ ਸੁਕਿਰਤ ਦੀ ਵਡਿਆਈ, ਦੂਜੇ ਦੀ ਕਮਾਈ ਤੇ ਪਲਣ ਵਾਲੇ ਨਿਖੱਟੂਆਂ, ਲੋਟੂਆਂ ਅਤੇ ਵਿਹਲੜਾਂ ਨੂੰ ਮਨੁੱਖਤਾ ਅਤੇ ਰੱਬ ਦੇ ਦੁਸ਼ਮਨ ਸਮਝਣ ਦੀ ਭਾਵਨਾਂ ਨੇ ,ਰੱਬ ਦੇ ਵਿਚੋਲੇ ਕਹਾਉਂਦੇ ਬ੍ਰਾਹਮਣਬਾਦ ਦੀਆਂ ਧੱਜੀਆਂ ਉਡਾ ਦਿੱਤੀਆਂ ਸਨ ।
ਇਨਾਂ ਹੋਣ ਤੇ ਵੀ ਬ੍ਰਾਹਮਣਬਾਦ ਨੇ ਹਾਰ ਨਹੀਂ ਮੰਨੀ, ਸਗੋਂ ਹੋਰ ਵੀ ਡੂੰਘੀ ਚਾਲ ਅਤੇ ਠਰੰਮੇ ਨਾਲ ਸਿੱਖਾਂ ਦਾ ਬਾਹਰੀ ਭੇਖ ਧਾਰਨ ਕਰ ਗੁਰਧਾਮਾਂ ਵਿੱਚ ਆ ਬੈਠਾ । ਗਿਆਨ ਤੋਂ ਸੱਖਣੇ ਰੱਖੇ ਗਏ ਸਿੱਖ, ਅੰਨੀ ਸ਼ਰਧਾ ਅਧੀਨ, ਉਸਦੇ ਚਰਨਾਂ ਵਿੱਚ ਜਾ ਵਿਰਾਜਣੇ ਸ਼ੁਰੂ ਹੋ ਗਏ । ਉਸਨੇ ਸਿੱਖਾਂ ਵਿੱਚ ਗੁਰਮਤਿ ਸਿਧਾਂਤਾਂ ਦੀ ਅਸਪਸ਼ਟਤਾ ਭਰਕੇ, ਗੁਰਮਤਿ ਅਨੁਸਾਰੀ ਸਰਬਖੇਤਰੀ ਅਗਵਾਈ ਵਾਲੇ ਚਿਤਵੇ ਗੁਰਮਤਿ ਦੇ ਸਕੂਲਾਂ ਦੇ ਆਸ਼ੇ ਵਿਰੁੱਧ ਵੱਡੇ ਵੱਡੇ ਪੂਜਾ ਘਰ ਬਣਵਾਕੇ,ਘਰ ਘਰ ਅੰਦਰ ਧਰਮਸਾਲ ਦਾ ਸੰਕਲਪ ਖਤਮ ਕਰ, ਗਿਣਤੀਆਂ ਮਿਣਤੀਆਂ ਵਾਲੇ ਕਈ ਕਿਸਮਾਂ ਦੇ ਪਾਠਾਂ ਦੇ ਫਲਾਂ ਦੀ ਚਾਹਨਾਂ ਭਰ ਦਿੱਤੀ । ਗੁਰਮਤਿ ਨੂੰ ਸਮਝ ਕੇ ਜੀਵਨ ਵਿੱਚ ਅਪਣਾਉਣ ਨਾਲੋਂ ਗੁਰੂ ਉਪਦੇਸ਼ਾਂ ਦੇ ਮੰਤਰ ਨੁਮਾਂ ਰਟਨ ਅਤੇ ਰਸਮੀਂ ਪੂਜਾ ਅਰਚਨਾਂ ਹੀ ਪ੍ਰਮੁੱਖ ਬਣਾ ਦਿੱਤੀ । ਅਣਜਾਣ ਅਤੇ ਸ਼ਰਧਾਲੂ ਸਿੱਖ ਗੁਰ ਗਿਆਨ ਤੋਂ ਸੱਖਣੇ ਰਹਿ ਪਦਾਰਥਕ ਸੁੱਖਾਂ ਦੀਆਂ ਮਨੋਕਲਪਿਤ ਇਛਾਵਾਂ ਦੀ ਪੂਰਤੀ ਲਈ ਕਰਮਕਾਂਢਾਂ ਨਾਲ ਹੀ ਜੁੜਦੇ ਚਲੇ ਗਏ । ਹੌਲੀ ਹੌਲੀ ਸਿੱਖਾਂ ਨੂੰ ਗੁਰੂ ਦੇ ਗਿਆਨ ਤੋਂ ਸੱਖਣੇ ਕਰ ,ਬਿਨਾ ਕੰਮ ਕੀਤਿਆਂ ਹੀ ਧਨ ਪਦਾਰਥਾਂ ਤੇ ਸਦਾ ਲਈ ਆਪਣੇ ਕੋੜਮੇ ਦੀ ਪਕੜ ਲਈ, ਪੁਜਾਰੀਆਂ ਦਾ ਇੱਕ ਅਦਾਰਾ ਹੀ ਸਿਰਜ ਪੁਜਾਰੀ ਤੋਂ ਮਹਾਂਪੁਜਾਰੀ ਬਣ, ਰਾਜਸੀ ਨੇਤਾਵਾਂ ਨਾਲ ਗੱਠ ਜੋੜ ਕਰ, ਸਿੱਖਾਂ ਦੀ ਅਣਕਿਆਸੀ ਕਿਸਮਤ ਦਾ ਮਾਲਕ ਬਣ ਬੈਠਾ ।
ਸਿੱਖਾਂ ਵਿੱਚ ਹਰ ਤਰਾਂ ਦੀ ਬਿਪਰਨ ਕੀ ਰੀਤ ਨੂੰ ਸ਼ੁਰੂ ਕਰਾ, ਉਹਨਾਂ ਦੀ ਪੂਰਤੀ ਲਈ ਹੌਲੀ ਹੌਲੀ ਪੁਜਾਰੀਆਂ ਦੀ ਇੱਕ ਬਹੁਤ ਵੱਡੀ ਫੋਜ ਖੜੀ ਕਰ ਦਿੱਤੀ । ਸਿੱਖ ਕੌਮ ਸ਼ਰਧਾ ਵਸ ਧਰਮ ਦਾ ਪਰਚਾਰ ਸਮਝ ਗੁਰਦਵਾਰੇ ਬਣਾਉਂਦੀ ਗਈ ਅਤੇ ਪੁਜਾਰੀ ਇਹਨਾਂ ਤੇ ਕਾਬਜ ਹੁੰਦੇ ਗਏ । ਅਵੇਸਲੀ ਕੀਤੀ ਸਿੱਖ ਕੌਮ ਆਪਣੇ ਗੁਰਦਵਾਰਿਆਂ ਦਾ ਪਰਬੰਧ ਵੀ ਸੰਗਤੀ ਰੂਪ ਵਿੱਚ ਆਪਣੇ ਹੱਥਾਂ ਨਾਲ ਆਪ ਕਰਨ ਦੀ ਥਾਂ ਭਾੜੇ ਦੇ ਪੁਜਾਰੀਆਂ ਕੋਲੋਂ ਕਰਵਾਉਣ ਵਿੱਚ ਖੁਸ਼ੀ ਮਹਿਸੂਸ ਕਰਦੀ ਗਈ । ਗਿਆਨ ਦਾ ਤੱਤ ਮੁਕਾਅ ਕੇਵਲ ਅੰਨੀ ਸ਼ਰਧਾ ਨਾਲ ਸਿੱਖੀ ਦਾ ਦਾਅਵਾ ਕਰਨ ਵਾਲਾ ਸਿੱਖ ਵਹਿਮਾਂ-ਭਰਮਾਂ ਵਿੱਚ ਫਸ ਕੇ ਸ਼ਬਦ ਦੀ ਵਿਚਾਰ ਨੂੰ ਭੁੱਲ ਕੇਵਲ ਪੂਜਣ ਵਾਲੇ ਆਕਾਰ ਨਾਲ ਹੀ ਜੁੜਦਾ ਗਿਆ । ਸਿੱਖ ਕੌਮ ਵਿੱਚ ਗੁਰ ਗਿਆਨ ਦੁਆਰਾ ਆਉਣ ਵਾਲੀ ਜਾਗਰਤੀ ਨੂੰ ਚਿਰ ਸਥਾਈ ਰੋਕਣ ਲਈ ਹਰ ਰੋਜ ਗੁਰੂ ਦੇ ਗਿਆਨ ਦੀ ਵਿਚਾਰ ਨੂੰ ਨਿੱਤਨੇਮ ਬਣਾਉਣ ਦੀ ਥਾਂ, ਕੇਵਲ ਪੂਜਾ ਕਰਨੀ ਅਤੇ ਭੋਗ ਪਾਉਣੇ ਹੀ ਨਿੱਤਨੇਮ ਬਣਾ ਦਿੱਤੇ ਗਏ । ਕੀਤੇ ਕਰਾਏ ਵੱਖ ਵੱਖ ਤਰਾਂ ਦੇ ਕਰਮਕਾਂਢੀ ਪਾਠਾਂ ਦੇ ਵੱਖ ਵੱਖ ਫਲਾਂ ਦੀਆਂ ਝੂਠੀਆਂ ਊਮੀਦਾਂ ਨਾਲ ਪਰਚ ਰਿਹਾ ਸਿੱਖ ਆਪਣੀ ਅਗਿਆਨਤਾ ਕਾਰਣ ਬੇ-ਵਸ ਬਣਦਾ ਰਿਹਾ।
ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹਿ(ਪੰਨਾ 1377)
ਸਮੇ ਦੇ ਤੁਰਨ ਨਾਲ ਜਿਵੇਂ ਜਿਵੇਂ ਦੁਨੀਆਂ ਗਿਆਨ ਅਤੇ ਸੰਚਾਰ ਦੇ ਨਵੇਂ ਤੋਂ ਨਵੇਂ ਸਾਧਨਾਂ ਨਾਲ ਜੁੜਦੀ ਗਈ ,ਤਿਵੇਂ ਤਿਵੇਂ ਗੁਰੂ ਨਾਨਕ ਸਾਹਿਬ ਦੇ ਬਖਸ਼ੇ ਗਿਆਨ ਨੇ ਦੁਨੀਆਂ ਦੇ ਹਰ ਖੂੰਜੇ ਵਿੱਚ ਬੈਠੇ ਗੁਰਮਤਿ ਦੇ ਜਗਿਆਸੂਆਂ ਦੀਆਂ ਅੱਖਾਂ ਖੋਲਣੀਆਂ ਸ਼ੁਰੂ ਕੀਤੀਆਂ । ਦੁਨੀਆਂ ਨੂੰ ਬਾਬੇ ਨਾਨਕ ਦੇ ਸਰਬੱਤ ਦੇ ਭਲੇ ਵਾਲੇ ਇੱਕ(੧)ਦੇ ਫਲਸਫੇ ਦੀ ਸਮਝ ਪੈਣ ਲੱਗੀ । ਕੁਦਰਤ ਦੇ ਅਟੱਲ ਨਿਯਮਾਂ ਵਿੱਚ ਹੀ ਅਕਾਲ ਪੁਰਖ ਕਰਤੇ ਦੇ ਰੱਬੀ ਹੁਕਮ ਸਮਝ ਆਉਣ ਲੱਗੇ । ਕੁਦਰਤ ਦੇ ਨਿਯਮਾਂ ਵਰੁੱਧ ਜਾਣਾ ਰੱਬੀ ਅਵੱਗਿਆ ਜਾਪਣ ਲੱਗਾ । ਗੁਰਮਤਿ ਵਿਗਿਆਨ ਦੀ ਵਿਰੋਧਤਾ ਕਰਨ ਦੀ ਥਾਂ ,ਵਿਗਿਆਨ ਨੂੰ ਸਰਬੱਤ ਦੇ ਭਲੇ ਦੇ ਸੰਦੇਸ਼ ਦਿੰਦੀ ਸਮਝ ਆਉਣ ਲੱਗੀ । ਗੁਰੂ ਦੇ ਉਪਦੇਸ਼ ਭੋਗ ਪਾਉਣ ਲਈ ਨਹੀਂ, ਸਗੋਂ ਸਮਝ-ਵਿਚਾਰ ਰਾਹੀਂ ਜਿੰਦਗੀ ਸਵਾਰਨ ਦਾ ਫਲਸਫਾ ਜਾਪਣ ਲੱਗੇ । ਦੁਨੀਆਂ ਨੂੰ ਸਮਝ ਆਉਣ ਲੱਗੀ ਕਿ ਰੱਬ ਕਿਸੇ ਖਾਸ ਸਥਾਨ ਤੇ ਦੇਖਣ ਜਾਂ ਕਿਸੇ ਵਿਧੀ ਨਾਲ ਪਰਾਪਤ ਕਰਨ ਦੀ ਚੀਜ ਨਹੀਂ ਸਗੋਂ ਆਪਣੇ ਆਪ ਅਤੇ ਸੰਸਾਰ ਦੇ ਹਰ ਕੋਨੇ ਵਿੱਚ ਹੀ ਲਗਾਤਾਰ ਮਹਿਸੂਸ ਕਰਨ ਦਾ ਗੁਰਪ੍ਰਸਾਦੀ ਸੰਕਲਪ ਹੈ । ਬ੍ਰਾਹਮਣਬਾਦ ਦੇ, ਗੁਰਮਤਿ ਵਿਚਾਰਧਾਰਾ ਦੇ ਸਪੱਸ਼ਟ ਹੋਣ ਤੋਂ ਰੋਕਣ ਲਈ ਮੜ੍ਹੇ ਗਏ ਵੈਦਿਕ ਅਤੇ ਪੁਰਾਣਿਕ ਅਰਥ, ਆਪਣਾ ਝੂਠਾ ਅਸਰ ਗੁਆਉਣ ਲੱਗੇ । ਦੇਖਦੇ ਦੇਖਦੇ ਭੂਤ, ਪਰੇਤ, ਯਮਰਾਜ ,ਧਰਮਰਾਜ, ਚਿਤਰ-ਗੁਪਤ, ਆਵਾਗਵਣ , ਨਰਕ-ਸੁਰਗ, ਬੈਕੁੰਠ ਆਦਿ ਸ਼ਬਦ ਆਪਣੀਆਂ ਪ੍ਰਾਚੀਨ ਪਰਿਭਾਸ਼ਾਵਾਂ ਨਾਲ ਅਲੋਪ ਹੋਣ ਲੱਗੇ । ਦੁਨੀਆਂ ਇਸ ਗੁਰਮਤਿ ਦੇ ਅਦੁੱਤੀ ਗਿਆਨ ਨੂੰ ਹਰ ਸਮੇ,ਹਰ ਜਗਹ ਅਤੇ ਹਰ ਖੇਤਰ ਦੀ ਹਰ ਤਰਾਂ ਅਗਵਾਈ ਕਰਨ ਦੇ ਸੰਪੂਰਨ ਸਮਰੱਥ ਸਮਝਣ ਲੱਗੀ । ਸਾਹਿਬ ਮੇਰਾ ਨੀਤ ਨਵਾਂ ਦੇ ਅਰਥ ਉਜਾਗਰ ਹੋਣ ਲੱਗੇ । ਸਿੱਖ ਸਾਰੀ ਦੁਨੀਆਂ ਵਿੱਚ ਫੈਲ ਕਿਰਤ ਦੀ ਦੁਨੀਆਂ ਵਿੱਚ ਝੰਡੇ ਗੱਡਣ ਲੱਗੇ । ਪੂਰੀ ਦੁਨੀਆਂ ਵਿੱਚ ਜਾਗਰੂਕ ਹੋ ਰਹੇ ਸਿੱਖਾਂ ਅੱਗੇ, ਬਣ ਚੁੱਕੀ ਸਥਿੱਤੀ ਨੂੰ ਸਮਝ, ਇਹ ਸਵਾਲ ਆਉਣ ਲੱਗੇ ਕਿ ਇਸ ਮਨੁੱਖਤਾ ਦਾ ਖੂਨ ਪੀਣੇ ਪੁਜਾਰੀਬਾਦ ਨੁਮਾ ਬ੍ਰਾਹਮਣਬਾਦ ਨਾਮੀ ਅਜਗਰ ਤੋਂ ਕਿਰਤੀ ਸਿੱਖਾਂ ਨੂੰ ਕਿਵੇਂ ਛੁਟਕਾਰਾ ਦਿਵਾਇਆ ਜਾ ਸਕਦਾ ਹੈ ?
ਦੇਖੋ ਭਾਈ ਗ੍ਹਿਆਨਕੀ ਆਈ ਆਂਧੀ
ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨਾ ਮਾਇਆ ਬਾਂਧੀ(ਪੰਨਾ 331)
ਭਾਵੇਂ ਦੁਨੀਆਂ ਜਾਣ ਗਈ ਹੈ ਕਿ ਇਹ ਅਜਗਰ, ਲੋਕਾਂ ਦੇ ਜਾਗਣ ਦਾ ਖਤਰਾ ਭਾਂਪ ਰਾਜਸੀ ਲੋਕਾਂ ਕੋਲ ਕਿਵੇਂ ਜਾ ਸ਼ਰਣ ਲੈਂਦਾ ਹੈ, ਜੋ ਇਸ ਰਾਹੀਂ ਡੰਗੀ ਦੁਨੀਆਂ ਨੂੰ ਅਸਾਨੀ ਨਾਲ ਕਾਬੂ ਕਰ, ਫ਼ਤਵਿਆਂ ਦੀ ਘੁੰਮਣਘੇਰੀ ਵਿੱਚ ਫਸਾ, ਅਕਸਰ ਹੀ ਆਪਣਾ ਉੱਲੂ ਸਿੱਧਾ ਕਰਨ ਲਈ ਬ੍ਰਾਹਮਣੀ ਚੱਕਰਵਿਊ ਬਣਾ ਜਾ ਘੇਰਦੇ ਹਨ, ਪਰ ਬਾਬੇ ਨਾਨਕ ਦੇ ਗਿਆਨ ਦੀ ਹਨੇਰੀ ਵਿੱਚ ਇਨਾਂ ਬਲ ਹੈ ਕਿ, ਦੇਰ ਸਵੇਰ ਜਦੋਂ ਇਹ ਹਨੇਰੀ ਵੱਡਾ ਤੁਫਾਨ ਬਣ ਗਈ, ਤਾਂ ਬੇਗਮਪੁਰੇ ਦੇ ਰਸਤੇ ਦੀ ਹਰ ਰੋਕ ਨੂੰ ਹੀ ਆਪਣੇ ਨਾਲ ਉਡਾ ਸਕਣ ਸਮਰੱਥ ਰਫਤਾਰ ਦੀ ਹੀ ਤਵੱਕੋਂ ਕਰਨੀ ਜਾਇਜ ਹੋਵੇਗੀ ।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
gsbarsal@gmail.com408-209-7072
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।
Tuesday, January 31, 2012
Friday, January 27, 2012
ਪਰਚਾਰ ਦੌਰਾ
ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਪੰਜਾਬ ਵਿਖੇ ਕੁੱਝ ਪਿੰਡਾਂ ਅਤੇ ਸ਼ਹਿਰਾਂ ਵਿੱਚ ਗੁਰਮਤਿ ਦੇ ਸਿਧਾਂਤਕ ਪ੍ਰਚਾਰ ਦੀ ਵਿਥਿਆ
ਸਭ ਤੋਂ ਪਹਿਲਾਂ ਅਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤ ਮਸਤਕ ਹੋਏ ਅਤੇ ਪ੍ਰਕਰਮਾਂ ਵਿਖੇ ਜੋ ਸ਼ਰਧਾਲੂ ਬੇਰੀਆਂ ਨੂੰ ਮੱਥੇ ਟੇਕ ਰਹੇ ਸਨ, ਨੂੰ ਹਰਸਿਮਰਤ ਕੌਰ ਖਾਲਸਾ ਨੇ “ਪੂਜਾ ਅਕਾਲ ਕੀ” ਦਾ ਸਿਧਾਂਤ ਦਰਸਾਉਂਦਿਆਂ ਕਿਹਾ ਕਿ ਮਨੁੱਖਤਾ ਦੇ ਕੇਂਦਰੀ ਅਸਥਾਂਨ ਵਿਖੇ ਪ੍ਰਬੰਧਕ ਇਤਨੇ ਨਿਕੰਮੇ ਹਨ ਕਿ ਸ੍ਰਧਾਲੂਆਂ ਨੂੰ ਗੁਰਮਤਿ ਬਾਰੇ ਗਾਈਡ ਨਹੀਂ ਕਰ ਰਹੇ ਸਗੋਂ ਸੂਚਨਾਂ ਦਫਤਰ ਵਿਖੇ ਵੀ ਅਣਹੋਣੀਆਂ ਕਰਾਮਾਤਾਂ ਦੀ ਸਿਖਿਆ ਦਿੱਤੀ ਜਾ ਰਹੀ ਹੈ। ਫਿਰ ਼ਲਿਖਾਰੀ ਅਤੇ ਪ੍ਰਚਾਰਕ, ਬੀਬੀ ਰਾਜਵਿੰਦਰ ਕੌਰ ਦੇ ਸੱਦੇ ਤੇ ਛਿਹਰਟਾ ਸਾਹਿਬ ਪਹੁੰਚੇ ਸਥਾਨਕ ਗੁਰਦੁਆਰੇ ਵਿੱਚ ਕਥਾ ਕੀਤੀ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਅਸਥਾਂਨ ਛਿਹਰਟਾ ਵਿਖੇ ਜਿੱਥੇ ਗੁਰੂ ਜੀ ਨੇ ਪਾਣੀ ਦੀ ਘਾਟ ਨੂੰ ਮੁੱਖ ਰੱਖ ਕੇ ਛੇ ਹਰਟਾ ਖੂਹ ਲਵਾਇਆ ਸੀ। ਇਹ ਗੁਰਦੁਆਰਾ ਹੁਣ ਸ੍ਰੋਮਣੀ ਕਮੇਟੀ ਪ੍ਰਬੰਧ ਹੇਠ ਹੈ ਵਿਖੇ ਕੀ ਦੇਖਿਆ ਓਥੇ ਬੋਰਡਾਂ ਤੇ ਲਿਖ ਕੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜੋ ਮਾਈ ਇੱਥੇ ਐਨੀਆਂ ਮਸਿਆ ਨਾਵੇਗੀ ਪੁਤਰਾਂ ਦੀਆਂ ਦਾਤਾਂ ਪਾਵੇਗੀ ਜੋ ਇਤਿਹਾਸ ਨਾਲ ਬੇ ਇਨਸਾਫੀ ਹੈ।
ਜ਼ਲੰਧਰ ਦੇ ਕਾਕੀ ਪਿੰਡ ਅਤੇ ਬਿੰਦਰਖ ਵਿਖੇ ਕ੍ਰਮਵਾਰ 5 ਅਤੇ 9 ਦਸੰਬਰ ਨੂੰ ਹਰਸਿਮਰਤ ਕੌਰ ਖਾਲਸਾ ਨੇ ਦੋ ਅਨੰਦ ਕਾਰਜ ਕਰਵਾ ਕੇ ਬੀਬੀਆਂ ਨੂੰ ਹਲੂਣਾਂ ਦਿੱਤਾ ਕਿ ਤੁਸੀਂ ਵੀ ਧਰਮ ਕਰਮ ਵਿੱਚ ਬਰਾਬਰ ਸੇਵਾ ਕਰ ਸਕਦੀਆਂ ਹੋ। ਪ੍ਰਸਿੱਧ ਗਵੱਈਏ ਬਿੰਦਰੱਖੀਏ ਦੇ ਇਤਿਹਾਸਕ ਪਿੰਡ, ਜਿੱਥੇ ਦਸਮੇਸ਼ ਜੀ ਨੇ ਚਰਨ ਪਾਏ ਅਤੇ ਓਥੋਂ ਦੇ ਸਾਧ ਨੂੰ ਧਰਮ ਕਰਮ ਦੀ ਸਿਖਿਆ ਦਿੱਤੀ। ਓਥੇ ਹੁਣ ਆਲੀਸ਼ਾਨ ਗੁਰਦੁਆਰਾ ਹੈ ਅਤੇ ਹਰ ਐਤਵਾਰ ਨੂੰ ਭਾਰੀ ਦਿਵਾਨ ਲਗਦੇ ਹਨ। ਪ੍ਰਬੰਧਕਾਂ ਦੇ ਸੱਦੇ ਤੇ ਸਾਨੂੰ ਪੂਰੇ ਦਾ ਪੂਰਾ ਦਿਵਾਨ ਪ੍ਰਚਾਰ ਲਈ ਦੇ ਦਿੱਤਾ ਪਰ ਇੱਥੇ ਵੀ ਥਾਂ ਥਾਂ ਤੇ ਮੱਟੀਆਂ, ਸਮਾਧਾਂ ਅਤੇ ਰੁੱਖਾਂ ਨੂੰ ਮੱਥੇ ਟੇਕੇ ਅਤੇ ਇੱਕੇ ਥਾ ਤੇ ਕਈ ਕਈ ਅਖੰਡ ਪਾਠ ਰੱਖੇ ਜਾਂਦੇ ਹਨ। ਪ੍ਰਚਾਰਕ ਮਾਇਆ ਦੀ ਖਾਤਰ ਮਨਘੜਤ ਅਤੇ ਮਿਥਿਹਾਸਕ ਕਹਾਣੀਆਂ ਸੁਣਾ ਕੇ ਅਗਿਆਨੀ ਲੋਕਾਂ ਦੀ ਸ਼ਰਧਾ ਦਾ ਨਾਜਾਇਜ ਫਾਇਦਾ ਉਠਾਂਦੇ ਹਨ। ਅਸਾਂ ਕੀਰਤਨ ਕਥਾ ਕਰਦੇ ਗੁਰਮਤਿ ਅਨੁਸਾਰ ਇੰਨ੍ਹਾਂ ਸਾਰੀਆਂ ਮਨਮੱਤਾਂ ਦੀ ਖੋਲ੍ਹ ਕੇ ਵਿਆਖਿਆ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪ ਪੜ੍ਹ, ਵਿਚਾਰ ਅਤੇ ਧਾਰ ਕੇ ਅਮਲੀ ਜੀਵਨ ਜੀਨ ਦਾ ਉਪਦੇਸ਼ ਦਿੱਤਾ, ਪ੍ਰਬੰਧਕ ਅਤੇ ਸੰਗਤਾਂ ਇਤਨੀਆਂ ਪ੍ਰਭਾਵਤ ਹੋਈਆਂ ਕਿ ਅੱਗੇ ਤੋਂ ਇੱਕ ਮਹੀਨਾ ਲਗਾਤਾਰ ਪ੍ਰਚਾਰ ਕਰਨ ਲਈ ਬੇਨਤੀ ਕੀਤੀ।
ਅਗਲੇ ਦਿਨ ਭਾਈ ਬਲਵਿੰਦਰ ਸਿੰਘ ਰਾਗੀ ਜੋ ਗੁਰਦੁਆਰਾ ਸਿੰਘ ਸਭਾ ਬਾਬਾ ਬੁੱਢਾ ਜੀ ਦੇ ਪ੍ਰਧਾਨ ਵੀ ਹਨ, ਦੇ ਵਿਸ਼ੇਸ਼ ਸੱਦੇ ਤੇ ਉਨ੍ਹਾਂ ਦੇ ਪੋਤਰੇ ਦੇ ਜਨਮ ਦਿਨ ਤੇ ਕਥਾ ਪ੍ਰਚਾਰ ਕੀਤਾ, ਜਿਸ ਤੋਂ ਪ੍ਰਭਾਵਤ ਹੋ ਕੇ ਰਾਮਾਮੰਡੀ-ਜਲੰਧਰ ਦੇ ਅਖੰਡ ਕੀਰਤਨੀ ਜਥੇ ਅਤੇ ਗੁਰਦੁਆਰੇ ਦੇ ਪ੍ਰਧਾਨ, ਭਾਈ ਵਰਿੰਦਰ ਸਿੰਘ ਜੀ ਨੇ ਸਥਾਨਕ ਗੁਰਦੁਆਰੇ ਵਿਖੇ ਕਥਾ ਕੀਰਤਨ ਕਰਨ ਦਾ ਸੱਦਾ ਦੇ ਦਿੱਤਾ। ਜਦ ਅਸੀਂ ਗੁਰਬਾਣੀ ਕੀਰਤਨ ਕਥਾ ਰਾਹੀਂ ਗੁਰਮਤਿ ਦਾ ਨਿਰੋਲ ਪ੍ਰਚਾਰ ਕੀਤਾ ਅਤੇ ਹਰਸਿਮਰਤ ਕੌਰ ਨੇ ਬੀਬੀਆਂ ਦੇ ਬਾਰਬਰ ਦੇ ਹੱਕਾਂ ਦੀ ਗੱਲ ਕੀਤੀ ਤਾਂ ਸੰਗਤ ਨੇ ਜੈਕਾਰੇ ਬੁਲਾ ਕੇ ਹਾਮੀ ਭਰੀ ਅਤੇ ਸਟੇਜ ਸੈਕਟਰੀ ਨੇ ਸਿਰੋਪੇ ਨਾਲ ਸਾਡਾ ਸਨਮਾਨ ਕਰਦੇ ਹੋਏ ਜਿੱਥੇ ਦੁਬਾਰਾ ਆਉਣ ਲਈ ਕਿਹਾ ਓਥੇ ਬੀਬੀਆਂ ਦੇ ਹੱਕਾਂ ਦੀ ਪ੍ਰੋੜਤਾ ਵੀ ਕੀਤੀ। ਇਸ ਨਾਲ ਇਹ ਸ਼ੰਕਾ ਵੀ ਦੂਰ ਹੋ ਗਿਆ ਕਿ ਅਖੰਡ ਕੀਰਤਨੀ ਜਥੇ ਵਾਲੇ ਦਿਵਾਨ ਵਿੱਚ ਕਥਾ ਨਹੀਂ ਪਸੰਦ ਕਰਦੇ।
ਇਸ ਤੋਂ ਬਾਅਦ ਅਸੀਂ ਪ੍ਰਿੰ. ਗੁਰਬਚਨ ਸਿੰਘ ਥਾਈਲੈਂਡ ਨਾਲ ਕੀਤੇ ਵਾਅਦੇ ਅਨੁਸਾਰ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਿਖੇ ਪਹੁੰਚ ਗਏ, ਜਿੱਥੇ ਅਸੀਂ ਗੁਰਮਤਿ ਪ੍ਰਚਾਰ ਸਿਖਲਾਈ ਦਾ ਅਨੰਦ ਮਾਣਿਆਂ ਓਥੇ ਵੱਖ-2 ਗੁਰੂ ਘਰਾਂ ਵਿਖੇ ਕੀਰਤਨ ਪ੍ਰਚਾਰ ਵੀ ਕੀਤਾ ਅਤੇ ਕਾਲਜ ਦੇ ਹਫਤਵਾਰੀ ਵਿਸ਼ੇਸ਼ ਪ੍ਰੋਗਰਾਮ ਜੋ ਵੀਰ ਇੰਦਰਜੀਤ ਸਿੰਘ ਰਾਣਾ ਚੇਅਰਮੈਨ ਦੇ ਉਦਮ ਸਦਕਾ ਘਰੋ ਘਰ ਚਲਾਏ ਜਾ ਰਹੇ ਹਨ ਵਿਖੇ ਵੀ ਹਾਜਰੀ ਭਰੀ ਅਤੇ ਕਾਲਜ ਵੱਲੋਂ ਸਾਨੂੰ ਸਨਮਾਨਤ ਕੀਤਾ ਗਿਆ। ਇੱਥੇ ਰਹਿੰਦਿਆਂ ਹੀ ਦਾਸ ਨੇ ਪਾਠਕਾਂ ਦੀ ਮੰਗ ਤੇ ਉਹ ਲੇਖ ਜੋ ਗੁਰਮਤਿ ਦੀ ਰੌਸ਼ਨੀ ਵਿੱਚ ਵਹਿਮਾਂ-ਭਰਮਾਂ ਅਤੇ ਕਰਮਕਾਂਡਾਂ ਦੇ ਬਖੀਏ ਉਧੇੜਦੇ ਹੋਏ, ਸੁਕਰਮ ਕਰਨ ਅਤੇ ਗੁਰਬਾਣੀ ਵਿਚਾਰ ਕੇ ਜੀਵਨ ਵਿੱਚ ਧਾਰਨ ਦਾ ਉਪਦੇਸ਼ ਦਿੰਦੇ ਹਨ, ਨੂੰ ਕਿਤਾਬੀ ਰੂਪ ਦਿੱਤਾ। ਜੋ ਹੁਣ “ਕਰਮ ਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਦੇ ਟਾਈਟਲ ਥੱਲੇ ਛਪ ਚੁੱਕੇ ਹਨ। ਆਪ ਜੀ ਦਾਸ ਨਾਲ ਇਨ੍ਹਾਂ ਨੰਬਰਾਂ 510-432-5827 (ਅਮਰੀਕਾ) 750-820-7341 (ਭਾਰਤ) ਤੇ ਸੰਪ੍ਰਕ ਕਰਕੇ, ਪ੍ਰਾਪਤ ਕਰ ਸਕਦੇ ਹੋ।
ਫਿਰ ਕਾਲਜ ਦੇ ਮੋਡੀ ਮਿਸ਼ਨਰੀਆਂ ਚੋ ਸ੍ਰ. ਨਰਿੰਦਰਪਾਲ ਸਿੰਘ ਮਿਸ਼ਨਰੀ ਜੋ ਦਾਸ ਨੂੰ 20 ਸਾਲ ਬਾਅਦ ਮਿਲੇ, ਜਿੱਥੇ ਇਨ੍ਹਾਂ ਨੇ ਪੁਸਤਕ ਛਪਾਉਣ ਵਿੱਚ ਬਹੁਤ ਮਦਦ ਕੀਤੀ ਓਥੇ ਵੱਖ-2 ਥਾਵਾਂ ਤੇ ਸਾਡੇ ਧਾਰਮਿਕ ਪ੍ਰੋਗ੍ਰਾਮ ਵੀ ਬੁੱਕ ਕੀਤੇ, ਉਨ੍ਹਾਂ ਚੋਂ ਹੀ ਗੁਰਦੁਆਰਾ ਸਿੰਘ ਸਭਾ ਅਰਬਨ ਸਟੇਟ-1 ਜਲੰਧਰ ਜਿੱਥੇ ਦਾਸ ਦੇ ਕਲਾਸ ਫੈਲੋ, ਭਾ. ਇਕਬਾਲ ਸਿੰਘ ਮਿਸ਼ਨਰੀ ਮੁੱਖ ਗ੍ਰੰਥੀ ਕਥਾਵਾਚਕ ਦੀ ਸੇਵਾ ਕਰ ਰਹੇ ਹਨ ਅਤੇ ਸ੍ਰ. ਨਰਿੰਦਰਪਾਲ ਸਿੰਘ ਦੇ ਵੱਡੇ ਭਰਾਤਾ ਇੱਥੇ ਕਮੇਟੀ ਮੈਂਬਰ ਵੀ ਹਨ, ਵਿਖੇ ਵੀ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਸਾਨੂੰ ਧਰਮ ਪ੍ਰਚਾਰ ਦਾ ਮੌਕਾ ਦਿੱਤਾ। ਇੱਥੇ ਵੀ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਭਰੀ ਸੰਗਤ ਵਿੱਚ ਹੁਕਮਨਾਮਾਂ ਲਿਆ ਜੋ ਇਸ ਗੁਰਦੁਆਰੇ ਵਿਖੇ ਕਿਸੇ ਬੀਬੀ ਦਾ ਪਹਿਲਾ ਮੌਕਾ ਸੀ।
ਡਾ. ਗੁਰਮੀਤ ਸਿੰਘ ਬਰਸਾਲ ਜੋ ਸਾਡੀ ਧਰਮ ਪ੍ਰਚਾਰ ਟੀਮ ਦੇ ਸਿਰ ਕੱਢਵੇਂ ਮੈਂਬਰ ਹਨ ਅਤੇ ਅਮਰੀਕਾ ਵਿਖੇ ਸਾਡੇ ਬਹੁਤ ਨੇੜੇ ਰਹਿੰਦੇ ਹਨ, ਜੋ ਉਸ ਵੇਲੇ ਪੰਜਾਬ ਵਿਖੇ ਸਨ, ਨੇ ਆਪਣੇ ਪਿੰਡ ਬਰਸਾਲ ਵਿਖੇ ਗੁਰਮਤਿ ਦੀ ਰੈਗੂਲਰ ਕਲਾਸ ਦਾ ਉਦਘਾਟਨ ਕਰਨ ਵਾਸਤੇ ਸਾਨੂੰ ਵਿਸ਼ੇਸ਼ ਤੌਰ ਤੇ ਮਾਨ ਨਾਲ ਬੁਲਾਇਆ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਸੁਭਾ ਤੇ ਸ਼ਾਮ ਕੀਰਤਨ ਕਥਾ ਦਾ ਖੁੱਲ੍ਹਾ ਸਮਾਂ ਦਿੱਤਾ। ਅਸੀਂ ਗੁਰਮਤਿ ਸਿਖਲਾਈ ਦੀ ਮਹਾਂਨਤਾ ਤੇ ਵਖਿਆਣ ਕਰਦੇ ਹੋਏ ਕਿਹਾ ਕਿ ਜਿੱਥੇ ਸਿੱਖ ਜਗਤ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਿਹਾ ਹੈ ਓਥੇ ਅਜੋਕੇ ਭੇਖੀ ਬਾਬੇ ਸਾਡੇ ਵਡੇਰੇ ਬਾਬਿਆਂ ਦੀਆਂ ਕੁਰਬਾਨੀਆਂ ਅਤੇ ਲਾਸਾਨੀ ਯਾਦਗਾਰਾਂ ਨੂੰ ਢਾਹ ਕੇ ਮਲੀਆਮੇਟ ਕਰੀ ਜਾ ਰਹੇ ਹਨ। ਇੱਥੇ ਵੀ ਗੋਰੀ ਤੋਂ ਸਿੰਘ ਸਜੀ ਬੀਬੀ ਹਰਸਿਮਰਤ ਕੌਰ ਵਿਸ਼ੇਸ਼ ਖਿਚ ਦਾ ਕਾਰਣ ਬਣੀ, ਲੋਕ ਠੰਡ ਵਿੱਚ ਵੀ ਭਾਰੀ ਗਿਣਤੀ ਵਿੱਚ ਪਹੁੰਚੇ। ਦਿਵਾਨ ਤੋਂ ਬਾਅਦ ਬਰਸਾਲ ਅਤੇ ਆਲੇ ਦੁਆਲੇ ਦੇ ਕੁੱਝ ਪਿੰਡਾਂ ਦੇ ਸੱਜਨਾਂ ਨੇ ਵਿਚਾਰ ਵਿਟਾਂਦਰਾ ਕਰਕੇ, ਇਸੇ ਹੀ ਪਿੰਡ ਦੇ ਪੜ੍ਹੇ-ਲਿਖੇ ਨੌ ਜਵਾਨ ਭਾਈ ਮਨਦੀਪ ਸਿੰਘ ਨੂੰ ਗੁਰਮਤਿ ਕਲਾਸਾਂ ਦਾ ਮੁਖ ਅਧਿਆਪਕ ਅਤੇ ਪ੍ਰਚਾਰਕ ਥਾਪਿਆ, ਇਹ ਸਾਰਾ ਉਪਰਾਲਾ ਡਾ. ਗੁਰਮੀਤ ਸਿੰਘ ਬਰਸਾਲ ਅਤੇ ਇੱਥੋਂ ਦੇ ਗੁਰਦੁਆਰਾ ਪ੍ਰਧਾਨ ਸ੍ਰ. ਗੁਰਮੀਤ ਸਿੰਘ ਦਾ ਸੀ, ਜਿਸ ਨੂੰ ਸੰਗਤ ਨੇ ਭਰਵਾਂ ਹੁੰਗਾਰਾ ਦਿੱਤਾ। ਇਸੇ ਦੌਰਾਨ ਡਾ. ਸਾਹਿਬ ਸਾਨੂੰ ਮਹਿਤੇਆਣੇ ਅਸਥਾਨ ਦੇ ਸਚਿੱਤਰ ਦਿਖਾਉਣ ਲਈ ਲੈ ਗਏ, ਜਿੱਥੇ ਸ਼ਹੀਦ ਸਿੰਘ ਸਿੰਘਣੀਆਂ ਦੀਆਂ ਤਸਵੀਰਾਂ ਯਾਤਰੂਆਂ ਲਈ ਖਿਚ ਦਾ ਕਾਰਨ ਹਨ ਪਰ ਜਦ ਹਰਸਿਮਰਤ ਕੌਰ ਖਾਲਸਾ ਸਮੇਤ ਅਸੀਂ ਗੁਰਦੁਆਰੇ ਅੰਦਰ ਮੱਥਾ ਟੇਕਿਆ, ਤਾਂ ਕੀ ਦੇਖਿਆ ਕਿ ਇੱਕੋ ਥਾਂ ਤੇ ਕਈ ਪਾਠ ਰੱਖੇ ਹਨ ਅਤੇ ਪਾਠੀ ਮੂੰਹ ਸਿਰ ਵਲੇਟ ਕੇ ਚੁਪੀਤਾ ਪਾਠ ਕਰ ਰਹੇ ਹਨ। ਹਰਸਿਮਰਤ ਕੌਰ ਨੇ ਜਦ ਬਾਹਰ ਬੈਠੇ ਸੱਜਨ ਜੋ ਰਸੀਦਾਂ ਕੱਟ ਰਹੇ ਸਨ, ਨੂੰ ਕੁੱਝ ਪਲ ਅੰਦਰ ਰੱਖੇ ਪਾਠਾਂ ਵਿੱਚ ਹਿੱਸਾ ਲੈਣ ਦੀ ਬੇਨਤੀ ਕੀਤੀ, ਤਾਂ ਓਨ੍ਹਾਂ ਕਿਹਾ ਬੀਬੀਆਂ ਇੱਥੇ ਪਾਠ ਨਹੀਂ ਕਰ ਸਕਦੀਆਂ, ਤਾਂ ਹਰਸਿਮਰਤ ਕੌਰ ਨੇ ਬੜੇ ਵਿਅੰਗ ਨਾਲ ਕਿਹਾ ਕਿ ਜੇ ਅੰਦਰ ਬੁਰਕਾਧਾਰੀ ਪਾਠ ਕਰ ਸਕਦੇ ਹਨ, ਜੋ ਬੋਲਦੇ ਵੀ ਨਹੀਂ, ਤਾਂ ਮੈਂ ਕਿਉਂ ਨਹੀਂ ਕਰ ਸਕਦੀ? ਤਾਂ ਉਹ ਸੱਜਨ ਨਿਰੁੱਤਰ ਜਿਹੇ ਹੋ ਕੇ ਚੁਪ ਕਰ ਗਏ।
ਇਸ ਤੋਂ ਬਾਅਦ ਅਸੀਂ ਸਾਹਿਬਜਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਗਏ, ਜਿਥੋਂ ਦਾਸ ਨੇ ਗੁਰਮਤਿ ਸਿਖਿਆ ਪ੍ਰਾਪਤ ਕੀਤੀ ਹੈ, ਕਾਲਜ ਵਿਖੇ ਉਸ ਸਮੇਂ ਪ੍ਰੋਫੇਸਰ ਮਨਿੰਦਰਪਾਲ ਸਿੰਘ ਅਤੇ ਸਾਥੀ ਅਧਿਆਪਕ ਹਾਜਰ ਸਨ ਜੋ ਸਾਨੂੰ ਕਲਾਸ ਵਿੱਚ ਲੈ ਗਏ। ਜਿਥੇ ਅਸੀਂ ਨਵੇਂ ਵਿਦਿਆਰਥੀਆਂ ਨੂੰ ਆਪਣੇ ਬਾਰੇ ਦੱਸਿਆ ਉਥੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿਤੇ। ਇਥੇ ਅਸੀਂ ਬੜੇ ਮਾਣ ਨਾਲ ਦਾਸ ਵਲੋਂ ਲਿਖੀ ਪੁਸਤਕ “ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਕਾਲਜ ਨੂੰ ਸੌਂਪਦੇ ਹੋਏ ਬੜਾ ਮਾਨ ਮਹਿਸੂਸ ਕੀਤਾ।
ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਪ੍ਰਸਿੱਧ ਲੇਖਕ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਜੋ ਸਾਡੇ ਪਰਮ ਮਿੱਤਰ ਹਨ, ਦੇ ਵਿਸ਼ੇਸ਼ ਸੱਦੇ ਤੇ ਭਾ. ਹਰਜੀਤ ਸਿੰਘ ਅਤੇ ਸ੍ਰ. ਦਿਦਾਰ ਸਿੰਘ ਸ਼ੇਤਰਾ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਨਵਾਂ ਸ਼ਹਿਰ ਵਿਖੇ, ਸੰਗਤਾਂ ਦੇ ਦਰਸ਼ਨ ਕਰਦੇ, ਕਥਾ ਵਖਿਆਨ ਕੀਤੇ। ਇੱਥੇ ਜਦ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਦਰਬਾਰ ਸਾਹਿਬ (ਅਮ੍ਰਿਤਸਰ) ਵਿਖੇ ਬੀਬੀਆਂ ਨੂੰ ਕੀਰਤਨ ਨਾਂ ਕਰਨ ਦੀ, ਆਪਣੀ ਵਿਥਿਆ ਸੁਣਾਈ ਅਤੇ ਨਿਰੋਲ ਗੁਰਬਾਣੀ ਦਾ ਕੀਰਤਨ ਕੀਤਾ, ਤਾਂ ਬੀਬੀਆਂ ਨੇ ਜੋਸ਼ ਵਿੱਚ ਆ ਕੇ ਜੈਕਾਰੇ ਛੱਡੇ ਅਤੇ ਪ੍ਰਸਿਧ ਕਥਾਵਾਚਕ ਭਾ. ਅਮਰੀਕ ਸਿੰਘ ਚੰਡੀਗੜ੍ਹ ਦੀ ਕਥਾ ਤੋਂ ਬਾਅਦ ਦੁਬਾਰਾ ਫਿਰ ਸਾਨੂੰ ਸਟੇਜ ਤੇ ਪ੍ਰਚਾਰ ਕਰਨ ਦਾ ਸਮਾਂ ਦਿੱਤਾ ਗਿਆ। ਪ੍ਰਬੰਧਕਾਂ ਨੇ ਇੱਕ ਹਫਤਾ ਹੋਰ ਪ੍ਰਚਾਰ ਕਰਨ ਲਈ ਕਿਹਾ ਪਰ ਸਾਡੇ ਕੋਲ ਹੋਰ ਸਮਾਂ ਨਹੀਂ ਸੀ। ਪ੍ਰਬੰਧਕਾਂ ਨੇ ਜਿੱਥੇ ਸਾਡਾ ਵਿਸ਼ੇਸ਼ ਸਨਮਾਨ ਕੀਤਾ ਓਥੇ ਦਾਸ ਵੱਲੋਂ ਲਿਖੀ ਪੁਸਤਕ “ਕਰਮਕਾਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਵੀ ਅਜੀਤ ਅਖਬਾਰ ਦੇ ਪ੍ਰਸਿੱਧ ਪੱਤ੍ਰਕਾਰ ਸ੍ਰ. ਦਿਦਾਰ ਸਿੰਘ ਸ਼ੇਤਰਾ ਦੇ ਸਹਿਯੋਗ ਨਾਲ ਰੀਲੀਜ ਕੀਤੀ ਅਤੇ ਸ੍ਰ. ਸ਼ੇਤਰਾਂ ਨੇ ਸਾਡਾ ਇੰਟ੍ਰਵਿਊ ਵੀ ਬੜੀ ਉਤਸੁਕਤਾ ਨਾਲ ਲਿਆ।
ਇਸ ਤੋਂ ਬਾਅਦ ਨਵਾਂ ਸਾਲ, ਗੁਰਦੁਆਰਾ ਸਿੰਘ ਸਭਾ ਬਾਬਾ ਬੁੱਢਾ ਸਾਹਿਬ ਵਿਖੇ ਸੁਖਮਨੀ ਸਾਹਿਬ ਸੋਸਾਇਟੀ ਦੇ ਸ੍ਰ. ਸੁਰਿੰਦਰ ਸਿੰਘ ਭਾਟੀਆ ਦੇ ਸਹਿਯੋਗ ਨਾਲ ਕੀਰਤਨ ਵਿਆਖਿਆ ਕਰਦੇ, ਸੰਤ, ਸਾਧ ਅਤੇ ਬ੍ਰਹਮ ਗਿਆਨੀ ਦੇ ਸੰਕਲਪ ਨੂੰ ਕਲੀਅਰ ਕਰਕੇ ਸੁਖਮਨੀ ਦੇ ਪਾਠ ਨਾਲ, ਇੱਕ ਅਸਟਪਦੀ ਦੇ ਅਰਥ ਵਿਚਾਰਣ ਦੀ ਸਿਖਿਆ ਵੀ ਦਿੱਤੀ ਅਤੇ ਹਰਸਿਮਰਤ ਕੌਰ ਨੇ ਹੁਕਮਨਾਮਾ ਵੀ ਲਿਆ, ਜੋ ਸੰਗਤ ਦੀ ਖਿਚ ਦਾ ਕਾਰਣ ਵੀ ਬਣਿਆਂ। ਸਵੇਰੇ ਪਹਿਲੀ ਤਰੀਖ ਨੂੰ ਸ੍ਰ. ਮੋਹਨ ਸਿੰਘ ਦੇ ਨੌਕਰੀ ਤੋ ਰੀਟਾਇਰ ਹੋਣ ਦੀ ਖੁਸ਼ੀ ਵਿੱਚ, ਰੱਖੇ ਪਾਠ ਦੇ ਭੋਗ ਉੱਤੇ, ਸੰਗਤ ਦੀ ਮਹਿਮਾਂ ਤੇ ਵਖਿਆਨ ਕਰਦੇ, ਆਪਣੇ ਲੇਖ ਜੋ ਵੱਖ ਵੱਖ ਅਖਬਾਰਾਂ ਵਿੱਚ ਛਪ ਚੁੱਕੇ ਹਨ, ਦੀ ਛਪੀ ਪੁਸਤਕ ਬਾਰੇ ਵੀ ਦੱਸਿਆ ਤਾਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਪੁਸਤਕ ਦੀ ਮੰਗ ਕੀਤੀ।
ਇਸ ਤਰ੍ਹਾਂ ਪੰਜਾਬ ਦਾ ਪ੍ਰਚਾਰਕ ਦੌਰਾ ਪੂਰਾ ਕਰਕੇ, ਅਸੀਂ ਫਰੀਦਾਬਾਦ ਦੀਆਂ ਸਿਖ ਸੰਗਤਾਂ ਦੇ ਪ੍ਰੇਮ ਸਦਕਾ ਓਥੇ ਪਹੁੰਚ ਗਏ ਹਾਂ ਅਤੇ ਕਥਾ ਕੀਰਤਨ ਵਖਿਆਨਾਂ ਵਿੱਚ ਹਾਜਰੀਆਂ ਭਰਾਂਗੇ, ਜਿਸ ਦਾ ਵੇਰਵਾ ਅਗਲੀ ਰਿਪੋਰਟ ਵਿੱਚ ਦਿਤਾ ਜਾਵੇਗਾ।
ਕਿਤਾਬ ਰਲੀਜ
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਭਾ. ਅਵਤਾਰ ਸਿੰਘ ਮਿਸ਼ਨਰੀ ਦੀ ਪਲੇਠੀ ਪੁਸਤਕ “ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ੪ ਜਨਵਰੀ ੨੦੧੨ ਨੂੰ ਰੀਲੀਜ ਕੀਤੀ ਗਈ
(ਅਵਤਾਰ ਸਿੰਘ ਮਿਸ਼ਨਰੀ) ਦਾਸ ਨੇ ਮਿਸ਼ਨਰੀ ਕਾਲਜਾਂ ਤੋਂ ਗੁਰਮਤਿ ਦੀ ਵਿਦਿਆ ਪ੍ਰਾਪਤ ਕਰਕੇ ਜਿੱਥੇ ਪੰਜਾਬ ਦੇ ਮਿਸ਼ਨਰੀ ਸਰਕਲਾਂ ਅਤੇ ਗੁਰਦੁਆਰਿਆਂ ਵਿੱਚ ਧਰਮ ਪ੍ਰਚਾਰ ਦੀ ਸੇਵਾ ਕੀਤੀ ਓਥੇ ਦੇਸ਼ ਵਿਦੇਸ਼ ਵਿੱਚ ਵਿਚਰ ਕੇ ਵੀ ਗੁਰਮਤਿ ਦਾ ਪ੍ਰਚਾਰ ਕੀਤਾ। ਇਸੇ ਸਮੇਂ ਦੌਰਾਨ ਸੈਕਰਾਮੈਂਟੋ ਅਮਰੀਕਾ ਵਿਖੇ ੨੦ ਨਵੰਬਰ ੧੯੯੭ ਨੂੰ ਦਾਸ ਦਾ ਭਿਆਨਕ ਐਕਸੀਡੈਂਟ ਹੋ ਗਿਆ, ਡਾਕਟਰਾਂ ਦੇ ਦੱਸਣ ਮੁਤਾਬਿਕ ਬਚਣ ਦੀ ਆਸ ਨਹੀਂ ਸੀ ਪਰ ਕਰਤਾਰ ਨੇ ਅਜੇ ਹੋਰ ਸੇਵਾ ਲੈਣੀ ਸੀ, ਬਚਾ ਲਿਆ ਅਤੇ ਲੰਬਾ ਸਮਾਂ ਹਸਪਤਾਲ ਵਿੱਚ ਰਹਿਣ ਸਮੇਂ ਦਾਸ ਨੇ ਹੌਲੀ ਹੌਲੀ ਲਿਖਣਾ ਸ਼ੁਰੂ ਕੀਤਾ। ਪਹਿਲੇ ਮਹੀਨੇ ਵਿੱਚ ਇੱਕ ਫਿਰ ਹਰ ਹਫਤੇ ਗੁਰਮਤਿ ਦੇ ਕਿਸੇ ਨਾਂ ਕਿਸੇ ਵਿਸ਼ੇ ਦਾਸ ਗੁਰਮਤਿ ਦੀ ਰੌਸ਼ਨੀ ਵਿੱਚ ਲਿਖਦਾ ਰਿਹਾ ਜੋ ਦੇਸ਼ ਵਿਦੇਸ਼ ਦੀਆਂ ਅਖਬਾਰਾਂ, ਰਸਾਲਿਆਂ ਅਤੇ ਵੈਬਸਾਈਟਾਂ ਤੇ ਛਪਦਾ ਰਿਹਾ ਅਤੇ ਹੁਣ ਵੀ ਛਪ ਰਿਹਾ ਹੈ। ਪਿਆਰੇ ਅਤੇ ਕਦਰਦਾਨ ਪਾਠਕਾਂ ਦੇ ਬਾਰ ਬਾਰ ਕਹਿਣ ਤੇ ਦਾਸ ਨੇ ਉਨ੍ਹਾਂ ਲੇਖਾਂ ਚੋਂ ਚੋਣਵੇਂ ਲੇਖਾਂ ਨੂੰ ਭਾਰਤ ਦੀ ਦੂਜੀ ਫੇਰੀ ਸਮੇਂ, ਕਰੀਬ ਇੱਕ ਹਫਤਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਿੱਚ ਰਹਿ ਕੇ, ਓਥੋਂ ਦੇ ਸਾਰੇ ਸਟਾਫ ਦੀ ਮਦਦ ਨਾਲ, ਖਾਸ ਕਰ ਵੀਰ ਨਰਿੰਦਰਪਾਲ ਸਿੰਘ ਜੋ ਰੋਪੜ ਮਿਸ਼ਨਰੀ ਕਾਲਜ ਦੇ ਪੁਰਣੇ ਮਿਸ਼ਨਰੀ ਹਨ ਅਤੇ ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਦੇ ਭਾਰੀ ਸਹਿਯੋਗ ਨਾਲ ਛਪਵਾਇਆ।
ਸੰਜੋਗ ਵੱਸ ੪ ਜਨਵਰੀ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿਦਵਾਨ ਅਤੇ ਕਾਲਜ ਦੇ ਮਰਹੂਮ ਡਾਇਰੈਟਰ ਮੁਖੀ ਸ੍ਰ. ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ, ਚੇਅਰਮੈਨ ਸ੍ਰ. ਇੰਦਰਜੀਤ ਸਿੰਘ ਰਾਣਾ, ਇੰਟ੍ਰਨੈਸ਼ਨਲ ਸਿੱਖ ਮਿਸ਼ਨਰੀ ਗਿ. ਜਗਤਾਰ ਸਿੰਘ ਜਾਚਕ ਜੀ, ਦਾਸ ਦੇ ਪਰਮ ਮਿੱਤਰ ਮਜੂਦਾ ਪ੍ਰਿੰਸੀਪਲ ਗਿ. ਗੁਰਬਚਨ ਸਿੰਘ ਥਾਈਲੈਂਡ, ਵੀਰ ਭੂਪਿੰਦਰ ਸਿੰਘ, ਪ੍ਰਿੰਸੀਪਲ ਗਿ. ਸੁਰਜੀਤ ਸਿੰਘ ਤੇ ਸ੍ਰ ਦਲਬੀਰ ਸਿੰਘ ਮਿਸ਼ਨਰੀ ਦਿੱਲੀ, ਸ੍ਰ. ਦਲਜੀਤ ਸਿੰਘ ਫਰੀਦਾਬਾਦ, ਡਾ. ਗੁਰਮੀਤ ਸਿੰਘ ਬਰਸਾਲ ਅਤੇ ਹੋਰ ਪਤਵੰਤੇ ਸੱਜਨ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਨਾ ਵਿਖੇ ਹਾਜਰ ਸਨ, ਨੇ “ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਰੀਲੀਜ ਕੀਤੀ। ਆਸ ਕਰਦਾ ਹਾਂ ਕਿ ਗੁਰਮਤਿ ਪ੍ਰਚਾਰ ਨੂੰ ਮੁੱਖ ਰੱਖ ਕੇ, ਸਰਲ ਭਾਸ਼ਾ ਵਿੱਚ ਲਿਖੀ ਗਈ ਇਹ ਪੁਸਤਕ, ਪਾਠਕ ਜਨ ਅਤੇ ਵਿਦਵਾਨ ਸੱਜਨ ਪੜ੍ਹ ਕੇ ਰਹਿ ਗਈਆਂ ਊਣਤਾਈਆਂ ਲਈ ਸੁਝਾਅ ਭੇਜਣਗੇ।
ਇਹ ਪੁਸਤਕ ਪ੍ਰਾਪਤ ਕਰਨ ਲਈ ਆਪ ਸੰਪਰਕ ਕਰ ਸਕਦੇ ਹੋ-ਅਵਤਾਰ ਸਿੰਘ ਮਿਸ਼ਨਰੀ ਅਮਰੀਕਾ-5104325827, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ-1612521700, ਨਰਿੰਦਰਪਾਲ ਸਿੰਘ ਮਿਸ਼ਨਰੀ ਲੁਧਿਆਨਾ-9417779493, ਸ੍ਰ. ਗੁਰਚਰਨ ਸਿੰਘ ਜਿਊਣਵਾਲਾ ਕਨੇਡਾ-8102233648, ਗਿ. ਦਿਲਾਵਰ ਸਿੰਘ ਰਾਮਾਮੰਡੀ ਜਲੰਧਰ-9463679071, ਪ੍ਰੋ. ਇੰਦਰ ਸਿੰਘ ਘੱਗਾ ਪਟਿਆਲਾ-9855151699 ਅਤੇ ਸ੍ਰ. ਜਸਬਿੰਦਰ ਸਿੰਘ ਡੁਬਈ ਮੋਹਾਲੀ-98725474016, ਗੁਰਮਤਿ ਵਿਦਵਾਨਾਂ, ਪਾਠਕਾਂ, ਸੰਗਤਾਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਅਰਦਾਸ ਕਰਦਾ ਹਾਂ ਕਿ ਕਰਤਾਰ ਗੁਰਮਤਿ ਲੇਖ ਲਿਖਣ ਦਾ ਹੋਰ ਉਤਸ਼ਾਹ ਬਖਸ਼ੇ।
ਅਵਤਾਰ ਸਿੰਘ ਮਿਸ਼ਨਰੀ (USA)
Subscribe to:
Posts (Atom)