ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Thursday, August 25, 2011

ਰਹਿਤ ਮਰਿਆਦਾ ਦਰਸ਼ਨ

ਰਹਿਤ ਮਰਿਆਦਾ ਦਰਸ਼ਨ

(ਪ੍ਰੋ ਸੁਰਜੀਤ ਸਿੰਘ ਨਨੂੰਆਂ ਦੀ ਪੁਸਤਕ ‘ਰਹਿਤ ਮਰਿਆਦਾ ਦਰਸ਼ਨ’ਵਾਰੇ, ਸਾਹਿਤ ਸਭਾ ਕੈਲੇਫੋਰਨੀਆਂ( ਬੇ-ਏਰੀਆ) ਵੱਲੋਂ ਕਰਵਾਈ ਗੋਸ਼ਟੀ ਮੌਕੇ ਗੁਰਮੀਤ ਸਿੰਘ ਬਰਸਾਲ ਵੱਲੋਂ ਪੜ੍ਹਿਆ ਗਿਆ ਲੇਖ)
ਰਹਿਤ ਮਰਿਆਦਾ ਦਾ ਸਿੱਧਾ ਜਿਹਾ ਭਾਵ-ਅਰਥ ਹੈ ਜੀਵਨ-ਜਾਂਚ। ਸੋ ਰਹਿਤ ਮਰਿਆਦਾ ਇੱਕ ਅਜਿਹਾ ਅਨੁਸ਼ਾਸਨ (ਡਸਿਪਲਿਨ) ਹੁੰਦਾ ਹੈ ਜਿਸਦਾ ਪਾਲਣ ਕਰਦਿਆਂ ਅਸੀਂ ਜਿੰਦਗੀ ਜਿਊਣੀ ਹੁੰਦੀ ਹੈ । ਸਿੱਖ ਰਹਿਤ ਮਰਿਆਦਾ ਦਾ ਮਤਲਬ ਸਿੱਖ ਗੁਰੂਆਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਵਿਧੀ ਅਤੇ ਫਲਸਫੇ ਅਨੁਸਾਰ ਹੀ ਮਨੁੱਖਾ ਜੀਵਨ ਲਈ ਅਨੁਸ਼ਾਸਨ ਘੜਨਾ ਹੈ।
ਅਸੀਂ ਜਾਣਦੇ ਹਾਂ ਕਿ ਸਿੱਖ ਗੁਰੂਆਂ ਤੋਂ ਲੈਕੇ ਬੰਦਾ ਸਿੰਘ ਬਹਾਦਰ ਤੱਕ ਸਾਰਾ ਪੰਥ ਇੱਕ ਹੀ ਗੁਰਮਤਿ ਮਰਿਆਦਾ ਵਿੱਚ ਬੱਝਾ ਸੀ ਉਹ ਮਰਿਆਦਾ ਸੀ ‘ਗੁਰ ਸ਼ਬਦ ਅਨੁਸਾਰੀ ਜੀਵਨ’। ਜਿਉਂ ਹੀ ਬੰਦਾ ਸਿੰਘ ਬਹਾਦਰ ਤੋਂ ਬਾਅਦ ਹਕੂਮਤ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਵਹਿਸ਼ੀਆਨਾ ਕਾਰਵਾਈ ਤੇ ਉੱਤਰੀ ਤਾਂ ਸਿੱਖਾਂ ਨੂੰ ਘਰ ਬਾਰ ਛੱਡਕੇ ਪਰਿਵਾਰਾਂ ਸਮੇਤ ਜੰਗਲਾਂ,ਬੇਲਿਆਂ ਅਤੇ ਮਾਰੂਥਲਾਂ ਵਿੱਚ ਸ਼ਰਨ ਲੈਣੀ ਪਈ। ਉਸ ਸਮੇ ਸਿੱਖਾਂ ਦੀਆਂ ਧਰਮਸ਼ਾਲਾਵਾਂ ਅਤੇ ਗੁਰਦਵਾਰਿਆਂ ਦਾ ਪ੍ਰਬੰਧ ਸਿੱਖਾਂ ਦੇ ਜਾਪ ਰਹੇ ਹਿਤੈਸ਼ੀ, ਉਦਾਸੀਆਂਮ, ਮਮਮਹਮਹੰਤਾਂ ਅਤੇ ਨਿਰਮਲਿਆਂ ਨੇ ਸਾਂਭ ਲਿਆ । ਉਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਪਰਭਾਵਿਤ ਤਾਂ ਸਨ ਪਰ ਆਪਦੀ ਕਰਮ-ਕਾਂਢੀ ਸੋਚ ਵੀ ਛੱਡਣ ਲਈ ਤਿਆਰ ਨਹੀਂ ਸਨ । ਸੋ ਉਹਨਾਂ ਨੇ ਸਿੱਖਾਂ ਦੇ ਪਰਚਾਰ ਕੇਂਦਰਾਂ ਵਿੱਚ ਸਾਧਮੱਤੀ ਸੋਚ ਹਾਵੀ ਕਰ ਦਿੱਤੀ ।
ਜੰਗਲਾਂ ਵਿੱਚੋਂ ਕਦੇ ਕਦਾਈਂ ਸਿੰਘ ਅਜਿਹੀਆਂ ਥਾਂਵਾਂ ਤੇ ਹਕੂਮਤ ਅਤੇ ਗਦਾਰਾਂ ਤੋਂ ਬਚਦੇ-ਬਚਾਉਂਦੇ ਮੱਥਾ ਟੇਕ ਜਾਂਦੇ ਅਤੇ ਬਾਣੀ ਸੁਣ ਜਾਂਦੇ । ਅਜਿਹੇ ਕਾਹਲੀ ਭਰੇ ਮਹੌਲ ਵਿੱਚ ਹੀ ਬਾਣੀ ਦੇ ਲਗਾਤਾਰ ਪਾਠ ਅਰਥਾਤ ਆਖੰਡ ਪਾਠ ਹੋਂਦ ਵਿੱਚ ਆਏ ਕਿਉਂਕਿ ਜਲਦੀ ਸਮਾਪਤੀ ਤੋਂ ਬਾਅਦ ਸਿੱਖਾਂ ਨੇ ਸੁਰੱਖਿਅਤ ਟਿਕਾਣਿਆਂ ਤੇ ਪੁੱਜਣਾ ਹੁੰਦਾ ਸੀ । ਅਜਿਹੇ ਸਮਿਆਂ ਤੇ ਜਰੂਰਤ ਲਈ ਰੱਖੀਆਂ ਵਸਤਾਂ ਅਤੇ ਕਾਹਲੀ ਵਿੱਚ ਹੋਈਆਂ ਬੇ-ਧਿਆਨੀਆਂ ਅਜੋਕੀ ਕਰਮਕਾਂਢੀ ਮਰਿਆਦਾ ਦਾ ਆਧਾਰ ਬਣੀਆਂ ਹਨ। ਉਦਾਸੀਆਂ ਅਤੇ ਨਿਰਮਲਿਆਂ ਦੀ ਚਲਾਈ ਰਹਿਤ ਮਰਿਆਦਾ ਦਾ ਅਜੋਕੇ ਸਮੇ ਵੀ ਭਾਰੂ ਹੋਣਾ ਇਸੇ ਗਲ ਦਾ ਪ੍ਰਤੀਕ ਹੈ। ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸੋਚ ਅਧੀਨ ਵੱਖ-ਵੱਖ ਗਰੁੱਪਾਂ ਵੱਲੋਂ ਗੁਰੂ ਨਾਨਕ ਸਾਹਿਬ ਦੀ ਸੋਚ ਦੇ ਵਿਪਰੀਤ ਵੱਖ-ਵੱਖ ਮਰਿਆਦਾ ਨੂੰ ਪਰਚਲਤ ਕਰਨ ਦਾ ਆਧਾਰ ਤਿਆਰ ਹੋਣਾ ਉਸੇ ਸਮੇਂ ਵਿੱਚ ਸ਼ੁਰੂ ਹੋ ਗਿਆ ਸੀ ।
ਸਿੱਖ ਮਿਸਲਾਂ ਜਾਂ ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ । ਅੰਗਰੇਜਾਂ ਦੇ ਸਮੇ ਤਾਂ ਗੁਰਦਵਾਰਿਆਂ ਦਾ ਕੰਟਰੋਲ ਸਿੱਖੀ ਵਿਰੋਧੀਆਂ ਦੇ ਹੱਥਾਂ ਵਿੱਚ ਆ ਚੁੱਕਾ ਸੀ ਜਿਸ ਨੂੰ ਕਿ ਸ਼ੂਝਵਾਨ ਸਿੱਖਾਂ ਨੇ ਕੁਰਬਾਨੀਆਂ ਕਰਕੇ ਮੁੜ ਹਾਸਲ ਕਰ ਲਿਆ ਸੀ ਭਾਵੇਂ ਕਿ ਸਰਬਸਾਂਝੀ ਰਹਿਤ-ਮਰਿਆਦਾ ਦੀ ਘਾਟ ਕਾਰਨ ਹਰ ਗੁਰਦਵਾਰੇ ਦਾ ਪ੍ਰਬੰਧ ਵੱਖਰੇ ਵੱਖਰੇ ਤਰੀਕੇ ਨਾਲ ਹੀ ਚੱਲ ਰਿਹਾ ਸੀ । ਦੇਸ਼ ਦੀ ਆਜਾਦੀ ਤੋਂ ਬਾਅਦ ਅਨੇਕਾਂ ਡੇਰੇ, ਸੰਤ, ਬਾਬੇ ਸ਼ੁਰੂ ਹੋ ਚੁੱਕੇ ਸਨ ਜਿਸ ਨਾਲ ਸਿੱਖੀ ਦਾ ਟੁਕੜਿਆ ਵਿੱਚ ਵੰਡ ਹੋ ਜਾਣਾ ਕੁਦਰਤੀ ਸੀ ।
ਸ਼ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਦੇ ਗਠਨ ਬਾਅਦ ਸਿੱਖ ਗੁਰਦਵਾਰਿਆਂ ਨੂੰ ਇੱਕ ਸੂਤਰ ਵਿੱਚ ਪਰੋਣ ਦੀ ਚਾਹਨਾ ਨਾਲ ਇੱਕ ਸਰਬਸਾਂਝੀ ਰਹਿਤ ਮਰਿਆਦਾ ਬਣਾਉਣ ਦੀ ਲੋੜ ਨੂੰ ਮੁੱਖ ਰੱਖਦਿਆ ਸਿੱਖ ਪੰਥ ਦੇ ਵਿਦਵਾਨਾਂ ਨੇ 15 ਸਾਲਾਂ ਦੀ ਲੰਬੀ ਘਾਲਣਾ ਨਾਲ ਇੱਕ ਰਹਿਤ ਮਰਿਆਦਾ ਬਣਾਣ ਵਿੱਚ ਸਫਲਤਾ ਹਾਸਲ ਕੀਤੀ । ਨਾਂ ਚਾਹੁੰਦੇ ਹੋਣ ਦੇ ਵਾਵਜੂਦ ਵੀ ਬਹੁਤ ਸਾਰੇ ਵੱਖਰੇ ਵਿਚਾਰ ਰੱਖਣ ਵਾਲਿਆਂ ਨੂੰ ਇਸ ਮਰਿਆਦਾ ਨੂੰ ਬਣਾਣ ਦੀ ਸਹਿਮਤੀ ਦੇਣੀ ਪਈ । ਪਰ ਬਾਅਦ ਵਿੱਚ ਕਿਸੇ ਵੀ ਬੰਦੇ ਨੇ ਆਪਣੇ ਨਾਲ ਸਬੰਧਤ ਗੁਰਦਵਾਰੇ ਜਾਂ ਅਦਾਰੇ ਵਿੱਚ ਇਸ ਮਰਿਆਦਾ ਨੂੰ ਲਾਗੂ ਨਹੀਂ ਕੀਤਾ। ਇਹਨੀ ਲੰਬੀ ਮਿਹਨਤ ਨਾਲ ਬਣਾਈ ਮਰਿਆਦਾ ਨੂੰ ਕੇਵਲ ਖਰੜਾ ਆਖਦਿਆਂ, ਬਹਾਨੇ ਬਣਾਕੇ ਇਸਦੀ ਵਿਰੋਧਤਾ ਹੀ ਕੀਤੀ । ਇਸ ਸਰਬ ਸਾਂਝੀ ਰਹਿਤ ਮਰਿਆਦਾ ਨੂੰ ਸ਼ਰੋਮਣੀ ਗੁਰਦਵਾਰਾ ਕਮੇਟੀ ਦੀ ਜਾਂ ਅਕਾਲ ਤਖਤ ਤੋਂ ਪੰਥ ਪਰਮਾਣਤ ਰਹਿਤ ਮਰਿਆਦਾ ਦਾ ਨਾਮ ਦਿੱਤਾ ਗਿਆ । ਸ਼ਰੋਮਣੀ ਕਮੇਟੀ ਆਪ ਵੀ ਇਸ ਮਰਿਆਦਾ ਨੂੰ ਲਾਗੂ ਕਰਵਾਉਣ ਦੀ ਜਗਹ ਵੱਖ-ਵੱਖ ਡੇਰਿਆਂ ਦੀਆਂ ਵੋਟਾਂ ਗਿਣਦੀ ਰਾਜਨੀਤਕਾਂ ਦੀ ਪਿੱਛ-ਲੱਗ ਬਣ, ਬਣਦੀ ਜਿਮੇਵਾਰੀ ਤੋਂ ਭੱਜ ਗਈ । ਹਾਲਾਂਕਿ ਇਸ ਮਰਿਆਦਾ ਦੇ ਗਠਨ ਵੇਲੇ ਵੀ ਡੇਰੇਦਾਰਾਂ ਨੂੰ ਸਰਬ ਸਾਂਝੇ ਪੰਥ ਵਿੱਚ ਲਿਆਉਣ ਲਈ ਏਕਤਾ ਦੀ ਭਾਵਨਾ ਨਾਲ ਕੁਝ ਡੇਰੇਦਾਰਾਂ ਦੀਆਂ ਬਾਬੇ ਨਾਨਕ ਦੀ ਫਲਾਸਫੀ ਦੇ ਵਿਪਰੀਤ ਜਾਂਦੀਆਂ ਗੱਲਾਂ ਵੀ ਸ਼ਾਮਿਲ ਕਰਨੀਆਂ ਪਈਆਂ । ਪਰ ਬਾਬੇ ਨਾਨਕ ਦੀ ਸੋਚ ਦਾ ਵਿਰੋਧ ਕਰਨ ਵਾਲਿਆਂ ਨੂੰ ਇਨ੍ਹਾਂ ਕਾਫੀ ਨਾ ਲੱਗਾ ਸੋ ਉਹਨਾਂ ਨਾਲ ਦੀ ਨਾਲ ਆਪਣੀਆਂ ਵੱਖਰੀਆਂ ਮਰਿਆਦਾਵਾਂ ਬਣਾਕੇ ਚਾਲੂ ਵੀ ਰੱਖੀਆਂ । ਸੋ ਡੇਰੇਦਾਰ ਬਦਨੀਤੀ ਕਾਰਣ ਦੋਨੋ ਤਰਾਂ ਨਾਲ ਜੇਤੂ ਰਹੇ ।
ਸਿੱਖ ਰਹਿਤ ਮਰਿਆਦਾ ਦਾ ਆਧਾਰ ਕੇਵਲ ਤੇ ਕੇਵਲ ਗੁਰਬਾਣੀ ਹੈ । ਸਿੱਖ ਲਈ ਗੁਰੂ ਗ੍ਰੰਥ ਸਾਹਿਬ ਇੱਕੋ ਇੱਕ ਗੁਰਬਾਣੀ ਦਾ ਸੋਮਾ ਅਤੇ ਸੰਪੂਰਨ ਗੁਰੂ ਹੈ । ਸੋ ਸੰਪੂਰਨ ਗੁਰੂ ਹੀ ਸੰਪੂਰਨ ਜੀਵਨ ਜਾਂਚ ਸਿਖਾ ਸਕਦਾ ਹੈ । ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਮਨੁੱਖ ਨੂੰ ਪਰੈਕਟੀਕਲ ਰਹਿਤ ਦਾ ਧਾਰਨੀ ਬਣਾਂਦਾ ਹੈ ਨਾਂ ਕਿ ਕਿਸੇ ਭੇਖ ਦਾ । ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤ੍ਰੈ ਕਾਲ ਸੱਚ ਹੈ ਜੋ ਕਿ ਕਦੇ ਵੀ ਨਹੀਂ ਬਦਲ ਸਕਦੀ । ਅਗਰ ਸਾਡੀ ਰਹਿਤ ਮਰਿਆਦਾ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦੇ ਅਨਕੂਲ ਹੈ ਤਾਂ ਇਹ ਵੀ ਨਹੀਂ ਬਦਲ ਸਕਦੀ । ਕਿਉਂਕਿ ਮਨੁੱਖੀ ਮਨ ਜਾਣੇ ਅਣਜਾਣੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਸਮਝਦਾ ਉਕਾਈ ਕਰ ਜਾਂਦਾ ਹੈ ਜਿਸ ਕਾਰਨ ਰਹਿਤ ਮਰਿਆਦਾ ਨੂੰ ਇੱਕ ਕਰਨ ਵਰਗੇ ਸਵਾਲ ਅਕਸਰ ਪੈਦਾ ਹੁੰਦੇ ਹਨ।
ਅਨੁਸ਼ਾਸਨ ਘੜਨ ਲਗਿਆਂ ਧਿਆਨ ਵਿੱਚ ਰੱਖਣਾ ਪੈਂਦਾ ਹੈ ਕਿ ਅਨੁਸ਼ਾਸਨ ਇਨਸਾਨ ਲਈ ਹੈ ਜਾਂ ਇਨਸਾਨ ਅਨੁਸ਼ਾਸਨ ਲਈ । ਜੇਕਰ ਕੋਈ ਆਪਣਾ ਅਨੁਸ਼ਾਸਨ ਤੋੜਕੇ ਜਾਣੇ ਜਾਂ ਅਣਜਾਣੇ ਸੜਕ ਤੇ ਗਲਤ ਪਾਸੇ ਚਲਦਾ ,ਸਹੀ ਦਿਸ਼ਾ ਵੱਲ ਚੱਲਣ ਵਾਲਿਆਂ ਵੱਲ ਦੁਰਘਟਨਾ ਦੀ ਸਥਿੱਤੀ ਪੈਦਾ ਕਰਦਾ ਵਧਦਾ ਹੈ ਤਾਂ ਸਾਨੂੰ ਤੁਰੰਤ ਸੜਕ ਦੀ ਉਹ ਸਹੀ ਦਿਸ਼ਾ ਛੱਡਕੇ ਜਾਨ ਬਚਾਉਣ ਦੀ ਪਹਿਲ ਕਰਨੀ ਚਾਹੀਦੀ ਹੈ ਜਾਂ ਕਿਸੇ ਸ਼ੜਕ ਦੇ ਨਿਯਮ ਲਈ ਆਪਣੀ ਜਾਨ ਕੁਰਬਾਨ ਕਰ ਦੇਣੀ ਚਾਹੀਦੀ ਹੈ । ਸੋ ਸਪੱਸ਼ਟ ਹੋ ਜਾਂਦਾ ਹੈ ਕਿ ਅਨੁਸ਼ਾਸਨ ਮਨੁੱਖਾ ਜਿੰਦਗੀ ਨੂੰ ਸਾਵਾਂ ਬਣਾਉਣ ਲਈ ਹੈ ।
ਪੁਸਤਕ ਸਿੱਖ ਰਹਿਤ ਮਰਿਆਦਾ ਵਿੱਚ ਪ੍ਰੋ ਸੁਰਜੀਤ ਸਿੰਘ ਨਨੂੰਆਂ ਦਾ ਸਿੱਖ ਪੰਥ ਵਿੱਚ ਪਰਚਲਤ ਰਹਿਤ ਮਰਿਆਦਾਵਾਂ ਨੂੰ ਇੱਕ ਹੀ ਜਿਲਦ ਵਿੱਚ ਬੰਨਕੇ ਸੰਗਤ ਦੇ ਸਾਹਮਣੇ ਲਿਆਉਣ ਦਾ ਉਦੇਸ਼ ਇਹਨਾਂ ਵੱਖ-ਵੱਖ ਮਰਿਆਦਾਵਾਂ ਨੂੰ ਪਾਠਕਾਂ ਦੀ ਨਜ਼ਰ ਕਰਕੇ ਟੁਕੜਿਆਂ ਵਿੱਚ ਵੰਡੀ ਜਾ ਰਹੀ ਕੌਮ ਨੂੰ ਇੱਕ ਹੀ ਸਰਬ-ਸਾਂਝੀ ਸਿੱਖ ਰਹਿਤ ਮਰਿਆਦਾ ਦੇ ਤਹਿਤ ਇਕੱਠਿਆਂ ਕਰਨ ਲਈ ਆਧਾਰ ਦਰਸਾਉਣਾ ਹੈ । ਭਾਵੇਂ ਕਿ ਸ਼ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਵੱਲੋਂ ਅਜਿਹੀ ਸੋਚ ਤਹਿਤ ਹੀ ਅਕਾਲ ਤਖਤ ਦੀ ਮੋਹਰ ਹੇਠ ਸਿੱਖ ਰਹਿਤ ਮਰਿਆਦਾ ਬਣਾਈ ਗਈ ਸੀ ਪਰ ਸਾਧਾਂ ਸੰਤਾਂ ਅਤੇ ਡੇਰਿਆਂ ਵੱਲੋਂ ਆਪਣੀਆਂ ਆਪਣੀਆਂ ਸਮਾਂਨੰਤਰ ਰਹਿਤ ਮਰਿਆਦਾਵਾਂ ਨੂੰ ਚਲਦਾ ਰੱਖਣ ਨਾਲ ਸਾਂਝੀ ਪੰਥਕ ਸ਼ਕਤੀ ਨੂੰ ਖੋਰਾ ਲੱਗਾ ਹੈ । ਅੱਜ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲਾ ਹਰ ਸਿੱਖ ਗੁਰਮਤਿ ਦੀ ਕਸਵੱਟੀ ਤੇ ਹਰ ਮਰਿਆਦਾ ਨੂੰ ਪਰਖਕੇ ਦੁੱਧ ਅਤੇ ਪਾਣੀ ਨੂੰ ਵੱਖ ਵੱਖ ਕਰਨ ਦਾ ਚਾਹਵਾਨ ਹੈ । ਅੱਜ ਦਾ ਸਿੱਖ ਇੰਝ ਵੀ ਸੋਚਦਾ ਹੈ ਕਿ ਅਗਰ ਸਿੱਖ ਦੀ ਰਹਿਤ ਮਰਿਆਦਾ ਦਾ ਆਧਾਰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਹੈ ਤਾਂ ਰਹਿਤ ਮਰਿਆਦਾ ਵੱਖ-ਵੱਖ ਹੋਣ ਦਾ ਤਾਂ ਸੁਆਲ ਪੈਦਾ ਹੀ ਨਹੀਂ ਹੋ ਸਕਦਾ ,ਅਗਰ ਰਹਿਤ ਮਰਿਆਦਾਵਾਂ ਵੱਖ ਵੱਖ ਹਨ ਤਾਂ ਸਪੱਸ਼ਟ ਹੈ ਕਿ ਅਸੀਂ ਪੁਰਾਤਨ ਕਾਲ ਤੋ ਚਲੇ ਆ ਰਹੇ ਕਰਮ ਕਾਢਾਂ ਜਾਂ ਅਖੌਤੀ ਰਾਜਨੀਤੀ ਅਧੀਨ ਗੁਰੂ ਦਾ ਫਲਸਫਾ ਵਿਸਾਰ ਦਿੱਤਾ ਹੈ।
ਹੁਣ ਵੀ ਅਸੀਂ ਜੇਕਰ ਸ਼ਰੋਮਣੀ ਕਮੇਟੀ ਵਾਂਗ ਹੀ ਵੱਖ ਵੱਖ ਗਰੁੱਪਾਂ ਦੀ ਏਕਤਾ ਦੀ ਆੜ ਹੇਠ ਹਰ ਡੇਰੇ ਦੀ ਰਹਿਤ ਮਰਿਆਦਾ ਵਾਲੇ ਨੂੰ ਖੁਸ਼ ਕਰਨ ਲਈ ਉਸਦਾ ਕੁੱਝ ਨਾਂ ਕੁੱਝ ਸਰਬ ਸਾਂਝੀ ਰਹਿਤ ਮਰਿਆਦਾ ਵਿੱਚ ਜੋੜਨ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਦਾ ਸਿੱਧਾ ਸਪਸ਼ਟ ਮਤਲਬ ਗੁਰੂ ਦੇ ‘ਇੱਕ’ ਦੇ ਫਲਸਫੇ ਨੂੰ ਗੰਧਲਾ ਕਰਨ ਵੱਲ ਕਦਮ ਪੁੱਟਾਂਗੇ । ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਅਨੁਸਾਰ ਰੱਬ ਨੂੰ ਨਿਰਾਕਾਰ ਮੰਨਕੇ ਮਰਿਆਦਾ ਬਣਾਉਣ ਅਤੇ ਹੋਰ ਗ੍ਰੰਥਾਂ ਅਨੁਸਾਰ ਰੱਬ ਨੂੰ ਆਕਾਰ ਰੂਪ ਦੇਕੇ ਮਰਿਆਦਾ ਬਣਾਉਣ ਵਿੱਚ ਇੱਕ ਸੁਰਤਾ ਨਹੀਂ ਰਹਿ ਸਕਦੀ । ਸੋ ਆਉਣ ਵਾਲੇ ਵਿਗਿਆਨਕ ਸਮੇ ਲਈ ਭਵਿੱਖ-ਮੁਖੀ ਰਹਿਤ ਮਰਿਆਦਾ ਦਾ ਆਧਾਰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਹੀ ਹੋ ਸਕਦਾ ਹੈ । ਪਿਛਲੇ ਸਮੇ ਦੋਰਾਨ ਤੱਤ ਗਰਮਤਿ ਪਰਿਵਾਰ ਵਰਗੀਆਂ ਕੁੱਝ ਜਾਗਰੂਕ ਅਗਾਂਹ ਵਧੂ ਪਰਚਾਰਕ ਸੰਸਥਾਵਾਂ ਨੇ ਕੇਵਲ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਤੇ ਅਧਾਰਿਤ ਰਹਿਤ ਮਰਿਆਦਾ ਤਿਆਰ ਕੀਤੀ ਹੈ ਜਿਸ ਨੂੰ ਇਸੇ ਸੰਦਰਭ ਵਿੱਚ ਵਾਚਣ ਦੀ ਅਤਿਅੰਤ ਜਰੂਰਤ ਹੈ ।
ਰਹਿਤ ਮਰਿਆਦਾ ਸਾਰੀ ਦੁਨੀਆਂ ਵਿੱਚ ਫੈਲੇ ਸਿੱਖਾਂ ਨੂੰ ਮੱਦੇ ਨਜ਼ਰ ਰੱਖਕੇ ਹੀ ਬਣਾਉਣੀ ਚਾਹੀਦੀ ਹੈ ਤਾਂ ਕਿ ਹਰ ਤਰਾਂ ਦੇ ਦੇਸ਼ ਇਲਾਕੇ ਵਿੱਚ ਵਸਦਾ ਕਿਰਤੀ ਸਿੱਖ ਸੌਖੀ ਤਰਾਂ ਹੀ ਇੱਕ ਸਰਬ ਸਾਂਝੇ ਕੇਂਦਰੀ ਕਾਨੂਨ ਵਿੱਚ ਪਰੋਇਆ ਜਾ ਸਕੇ। ਰਹਿਤ ਮਰਿਆਦਾ ਜਿੰਨੀ ਔਖੀ ਜਾਂ ਕਰਮ ਕਾਂਢੀ ਹੋਵੇਗੀ ਉਨ੍ਹਾਂ ਹੀ ਉਸਨੂੰ ਪਰਚਲਤ ਕਰਨਾ ਮੁਸ਼ਕਲ ਹੋਵੇਗਾ ਕਿਓਂਕਿ ਭਵਿੱਖ ਵਿਚਲੀ ਇਨਸਾਨੀ ਤਰੱਕੀ ਸਮੇਂ ਅਨੁਸਾਰ ਗੈਰ ਵਿਗਿਆਨਕ ਅਤੇ ਅੰਧ-ਵਿਸ਼ਵਾਸੀ ਤੱਥਾਂ ਨੂੰ ਨਜ਼ਰ ਅੰਦਾਜ ਕਰ ਦੇਵੇਗੀ । ਸਿੱਖ ਪੰਥ ਨੂੰ ਵਿਗਿਆਨਕ ਦ੍ਰਿਸ਼ਟੀ ਤੇ ਪੂਰਾ ਉਤਰਨ ਦਾ ਦਾਅਵਾ ਕਰਨ ਵਾਲਿਆਂ ਨੂੰ ਸਿੱਖ ਦੀ ਆਉਣ ਵਾਲੇ ਸਮੇਂ ਵਿੱਚ ਅਗਾਂਹ ਵਧੂ ਸਮਾਜ ਦੀ ਸਿਰਜਣਾ ਲਈ ਅਧਿਆਤਮਿਕ ਰਹਿਨੁਮਾਈ ਦੀ ਸਮਰੱਥਾ ,ਸਿੱਖ ਜੀਵਨ ਜਾਂਚ ਰਾਹੀਂ ਹੀ ਪ੍ਰਗਟ ਕਰਨੀ ਪਵੇਗੀ। ਸੋ ਸਮਾਂ ਮੰਗ ਕਰਦਾ ਹੈ ਕਿ ਪਦਾਰਥ ਅਤੇ ਪਰਮਾਰਥ ਦਾ ਸਮਤੋਲ ਕਰਨ ਵਾਲੀ ਸਿੱਖ ਫਿਲਾਸਫੀ ਸੰਸਾਰ ਸਾਹਮਣੇ ਰੱਖਣ ਲਈ ਗੁਰਮਤਿ ਦ੍ਰਿਸ਼ਟੀਕੋਣ ਅਨੁਸਾਰ,ਸਿੱਖ ਦੀ ਜੀਵਨ ਜਾਂਚ ਦਰਸਾਉਂਦੀ,ਤੱਤ ਗੁਰਮਤਿ ਪ੍ਰਣਾਈ,ਹਰ ਤਰਾਂ ਦੇ ਕਰਮ ਕਾਂਢਾਂ ਤੋਂ ਮੁਕਤ ,ਅਜੋਕੇ ਸਮੇ ਦੇ ਹਾਣਦੀ,ਹਰ ਕਿਰਤੀ ਸਿੱਖ ਦੇ ਅਪਣਾਉਣ ਯੋਗ , ਸਰਬ ਸਾਂਝੀ ਰਹਿਤ ਮਰਿਆਦਾ ਸਮੁੱਚੀ ਕੌਮ ਸਪੁਰਦ ਕੀਤੀ ਜਾਵੇ ।
ਡਾ ਗੁਰਮੀਤ ਸਿੰਘ ‘ਬਰਸਾਲ’(ਕੈਲੇਫੋਰਨੀਆਂ)