ਮਿਸਲ ਸ਼ਹੀਦਾਂ ਦੇ ਜਥੇਦਾਰ ਸਿਰਲੱਥ ਯੋਧੇ ਬਾਬਾ ਦੀਪ ਸਿੰਘ ਸ਼ਹੀਦ ਪਹੂਵਿੰਡ-ਅੰਮ੍ਰਿਤਸਰ☬
(ਅਵਤਾਰ ਸਿੰਘ ਮਿਸ਼ਨਰੀ)
ਐਸੇ ਬੁੱਢੇ ਸ਼ੇਰ ਸਿਰਲੱਥ ਯੋਧੇ ਬਾਬਾ ਦੀਪ ਸਿੰਘ ਦਾ ਜਨਮ ਜਨਵਰੀ ਸੰਨ 1682 ਈ. ਨੂੰ ਭਾਈ ਭਗਤਾ ਜੀ ਦੇ ਘਰ ਮਾਤਾ ਜਿਉਣੀ ਦੀ ਪਵਿਤਰ ਕੁੱਖੋਂ ਪਿੰਡ ਪਹੂਵਿੰਡ (ਅੰਮ੍ਰਿਤਸਰ) ਵਿਖੇ ਹੋਇਆ। ਬਾਬਾ ਜੀ ਦਾ ਪਹਿਲਾ ਨਾਮ ਦੀਪਾ ਸੀ ਜੋ ਸਿੰਘ ਸਜਣ ਮਗਰੋਂ ਦੀਪ ਸਿੰਘ ਹੋ ਗਿਆ। ਬਾਬਾ ਜੀ ਛੋਟੀ ਉੱਮਰ ਵਿੱਚ ਹੀ ਸਰਬੰਸਦਾਨੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਰਹੇ ਅਤੇ ਬੰਦ-ਬੰਦ ਕਟੌਣ ਵਾਲੇ ਭਾਈ ਮਨੀ ਸਿੰਘ ਸ਼ਹੀਦ ਕੋਲੋਂ ਗੁਰਮਤਿ ਦਾ ਗਿਆਨ ਪ੍ਰਾਪਤ ਕੀਤਾ। ਬਾਬਾ ਜੀ ਜਿੱਥੇ ਖਿਡਾਰੀ, ਸ਼ਸ਼ਤਰਧਾਰੀ ਅਤੇ ਸਿ਼ਕਾਰੀ ਸਨ ਓਥੇ ਇੱਕ ਚੰਗੇ ਲਿਖਾਰੀ ਅਤੇ ਵਿਦਵਾਨ ਵੀ ਸਨ। ਆਪ ਜੀ ਨੇ ਛੋਟੀਆਂ ਮੋਟੀਆਂ ਕਈ ਜੰਗਾਂ ਵਿੱਚ ਸ਼ਸ਼ਤਰਾਂ ਦੇ ਜੌ਼ਹਰ ਵੀ ਦਿਖਾਏ। ਆਪ ਜੀ ਨੇ ਗੁਰੂ ਕਲਗੀਧਰ ਜੀ ਤੋਂ ਮਾਲਵੇ ਖੇਤਰ ਦਮਦਮਾਂ ਸਾਹਿਬ (ਸਾਬੋ ਕੀ ਤਲਵੰਡੀ) ਵਿਖੇ ਗੁਰਬਾਣੀ ਦੇ ਅਰਥ ਕਥਾ-ਵਿਚਾਰ ਸਿੱਖੇ ਸਨ ਅਤੇ ਗੁਰੂ ਜੀ ਨੇ ਇਸ ਯੋਧੇ ਦੀ ਗੁਰਮਤਿ ਪ੍ਰਤੀ ਲਗਨ, ਸੇਵਾ ਅਤੇ ਬਹਾਦਰੀ ਕਰਤਵ ਦੇਖ ਕੇ ਆਪ ਜੀ ਦੀ ਸੇਵਾ ਭਾ. ਮਨੀ ਸਿੰਘ ਜੀ ਨਾਲ ਰਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦੇ ਹੋਰ ਉਤਾਰੇ ਕਰਨ ਅਤੇ ਗੁਰਬਾਣੀ ਦੇ ਅਰਥ ਅੱਗੇ ਸਿੰਘਾਂ ਨੂੰ ਸਿਖਾਉਣ ਦੀ ਲਾਈ ਸੀ ਜੋ ਆਪ ਜੀ ਨੇ ਬਾਖੂਬੀ ਨਿਭਾਈ।
ਆਪ ਗੁਰਮੱਤੀ ਜੀਵਨ ਵਿੱਚੋਂ ਸਮਾਂ ਕੱਢ ਕੇ ਜੰਗਾਂ ਯੁੱਧਾਂ ਵਿੱਚ ਵੀ ਹਿੱਸਾ ਲੈਂਦੇ ਸਨ। ਉਸ ਵੇਲੇ ਮੁਗਲੀਆ ਹਕੂਮਤ ਸਿੱਖਾਂ ਦਾ ਚੁਣ ਚੁਣ ਕੇ ਸਿ਼ਕਾਰ ਕਰਦੀ ਹੋਈ ਸਿੱਖ ਧਰਮ ਨੂੰ ਮਲੀਆਮੇਟ ਕਰਨ ਤੇ ਤੁੱਲੀ ਹੋਈ ਸੀ। ਜਦੋਂ ਸੰਨ 1756 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਹਿੰਦ ਤੇ ਚੌਥਾ ਹਮਲਾ ਕੀਤਾ ਅਤੇ ਇੱਥੋਂ ਦੇ ਵੱਖ-ਵੱਖ ਥਾਵਾਂ ਤੇ ਲੁੱਟਮਾਰ ਕਰਦਾ ਹੋਇਆ ਵਾਪਸ ਜਾ ਰਿਹਾ ਸੀ ਉਸ ਸਮੇਂ ਉਸ ਕੋਲ ਜਿੱਥੇ ਭਾਰੀ ਮਾਤਰਾ ਵਿੱਚ ਸੋਨਾ ਚਾਂਦੀ ਅਤੇ ਹੋਰ ਬੇਕੀਮਤਾ ਸਾਜੋ ਸਮਾਨ ਸੀ ਓਥੇ ਹਜ਼ਾਰਾਂ ਜਵਾਨ ਕੁਆਰੀਆਂ ਲੜਕੀਆਂ ਅਤੇ ਵਿਆਹੀਆਂ ਹੋਈਆਂ ਔਰਤਾਂ ਵੀ ਪਕੜ ਕੇ ਮਨ ਪ੍ਰਚਾਵੇ ਲਈ ਲੈ ਕੇ ਰਿਹਾ ਸੀ। ਜਦ ਇਹ ਖਬਰ ਅਣਖੀ ਯੋਧੇ ਬਾਬਾ ਦੀਪ ਸਿੰਘ ਨੂੰ ਮਿਲੀ ਤਾਂ ਆਪ ਜੀ ਨੇ ਸਾਥੀ ਸਿੱਖਾਂ ਨਾਲ ਗੁਰਮਤਾ ਕਰਕੇ ਅਕੱਟ ਫੈਂਸਲਾ ਲਿਆ ਕਿ ਹਕੂਮਤ, ਫਿਰਕਾ ਪ੍ਰਸਤੀ ਦੇ ਨਸ਼ੇ ਵਿੱਚ ਗ੍ਰਸਤ ਅਯਾਸ, ਜ਼ਾਲਮ਼ ਅਤੇ ਅਥਰੇ ਸਾਨ੍ਹਾਂ ਵਾਂਗ ਭੂਤਰ ਹੋਏ ਅਬਦਾਲੀ ਕੋਲੋਂ ਦੇਸ਼ ਦੀ ਧੰਨ ਦੌਲਤ ਅਤੇ ਇਜ਼ਤ (ਬਹੂ ਬੇਟੀਆਂ) ਆਦਿ ਨੂੰ ਹਰ ਹੀਲੇ ਛੁਡਾਉਣਾ ਹੈ। ਇਉਂ ਬਾਬਾ ਜੀ ਦੀ ਸੁਚੱਜੀ ਅਗਵਾਈ ਵਿੱਚ ਖੂੰਖਾਰ ਅਬਦਾਲੀ ਤੇ ਜਬਰਦਸਤ ਧਾਵਾ ਬੋਲ ਕੇ ਸਾਰਾ ਕੀਮਤੀ ਸਮਾਨ ਅਤੇ ਹਿੰਦੂ ਔਰਤਾਂ ਅਬਲਾਵਾਂ ਨੂੰ ਛਡਾਇਆ, ਜਿਸ ਵਿੱਚ ਲਗ-ਪਗ 300 ਹਿੰਦੋਸਤਾਨੀ ਇਸਤਰੀਆਂ 100 ਜਵਾਨ ਲੜਕੇ ਵੀ ਸਨ। ਅਗਲੇ ਹੱਲੇ ਵਿੱਚ ਬਾਬਾ ਜੀ ਦੀ ਅਗਵਾਈ ਵਿੱਚ ਸਿੰਘਾਂ ਨੇ 2200 ਦੇ ਕਰੀਬ ਔਰਤਾਂ ਜਿਨ੍ਹਾਂ ਨੂੰ ਹਿੰਦੂਆਂ ਵਿੱਚ ਮਰਦ ਪ੍ਰਧਾਨ ਸਮਾਜ ਨੇ ਅਬਲਾਵਾਂ ਬਣਾ ਰੱਖਿਆ ਸੀ ਨੂੰ ਛੁਡਾ ਕੇ ਉਨ੍ਹਾਂ ਦੇ ਘਰੋ ਘਰੀਂ ਪੁਚਾਇਆ ਪਰ ਫਿਰ ਵੀ ਬਹੁਤ ਸਾਰੀਆਂ ਹਿੰਦੂ ਬੀਬੀਆਂ ਵਾਪਸ ਨਾਂ ਗਈਆਂ ਅਤੇ ਇਜ਼ਤ ਆਬਰੂ ਬਚਾਉਣ ਵਾਲੇ ਸਿੰਘਾਂ ਦੇ ਦਲ ਵਿੱਚ ਰਲ ਕੇ ਸਿੰਘ ਸਜ ਗਈਆਂ ਕਿਉਂਕਿ ਸਿੰਘਾਂ ਨੇ ਇਜ਼ਤ ਬਚਾਉਣ ਵੇਲੇ ਜਾਤ-ਪਾਤ ਜਾਂ ਮਜ਼੍ਹਬ ਨਹੀਂ ਸੀ ਦੇਖਿਆ ਸਗੋਂ ਮਨੁੱਖਤਾ ਦੀ ਖਾਤਰ ਇਹ ਧਰਮ ਪਾਲਿਆ ਸੀ। ਲੋਕ ਸਿੰਘਾਂ ਦੇ ਐਸੇ ਕਾਰਨਾਮੇ ਕਰਤਵ ਦੇਖ ਕੇ ਉਨ੍ਹਾਂ ਨੂੰ ਆਪਣੀ ਇਜ਼ਤ ਆਬਰੂ ਦੇ ਰਾਖੇ ਸਮਝਣ ਲੱਗ ਪਏ ਸਨ ਅਤੇ ਜਦ ਕੋਈ ਐਸੀ ਘਟਨਾਂ ਵਾਪਰਦੀ ਤਾਂ ਲੋਕ ਕਹਿ ਉੱਠਦੇ “ਮੋੜੀਂ ਬਾਬਾ ਕੱਛ ਵਾਲਿਆ ਛਈ, ਰੰਨ ਬਸਰੇ ਨੂੰ ਗਈ” ਜਦ ਤਾਂ ਕੋਈ ਹਿੰਦੂ ਸਮਰਾਟ ਮਰਹੱਟਾ, ਰੁਹੇਲਾ, ਰਾਜਪੂਤ ਇਨ੍ਹਾਂ ਆਤਰ ਹੋਈਆਂ ਅਬਲਾਵਾਂ ਦੀ ਮਦਦ ਤੇ ਨਾਂ ਪੁੱਜਾ ਜੋ ਹਕੂਮਤ ਦੇ ਨਸ਼ੇ ਵਿੱਚ ਸੰਨ 1984 ਨੂੰ ਅਹਿਸਾਨ ਫਰਮੋਸ਼ ਅਤੇ ਬੇਗੈਰਤਾ ਹੋ ਉਨ੍ਹਾਂ ਹੀ ਸਿੰਘਾਂ ਦੇ ਵਾਰਸਾਂ ਦੇ ਘਰਾਂ ਨੂੰ ਲੁੱਟਦਾ, ਅੱਗ ਲਾਉਂਦਾ ਅਤੇ ਬੇਬਸ ਔਰਤਾਂ ਦੀ ਸ਼ਰੇਆਮ ਇਜ਼ਤ ਲੁੱਟ ਰਿਹਾ ਸੀ। ਖੈਰ! ਆਪਾਂ ਆਪਣੇ ਵਿਸ਼ੇ ਵੱਲ ਆਈਏ।
ਅਬਦਾਲੀ ਸਿੰਘਾਂ ਕੋਲੋਂ ਆਪਣੀ ਚੰਗੀ ਝਾੜ-ਝੰਬ ਅਤੇ ਲੁੱਟ-ਖੋਹ ਕਰਵਾ ਕੇ ਜਾਂਦਾ ਹੋਇਆ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਪੰਜਾਬ ਦਾ ਸੂਬੇਦਾਰ ਅਤੇ ਜ਼ਹਾਨ ਖਾਂ ਨੂੰ ਸੈਨਾਪਤੀ ਬਣਾ ਕੇ ਇਹ ਐਲਾਨ ਕਰ ਗਿਆ ਕਿ ਸਿੱਖੀ ਦੇ ਧੁਰੇ ਅੰਮ੍ਰਿਤਸਰ ਨੂੰ ਢਹਿ ਢੇਰੀ ਕੀਤਾ ਅਤੇ ਸਰੋਵਰ ਨੂੰ ਪੂਰ ਦਿੱਤਾ ਜਾਵੇ।ਇਸ ਹੁਕਮ ਦੀ ਤਾਮੀਲ ਕਰਦਿਆਂ ਜ਼ਹਾਨ ਖਾਂ ਨੇ ਭਾਰੀ ਲਾਓ ਲਸ਼ਕਰ ਲੈ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਜਬਰਦਸਤ ਹਮਲਾ ਕਰ ਦਿੱਤਾ। ਉਸ ਵੇਲੇ ਬਾਬਾ ਗੁਰਬਖਸ਼ ਸਿੰਘ ਜੀ “ਲੀਲ ਪਿੰਡ” ਵਾਸੀ ਨੇ ਕਰੀਬ ਆਪਣੇ 30 ਸਾਥੀਆਂ ਨਾਲ ਇਸ ਦੁਰਾਨੀ ਉੱਤੇ ਸਾਹਮਣਿਓਂ ਮੂੰਹ ਤੋੜਵਾਂ ਹੱਲਾ ਬੋਲ ਕੇ ਇਸ ਦੀਆਂ ਫੌਜਾਂ ਵਿੱਚ ਅਫੜਾ-ਤੜਫੀ ਪੈਦਾ ਕਰ ਦਿੱਤੀ ਪਰ ਸ਼ਾਹੀ ਫੌਜਾਂ ਭਾਰੀ ਗਿਣਤੀ ਵਿੱਚ ਹੋਣ ਕਰਕੇ ਸਿੰਘਾਂ ਦਾ ਬਹੁਤਾ ਵੱਸ ਨਾਂ ਚੱਲਿਆ ਫਿਰ ਵੀ ਵੈਰੀ ਦੇ ਸਨਮੁੱਖ ਲੋਹੇ ਨਾਲ ਲੋਹਾ ਖੜਕਾਉਂਦੇ ਸਿੰਘ ਸ਼ਹੀਦ ਹੋ ਗਏ ਪਰ ਵੈਰੀ ਦੇ ਕਾਬੂ ਨਹੀਂ ਆਏ। ਹਕੂਮਤ ਦੇ ਨਸ਼ੇ ਵਿੱਚ ਬਦਮਸਤ ਜ਼ਹਾਨ ਖਾਂ ਸ਼ਾਹੀ ਲਸ਼ਕਰ ਦੀ ਮਦਦ ਨਾਲ ਦਰਬਾਰ ਸਾਹਿਬ ਤੇ ਕਾਬਜ ਹੋ ਕੇ ਪਵਿਤਰ ਸਰੋਵਰ ਨੂੰ ਪੂਰ, ਸਰਬਸਾਂਝੇ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬੇਅਦਬੀ ਕਰ, ਸਮੁੱਚੇ ਦਰਬਾਰ ਸਹਿਬ ਦੇ ਏਰੀਏ ਨੂੰ ਘੇਰਾ ਪਾ, ਸ਼ਾਹੀ ਫੌਜਾਂ ਦਾ ਪਹਿਰਾ ਲਗਾ ਕੇ ਵਾਪਸ ਮੁੜ ਗਿਆ। ਜਦ ਇਸ ਘੋਰ ਬੇਦਬੀ ਦੀ ਖਬਰ ਬੁੱਢੇ ਸ਼ੇਰ ਬਾਬਾ ਦੀਪ ਸਿੰਘ ਜੀ ਨੂੰ ਦਮਦਮੇ (ਸਾਬੋ ਕੀ ਤਲਵੰਡੀ) ਵਿਖੇ ਮਿਲੀ ਤਾਂ ਬਾਬਾ ਜੀ ਅਤੇ ਸਾਥੀ ਸੂਰਮਿਆਂ ਦੇ ਸੀਨੇ ਧੜਕ, ਡੌਲੇ ਫੜਕ ਅਤੇ ਗੈਰਤ ਦੇ ਭਾਂਬੜ ਮੱਚ ਉੱਠੇ। ਬਾਬਾ ਜੀ ਨੇ ਉਸੇ ਵੇਲੇ ਬੇਅਦਬੀ ਕਰਨ ਵਾਲੇ ਜ਼ਾਲਮਾਂ ਨੂੰ ਸੋਧਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਸਿੰਘੋ! ਗੁਰਧਾਮ ਸਾਨੂੰ ਪ੍ਰਾਣਾਂ ਤੋਂ ਵੀ ਪਿਆਰੇ ਹਨ ਫਿਰ ਉਹ ਅਸਥਾਨ ਜਿੱਥੇ ਚਹੁੰ ਵਰਨਾਂ ਨੂੰ ਸਾਂਝਾ ਉਪਦੇਸ਼ ਮਿਲਦਾ ਹੈ, ਜਿੱਥੋਂ ਭੁੱਖਿਆਂ ਨੂੰ ਰੋਟੀ, ਬੇਆਸਰਿਆਂ ਨੂੰ ਆਸਰਾ, ਨਿਥਾਵਿਆਂ ਨੂੰ ਥਾਂ, ਨਿਗੱਤਿਆਂ ਨੂੰ ਗਤਿ, ਨਿਪੱਤਿਆਂ ਨੂੰ ਪਤਿ, ਰਾਹੀਆਂ ਨੂੰ ਰੈਣ ਬਸੇਰਾ, ਸੱਚ ਦੇ ਪੁਜਾਰੀਆਂ ਨੂੰ ਆਤਮ ਬਲ ਮਿਲਦਾ, ਬੇਪੱਤਿਆਂ ਦੀ ਪਤਿ ਢੱਕੀ ਅਤੇ ਇਜ਼ਤ ਬਚਾਈ ਜਾਂਦੀ ਹੈ ਓਥੇ ਇਸ ਜ਼ਾਲਮ ਹਕੂਮਤ ਨੇ ਐਸਾ ਪਾਪ ਕਮਾਇਆ ਹੈ ਜਿਸ ਦੀ ਸਜਾ ਗੁਰੂ ਕਾ ਖਾਲਸਾ ਦੇਣੀ ਜਾਣਦਾ ਹੈ “ਗੁਰ ਕੀ ਨਿੰਦਾ ਸੁਣੇ ਨਾ ਕਾਨ। ਭੇਟਤ ਕਰੇ ਸੰਗ ਕ੍ਰਿਪਾਨ” ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਤਿਆਰ ਹੋ ਜਾਓ! ਬਾਬਾ ਜੀ ਨੇ ਖੰਡੇ ਦੀ ਨੋਕ ਨਾਲ ਲਕੀਰ ਕੱਢੀ ਕਿ ਗੁਰੂ ਸਿਧਾਂਤਾਂ ਦੀ ਰਾਖੀ ਲਈ ਜਾਨਾਂ ਵਾਰਨ ਅਤੇ ਕੁਰਬਾਨ ਹੋਣ ਵਾਲੇ ਲਕੀਰ ਟੱਪ ਆਓ! ਐਸੀ ਲਹੂ ਭਰੀ ਤਕਰੀਰ ਦਾ ਜਾਦੂਈ ਅਸਰ ਹੋਇਆ ਕਿ ਇੱਕ ਵੀ ਸਿੰਘ ਪਿੱਛੇ ਨਾਂ ਹਟਿਆ ਸਾਰੇ ਲਕੀਰ ਪਾਰ ਕਰ ਗਏ। ਬਾਬਾ ਜੀ ਅਰਦਾਸਾ ਸੋਧ ਕੇ, ਸਾਥੀ ਯੋਧਿਆਂ ਸਮੇਤ ਵੈਰੀ ਨੂੰ ਕੀਤੇ ਦਾ ਫਲ ਭੁਗਤਾਉਣ ਲਈ, ਘੋੜਿਆਂ ਤੇ ਕਾਠੀਆਂ ਪਾ, ਸ਼ਸ਼ਤਰ-ਬਸਤਰ ਸੂਤ ਕੇ ਪਿੰਡੋ-ਪਿੰਡੀ ਘੋੜਿਆਂ ਨੂੰ ਅੱਡੀਆਂ ਮਾਰਦੇ, ਦਰਬਾਰ ਸਾਹਿਬ ਦੀ ਬੇਅਦਬੀ ਦੀ ਖਬਰ ਦਾ ਪੱਲੂ ਫੇਰਦੇ ਅਤੇ, ਮਾਰੋ-ਮਾਰ ਕਰਦੇ ਹੋਏ ਸ੍ਰੀ ਅੰਮ੍ਰਿਤਸਰ ਵੱਲ ਵੱਧਣ ਲੱਗੇ।ਪਿੰਡਾਂ-ਸ਼ਹਿਰਾਂ ਦੇ ਲੋਕ ਵੀ ਬਾਬਾ ਦੀਪ ਸਿੰਘ ਦੇ ਕਾਫਲੇ ਨਾਲ ਘੋੜੇ ਅਤੇ ਕ੍ਰਿਪਾਨਾਂ ਸਮੇਤ ਰਲਦੇ ਗਏ। ਇਉਂ 500 ਸਿੰਘਾਂ ਦਾ ਜਥਾ ਜੋ ਦਮਦਮੇ ਤੋਂ ਤੁਰਿਆ ਸੀ ਅੰਮ੍ਰਿਤਸਰ ਤੱਕ ਪਹੁੰਚਦਿਆਂ 5000 ਦੀ ਗਿਣਤੀ ਟੱਪ ਗਿਆ। ਓਧਰ ਜਦ ਜ਼ਹਾਨ ਖਾਂ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ 20,000 ਫੌਜ ਲੈ ਕੇ ਆਇਆ ਅਤੇ ਅੰਮ੍ਰਿਤਸਰ ਤੋਂ ਪੰਜ ਕੁ ਮੀਲ ਦੀ ਦੂਰੀ ਤੇ ਸਿੰਘਾਂ ਉੱਤੇ ਟੁੱਟ ਪਿਆ, ਬੜਾ ਭਿਆਨਕ ਜੰਗ ਹੋਇਆ। ਸਿੰਘਾਂ ਨੇ ਬਕਰਿਆਂ ਵਾਂਗ ਵੈਰੀ ਝਟਕਾਏ, ਸਿੰਘਾਂ ਦੇ ਜੋਸ਼ ਅੱਗੇ ਖੂੰਖਾਰ ਸ਼ਾਹੀ ਫੌਜਾਂ ਦੀ ਪੇਸ਼ ਨਾਂ ਗਈ ਉਹ ਪਿੱਛੇ ਨੂੰ ਭੱਜਣ ਲੱਗੀ ਤਾਂ ਐਨ ਉਸੇ ਵਕਤ ਜਰਨੈਲ ਅਤਾਈ ਖਾਂ ਹੋਰ ਤਾਜਾ ਦਮ ਫੌਜ ਲੈ ਪੁੱਜਾ।
ਇਧਰ ਬਾਬਾ ਦੀਪ ਸਿੰਘ ਜੀ ਅਨੇਕਾਂ ਫੱਟ ਸਰੀਰ ਤੇ ਖਾ ਕੇ ਵੀ ਖੰਡਾ ਖੜਕਾਉਂਦੇ ਹੋਏ ਵੈਰੀਆਂ ਦੇ ਆਹੂ ਲਾਹ ਰਹੇ ਸਨ ਕਿ ਅਚਾਨਕ ਇੱਕ ਸਾਂਝਾ ਵਾਰ ਬਾਬਾ ਜੀ ਅਤੇ ਜਹਾਨ ਖਾਂ ਦਾ ਹੋ ਗਿਆ ਜਿਸ ਵਿੱਚ ਜਿੱਥੇ ਜਹਾਨ ਖਾਂ ਦਾ ਸਿਰ ਮੋਛੇ ਵਾਂਗ ਵੱਢਿਆ ਗਿਆ ਓਥੇ ਬਾਬਾ ਜੀ ਦੀ ਵੀ ਸਾਂਝੇ ਵਾਰ ਵਿੱਚ ਅੱਧੀ ਧੌਣ ਕੱਟੀ ਗਈ। ਸਿਰਲੱਥ ਯੋਧਾ ਘਬਰਾਇਆ ਨਹੀਂ ਸਗੋਂ ਇਸ ਗਰਮ ਜੋਸ਼ੀ ਵਿੱਚ ਇੱਕ ਹੱਥ ਨਾਲ ਸੀਸ ਨੂੰ ਸਹਾਰਾ ਦੇ ਅਤੇ ਦੂਜੇ ਹੱਥ ਨਾਲ ਖੰਡਾ ਵੌਂਹਦੇ ਹੋਏ ਵੈਰੀ ਨੂੰ ਭਾਜੜਾਂ ਪਾਈ ਗਿਆ। ਜੋ ਲੋਕ ਇਹ ਸੀਨ ਦੇਖ ਰਹੇ ਸਨ ਉਨ੍ਹਾਂ ਦੀਆਂ “ਮੂੰਹ ਚ’ ਉਂਗਲਾਂ ਪੈ ਗਈਆਂ” ਕਿ ਪਤਾ ਨਹੀਂ ਇਹ ਗੁਰੂ ਦੇ ਸਿੱਖ ਕਿਹੜੀ ਮਿਟੀ ਦੇ ਬਣੇ ਹਨ, ਗੁਰੂ ਨੇ ਇਨ੍ਹਾਂ ਵਿੱਚ ਐਸੀ ਸਪ੍ਰਿਟ ਭਰੀ ਹੈ ਕਿ ਇਹ ਸਿਰ ਕੱਟੇ ਜਾਣ ਤੇ ਵੀ ਜਾਹੋ-ਜਲਾਲ ਨਾਲ ਮੈਦਾਨ ਵਿੱਚ ਲੜੀ ਜਾ ਰਹੇ ਹਨ। ਇਨ੍ਹਾਂ ਦੇ ਗੁਰੂ ਨੇ ਵਾਕਿਆ ਹੀ ਗੁਰਬਾਣੀ ਵਿੱਚ ਦਰਸਾਇਆ ਹੈ ਕਿ “ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰ ਧਰ ਤਲੀ ਗਲੀ ਮੇਰੀ ਆਓ” ਸਿੰਘ ਵਾਕਿਆ ਹੀ ਜਾਨਾਂ ਤੱਲੀ ਤੇ ਰੱਖ, ਭਾਵ ਆਪਾ ਗੁਰੂ ਨੂੰ ਸਮਰਪਣ ਕਰਕੇ, ਐਸੇ ਸਰੂਰ ਵਿੱਚ ਕਟੇ-ਵੱਢੇ ਵੀ ਲੜੀ ਜਾ ਰਹੇ ਹਨ। ਆਖਰ ਬਾਬਾ ਜੀ ਆਖਰੀ ਦਮ ਤੱਕ ਵੈਰੀ ਨਾਲ ਜੂਝਦੇ ਹੋਏ ,ਜ਼ਹਾਨ ਖਾਂ ਵਰਗੇ ਖੱਬੀ ਖਾਂ ਜਰਨੈਲ ਨੂੰ ਸੈਂਕੜਿਆਂ ਸਮੇਤ ਵੱਢ-ਕੱਟ ਕੇ, ਕੀਤੀ ਦਾ ਫਲ ਭੁਗਤਾਉਂਦੇ ਹੋਏ, ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਰਾਮਸਰ ਦੇ ਅਸਥਾਂਨ ਉੱਤੇ ਲਾਸਾਨੀ ਸ਼ਹੀਦੀ ਪਾ ਗਏ। ਜਿੱਥੇ ਅੱਜ ਕੱਲ ਗੁਰਦੁਆਰਾ ਸ਼ਹੀਦ ਗੰਜ ਸੁਭਾਇਮਾਨ ਹੈ। ਇਉਂ ਬੁੱਢਾ ਸ਼ੇਰ ਬਾਬਾ ਦੀਪ ਸਿੰਘ ਕਰੀਬ 80 ਸਾਲ ਦੀ ਵਡੇਰੀ ਉੱਮਰ ਵਿੱਚ 18 ਸੇਰ ਦਾ ਖੰਡਾ ਚਲਾਉਂਦਾ ਹੋਇਆ ਇਹ ਦਰਸਾ ਗਿਆ ਕਿ ਗੁਰੂ ਦੀ ਰਹਿਮਤ ਨਾਲ ਬੁੱਢੇ ਵੀ ਹਜਾਰਾਂ ਜਵਾਨਾਂ ਨੂੰ ਮਾਤ ਪਾਉਂਦੇ, ਗੁਰੂ ਤੋਂ ਕੁਰਬਾਨ ਹੁੰਦੇ ਹੋਏ, ਗੁਰੂ ਵੱਲ ਕੈਰੀ ਅੱਖ ਕਰਕੇ ਵੇਖਣ ਵਾਲਿਆਂ ਦੀਆਂ ਬਾਜ਼ ਵਾਂਗ ਝੜਪ ਮਾਰ ਕੇ ਅੱਖਾਂ ਕੱਢ ਸਕਦੇ ਹਨ।
ਜਰਾ ਇਧਰ ਧਿਆਨ ਦਿਓ ਕਿ ਸਿੱਖ ਧਰਮ ਅਤੇ ਸਿੱਖਾਂ ਦੇ ਕੇਂਦਰੀ ਅਸਥਾਨ ਹਰੇਕ ਹਕੂਮਤ ਅਤੇ ਧਰਮ ਦੀਆਂ ਅੱਖਾਂ ਵਿੱਚ ਰੜਕੇ ਹਨ ਕਿਉਂਕਿ ਓਥੇ ਸੱਚ-ਜਥਾਰਥ ਦਾ ਪ੍ਰਚਾਰ ਅਤੇ ਪਸਾਰ ਹੁੰਦਾ ਹੈ ਅਤੇ ਮਨੋ ਕਲਪਿਤ ਕਥਾ-ਕਹਾਣੀਆਂ ਸੁਣਾ ਕੇ, ਅੰਧਵਿਸ਼ਵਾਸ਼ ਫਲਾ ਕੇ, ਲੋਕਾਈ ਨੂੰ ਲੁਟਿਆ ਨਹੀਂ ਜਾਂਦਾ, ਜੋ ਬਾਕੀ ਕਈ ਧਰਮਾਂ ਵਿੱਚ ਹੁੰਦਾ ਸੀ ਤੇ ਅੱਜ ਵੀ ਹੋ ਰਿਹਾ ਹੈ। ਪਰ ਬਦ ਕਿਸਮਤੀ ਨਾਲ ਐਸਾ ਗਿਆਨ-ਵਿਗਿਆਨਮਈ ਸਦਾ ਅਗਾਂਹ ਵਧੂ ਧਰਮ ਭੇਖੀ ਅਤੇ ਧੋਖੇਬਾਜ ਧਾਰਮਿਕ ਅਤੇ ਰਾਜਨੀਤਕ ਲੀਡਰਾਂ ਦੇ ਸਕੰਜੇ ਵਿੱਚ ਆ ਚੁੱਕਾ ਹੈ। ਜੋ ਗੁਰੂ ਗ੍ਰੰਥ ਸਾਹਿਬ (ਸੱਚ ਦੀ ਬਾਣੀ) ਨੂੰ ਕੇਵਲ ਤੇ ਕੇਵਲ ਰੁਮਾਲਿਆਂ ਵਿੱਚ ਢੱਕ, ਧੂਫਾਂ ਧੁਖਾ, ਗਿਣਤੀ-ਮਿਣਤੀ ਦੇ ਪਾਠ, ਕੀਰਤਨ ਅਤੇ ਕਥਾ ਕਰ ਪੈਸੇ ਹੀ ਨਹੀਂ ਕਮਾ ਰਹੇ ਸਗੋਂ ਗੁਰੂ ਸਿਧਾਂਤਾਂ ਦੀ ਬੇਅਦਬੀ ਵੀ ਕਰ ਰਹੇ ਹਨ। ਅੱਜ ਕੌਮ ਨੂੰ ਬਾਬਾ ਦੀਪ ਸਿੰਘ ਵਰਗੇ ਸੰਤ-ਸਿਪਾਹੀ ਜਥੇਦਾਰ ਆਗੂਆਂ ਦੀ ਲੋੜ ਹੈ, ਜੋ ਅੱਜ ਹੋ ਰਹੀ ਗੁਰੂ ਸਿਧਾਂਤਾਂ ਦੀ ਐਸੀ ਘੋਰ ਬੇਦਬੀ ਨੂੰ ਗੁਰ-ਸ਼ਬਦ ਅਤੇ ਸਾਂਝੀਵਾਲਤਾ ਦੇ ਖੰਡੇ ਨਾਲ ਰੋਕ ਸੱਕਣ ਪਰ ਅਜੋਕੇ ਭੇਖਧਾਰੀ ਆਗੂਆਂ ਨੇ ਬਾਬਾ ਜੀ ਦੇ ਸਿਧਾਂਤਕ ਕਾਰਨਾਮਿਆਂ ਨੂੰ ਵੀ ਕਰਾਮਾਤਾਂ ਨਾਲ ਜੋੜ ਦਿੱਤਾ ਹੈ। ਜੋ ਆਪਣੇ ਆਪ ਨੂੰ ਬਾਬਾ ਜੀ ਦੇ ਵਾਰਸ ਦਸਦੇ ਹੋਏ ਸੰਤ, ਬ੍ਰਹਮ ਗਿਆਨੀ ਅਤੇ ਮਹਾਂਰਾਜ ਅਖਵਾ ਰਹੇ ਹਨ ਅਤੇ ਕਰਮ ਬ੍ਰਾਹਮਣਾਂ ਵਾਲੀ ਬੇਲੋੜੀ ਸੁੱਚ-ਭਿੱਟ ਵਾਲੇ ਕਰ ਰਹੇ ਹਨ। ਜਿਵੇਂ ਗੁਰੂ ਗਰੰਥ ਸਾਹਿਬ ਜੀ ਜੋ “ਸ਼ਬਦ ਗੁਰ” ਹਨ ਉਨ੍ਹਾਂ ਨਾਲ ਧੂਪਾਂ, ਜੋਤਾਂ, ਮੌਲੀਆਂ, ਗਾਨੇ, ਤਰ੍ਹਾਂ-ਤਰ੍ਹਾਂ ਦੀਆਂ ਸਮਗਰੀਆਂ ਅਤੇ ਨਾਰੀਅਲ ਭੇਟ ਕੀਤੇ ਜਾ ਰਹੇ ਹਨ।ਗਿਣਤੀ-ਮਿਣਤੀ ਦੇ ਜਾਪ, ਅਖੰਡ ਅਤੇ ਸੰਪਟਪਾਠਾਂ ਦੀਆਂ ਆਪੂੰ ਬਣਾਈਆਂ ਵਿਧੀਆਂ ਨਾਲ ਭੋਲੇ-ਭਾਲੇ ਅਗਿਆਨੀ ਸਿੱਖਾਂ ਨੂੰ ਲੁੱਟਿਆ ਜਾ ਰਿਹਾ ਹੈ। ਆਂਮ ਮਾਈ ਭਾਈ ਨੂੰ ਗੁਰਬਾਣੀ ਦੀ ਬੇਅਦਬੀ ਹੋਣੀ ਦਾ ਡਰ ਦੇ ਕੇ ਆਪ “ਗੁਰਬਾਣੀ-ਪਾਠ–ਵਿਚਾਰ” ਕਰਨੋਂ ਇਹ ਸੰਪ੍ਰਦਾਈ ਡੇਰੇਦਾਰ ਹਟਾ ਰਹੇ ਹਨ। ਅੱਜ ਮੁਗਲਾਂ ਨੂੰ ਨਹੀਂ ਸਗੋਂ ਐਸੇ ਸੰਪ੍ਰਾਦਈ ਡੇਰੇਦਾਰ ਪ੍ਰਬੰਧਕਾਂ ਨੂੰ ਭਜਾ ਕੇ ਗੁਰਧਾਮ ਅਜ਼ਾਦ ਕਰਾਉਣ ਦੀ ਲੋੜ ਹੈ। ਬਾਬਾ ਜੀ ਸੰਤ-ਸਿਪਾਹੀ ਹੁੰਦੇ ਹੋਏ ਗੁਰਮਤਿ ਦੇ ਮਹਾਂਨ ਪ੍ਰਚਾਰਕ ਵੀ ਸਨ ਨਾਂ ਕਿ ਕਿਸੇ ਸੰਪਦ੍ਰਾਇ ਦੇ ਮੁਖੀ। ਯਾਦ ਰੱਖੋ ਗੁਰੂ ਨੇ ਨਿਰਮਲ ਪੰਥ-ਸਿੱਖ ਪੰਥ-ਖਾਲਸਾ ਪੰਥ ਸਾਜਿਆ ਸੀ ਨਾਂ ਕਿ ਕੋਈ ਡੇਰਾ-ਟਕਸਾਲ-ਸੰਪ੍ਰਦਾ। ਦਸਮੇਸ਼ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਥੇਦਾਰ ਥਾਪਿਆ ਸੀ ਜਿਸ ਨੇ 8 ਸਾਲ ਵੱਧੀਆ ਰਾਜ ਕੀਤਾ ਅਤੇ ਜ਼ਾਲਮਾਂ ਨੂੰ ਚੰਗਾ ਸੋਧਾ ਲਾਇਆ। ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਸਿੰਘਾਂ ਦੇ 65 ਜਥੇ ਬਣ ਗਏ, ਇਨ੍ਹਾਂ ਤੋਂ ਹੀ ਅਗਾਂਹ ਬਾਰਾਂ ਮਿਸਲਾਂ ਬਣੀਆਂ ਜਿਨ੍ਹਾਂ ਵਿੱਚੋਂ ਬਾਬਾ ਦੀਪ ਸਿੰਘ ਸ਼ਹੀਦ “ਮਿਸਲ ਸ਼ਹੀਦਾਂ” ਦੇ ਹੀ ਜਥੇਦਾਰ ਸਨ ਨਾਂ ਕਿ ਕਿਸੇ ਟਕਸਾਲ ਜਾਂ ਸੰਪ੍ਰਦਾਇ ਦੇ ਮੁਖੀ ਸੰਤ। ਸੰਪ੍ਰਦਾਵਾਂ ਦਾ ਪਿਛੋਕੜ ਤਾਂ ਨਿਰਮਲੇ ਸਾਧਾਂ ਆਦਿਕ ਨਾਲ ਜੁੜਦਾ ਹੈ ਜਿਨ੍ਹਾਂ ਵਿੱਚ ਇਨ੍ਹਾਂ ਦੇ ਇੱਕ ਮੁਖੀ ਦੇ ਨਾਂ ਪਿੱਛੇ ਸਿੰਘ ਦੀ ਥਾਂ ਚੰਦ ਵੀ ਲੱਗਾ ਹੋਇਆ ਹੈ। ਬਾਬਾ ਜੀ ਦਾ ਬਾਣਾ ਸੰਤ-ਸਿਪਾਹੀਆਂ ਵਾਲਾ ਸੀ। ਬਾਬਾ ਜੀ ਸਿਰ ਤੇ ਦੁਮਾਲਾ ਸਜਾਉਂਦੇ, ਉੱਪਰ ਖੰਡਾ, ਚੱਕਰ ਧਾਰਨ ਕਰਦੇ ਅਤੇ ਹੱਥ ਵਿੱਚ ਅਠਾਰਾਂ ਸੇਰਾ ਖੰਡਾ ਰੱਖਦੇ ਸਨ ਪਰ ਆਪਣੇ ਆਪ ਨੂੰ ਸ਼ਹੀਦ ਬਾਬਾ ਦੀਪ ਸਿੰਘ ਦੇ ਜਾਂਨਸ਼ੀਨ ਦੱਸਣ ਵਾਲੇ ਇਸ ਦੇ ਉਲਟ ਸਾਧ-ਬਾਣਾ ਧਾਰਨ ਕਰਦੇ ਹਨ। ਦਸਤਾਰ ਉੱਤੇ ਖੰਡਾ ਅਤੇ ਚੱਕਰ ਨਹੀਂ ਪਹਿਨਦੇ। ਬਾਬਾ ਜੀ ਨੇ ਬਹਾਦਰੀ ਕਾਰਨਾਮੇ ਕੀਤੇ ਅਤੇ ਸਿ਼ਕਾਰ ਵੀ ਖੇਡੇ ਪਰ ਅਜੋਕੇ ਸੰਪ੍ਰਦਾਈ ਕਹਿੰਦੇ ਹਨ ਕਿ ਬਾਬਾ ਜੀ ਕੱਚੇ ਬੇਰ ਖਾ ਕੇ ਗੁਜਾਰਾ ਕਰਦੇ ਸਨ। ਜਰਾ ਸੋਚੋ! ਕੱਚੇ ਬੇਰ ਖਾਣ ਵਾਲਾ 18 ਸੇਰ ਦਾ ਭਾਰੀ ਖੰਡਾ ਵਾਹ ਸਕਦਾ ਹੈ? ਬਾਬਾ ਜੀ ਕੇਵਲ ਤੇ ਕੇਵਲ ਸ਼ਬਦ ਗੁਰੂ “ਗੁਰੂ ਗ੍ਰੰਥ ਸਾਹਿਬ” ਜੀ ਨੂੰ ਹੀ ਗੁਰੂ ਮੰਨਦੇ, ਉਸ ਦਾ ਹੀ ਪ੍ਰਕਾਸ਼ ਅਤੇ ਪ੍ਰਚਾਰ ਕਰਦੇ ਸਨ ਪਰ ਅਜੋਕੇ ਸੰਪਦਾਈ ਗੁਰਤਾ ਦੇ ਮਾਲਕ “ਗੁਰੂ ਗ੍ਰੰਥ ਸਾਹਿਬ” ਜੀ ਦੇ ਬਰਾਬਰ ਅਸ਼ਲੀਲ ਰਚਨਾ ਨਾਲ ਭਰੇ ਪਏ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਦੇ ਹਨ ਜੋ ਪ੍ਰਮਾਣੀਕ ਇਤਿਹਾਸਕਾਰਾਂ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਕੋਈ 50 ਸਾਲ ਪਿੱਛੋਂ ਹੋਂਦ ਵਿੱਚ ਆਇਆ।
ਗੁਰੂ ਪਿਆਰੀ ਸਾਧ ਸੰਗਤ ਜੀ ਅਤੇ ਪਾਠਕ ਜਨੋ! ਅੱਜ ਸੱਚੇ ਮਨ ਨਾਲ ਆਪਣੇ ਧੁਰ ਅੰਦਰ ਝਾਤ ਮਾਰ ਕੇ ਦੇਖੋ ਉਸੇ ਬੁੱਢੇ ਸ਼ੇਰ ਸਿਰਲੱਥ ਯੋਧੇ, ਕਹਿਣੀ, ਕਥਨੀ ਅਤੇ ਕਰਣੀ ਦੇ ਸੂਰੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਸ਼ਹੀਦੀ ਅਸਥਾਂਨ ਗੁਰਦੁਆਰਾ ਸ਼ਹੀਦ ਗੰਜ ਅੰਮ੍ਰਿਤਸਰ ਅਤੇ ਹੋਰ ਗੁਰਧਾਮਾਂ ਵਿਖੇ ਅਜੋਕੇ ਪੁਜਾਰੀ ਅਤੇ ਧਰਮ ਆਗੂ ਕੀ ਕਰ ਰਹੇ ਹਨ? ਅਬਦਾਲੀ ਨੇ ਤਾਂ ਸਿਰਫ ਬਿਲਡਿੰਗ ਢਾਹੀ ਸੀ, ਅੱਜ ਇਹ ਲੋਕ ਗੁਰ ਸਿਧਾਂਤ ਢਾਹ ਰਹੇ ਹਨ। ਸਹੀਦੀ ਅਸਥਾਨਾਂ ਅਤੇ ਗੁਰਦੁਆਰਿਆਂ ਨੂੰ ਮੂਰਤੀ ਪੂਜਾ ਦੇ ਮੰਦਰ ਬਣਾ ਦਿੱਤਾ ਹੈ। ਵੱਡ ਅਕਾਰੀ ਫੋਟੋਆਂ ਨੂੰ ਗੁਰੂ ਦੇ ਬਾਰਬਰ ਮੱਥੇ ਟੇਕੇ ਤੇ ਧੂਫਾਂ ਧੁਖਾਈਆਂ ਜਾ ਰਹੀਆਂ ਹਨ। ਠੇਕੇ ਤੇ ਅਖੰਡ ਪਾਠਾਂ ਦੀਆਂ ਲੜੀਆਂ ਚਲਾਈਆਂ ਜਾ ਰਹੀਆਂ ਹਨ। ਸ਼ਹੀਦਾਂ ਦੇ ਅਸਥਾਨਾਂ ਤੇ ਸੁਖਣਾ ਸੁੱਖੀਆਂ ਜਾ ਰਹੀਆਂ ਹਨ ਜੋ ਗੁਰਬਾਣੀ ਅਤੇ ਸਿੱਖ ਰਹਿਤ ਮਰਯਾਦਾ ਅਨੁਸਾਰ ਗਲਤ ਹਨ। ਕਹਿੰਦੇ ਹਨ ਕਿ “ਜਦ ਡੁਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਰੰਬੀਆਂ ਨਾਲ ਖੋਪਰ ਲਹਿੰਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ।
ਅੱਜ ਵੀ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਪਿੰਡ ਪਹੂਵਿੰਡ ਤੋਂ ਇੱਕ ਬਾਬਾ ਕਰਨਲ ਸੰਧੂ ਭੂਤਰੇ, ਵਿਗੜੇ ਹੋਏ, ਹੰਕਾਰੀ ਅਤੇ ਵਿਕਾਰੀ ਭੇਖੀ ਡੇਰਦਾਰ ਸਾਧਾਂ ਵਿਰੁੱਧ ਜੁਰਅਤ, ਦਲੇਰੀ ਅਤੇ ਕਨੂੰਨ ਦਾ ਖੰਡਾ ਚੱਕੀ ਫਿਰਦਾ ਹੈ ਜਿਸ ਦੇ ਇਸ ਖੰਡੇ ਨੇ ਪੂਹਲੇ ਵਰਗੇ ਸਰਕਾਰੀ ਟਾਊਟ ਨੂੰ ਜੇਲ੍ਹ ਕਰਵਾਈ ਅਤੇ ਇੱਕ ਖੂੰਖਾਰ ਜ਼ਾਲਮ ਅਤੇ ਬਲਾਤਕਾਰੀ ਸਾਧ ਨਾਲ ਦੋ ਹੱਥ ਕਰਦਾ ਹੋਇਆ ਕਨੂੰਨੀ ਲੜਾਈ ਲੜ ਰਿਹਾ ਹੈ। ਐਸ ਵੇਲੇ ਕਰਨਲ ਸੰਧੂ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕੁਲ ਦਾ ਹੀ ਚਰਾਗ ਹੈ। ਆਓ ਸਿੰਘੋ! ਆਪਾਂ ਵੀ ਬਾਬੇ ਦੀ ਖਿੱਚੀ ਲਕੀਰ ਪਾਰ ਕਰਕੇ ਧਰਮ ਦੇ ਨਾਂ ਤੇ ਚੱਲ ਰਹੇ ਪਖੰਡਾਂ ਦਾ ਗੁਰ ਗਿਆਨ ਦੇ ਖੰਡੇ ਨਾਲ ਪੜਦਾ ਫਾਸ਼ ਕਰੀਏ। ਗੁਰੂ ਗ੍ਰੰਥ ਜੀ ਦੀ ਕੀਤੀ ਜਾ ਰਹੀ ਬੇਅਦਬੀ ਰੋਕੀਏ। ਉਹ ਬੇਅਦਬੀ ਹੈ ਗੁਰੂ ਸਿਧਾਂਤਾਂ ਦੀ ਅਵੱਗਿਆ ਕਰਕੇ ਕੱਚੀ ਬਾਣੀ ਕਵਿਤਾ ਦੇ ਕੱਚੇ ਗ੍ਰੰਥ ਜੋ ਗੁਰੂ ਜੀ ਦੇ ਸ਼ਰੀਕ ਬਣਾਏ ਤੇ ਪ੍ਰਚਾਰੇ ਜਾ ਰਹੇ ਹਨ ਉਸ ਨੂੰ ਰੋਕੀਏ। ਹਰੇਕ ਮਾਈ ਭਾਈ ਨੂੰ ਬਾਣੀ ਪੜ੍ਹਨ, ਸੁਣਨ ਅਤੇ ਵਿਚਾਰਨ ਵੱਲ ਪ੍ਰੇਰੀਏ ਤਾਂ ਕਿ ਪੁਜਾਰੀਵਾਦ ਜੋ ਸ਼ਰੇਆਂਮ ਸ਼ਬਦ ਗੁਰੂ ਦੇ ਸਿਧਾਂਤ ਤੋੜ ਕੇ ਬੇਅਦਬੀ ਕਰ ਰਿਹਾ ਹੈ, ਨੂੰ ਨੱਥ ਪਾਈ ਜਾ ਸੱਕੇ। ਆਪਾਂ ਸਾਰੇ ਗੁਰੂ ਗ੍ਰੰਥ ਸਹਿਬ ਜੀ ਦੀ ਅੰਮ੍ਰਿਤ ਬਾਣੀ ਰੂਪੀ ਸ਼ਹਿਦ ਦੇ ਦੁਆਲੇ ਮਖਿਆਲ ਵਾਂਗ ਇਕੱਠੇ ਹੋਈਏ-ਸਾਧਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ (486) ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥(1412) ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਉ॥ ਖੇਤ ਜੁ ਮਾਂਡਿਓ ਸੂਰਮਾਂ ਅਬ ਜੂਝਣ ਕੋ ਦਾਉ॥ (1105) ਸਿਰ ਤਲੀ ਤੇ ਰੱਖਣਾ ਇੱਕ ਮੁਹਾਵਰਾ ਹੈ ਜਿਸ ਦਾ ਭਾਵ ਹੈ ਕਿ ਗੁਰੂ ਤੋਂ ਕੁਰਬਾਨ ਹੋਣ ਲਈ ਤਤਪਰ ਰਹਿਣਾ ਨਾਂ ਕਿ ਸਰੀਰਕ ਸਿਰ ਵੱਢ ਕੇ ਉਸ ਨੂੰ ਥਾਲੀ ਵਿੱਚ ਰੱਖ ਕੇ ਹੀ ਗੁਰੂ ਕੋਲ ਆਉਣਾ। ਅਜੋਕੇ ਸਮੇਂ ਵਿੱਚ ਵੀ ਸਿਰਲੱਥ ਯੋਧੇ ਬਾਬਾ ਜਰਨੈਲ ਸਿੰਘ, ਸੁੱਖਾ-ਜਿੰਦਾ, ਬੇਅੰਤ ਸਿੰਘ ਅਤੇ ਭਾ.ਦਿਲਾਵਰ ਸਿੰਘ ਵਰਗੇ ਹੋਰ ਵੀ ਅਨੇਕਾਂ ਹੋਏ ਹਨ ਜਿਨ੍ਹਾਂ ਨੇ ਜ਼ਾਲਮਾਂ ਨੂੰ ਸੋਧਾ ਲੌਂਦੇ ਹੋਏ ਆਪਣੇ ਹੱਕਾਂ ਦੀ ਖਾਤਰ ਹੱਸ ਹੱਸ ਜਾਨਾਂ ਵਾਰੀਆਂ। ਐਸੇ ਕਾਰਨਾਮੇ ਕਰਨ ਦਾ ਨਾਮ ਹੀ ਹਰ ਵੇਲੇ ਸਿਰ ਤਲੀ ਤੇ ਰੱਖਣਾ ਹੈ।
ਅਵਤਾਰ ਸਿੰਘ ਮਿਸ਼ਨਰੀ (5104325827)
--------------------------------------------------------------------------------