ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Tuesday, August 17, 2010

ਦੂਰੰਦੇਸ਼ੀ ਗੁਰਮਤਿ ਅਤੇ ਸਾਡੇ ਲੀਡਰ

ਦੂਰੰਦੇਸ਼ੀ ਗੁਰਮਤਿ ਅਤੇ ਸਾਡੇ ਲੀਡਰ

ਅਵਤਾਰ ਸਿੰਘ ਮਿਸ਼ਨਰੀ



ਸੰਸਕ੍ਰਿਤ ਵਿੱਚ ਦੂਰ ਦਾ ਅਰਥ ਹੈ ਜੋ ਨੇੜੇ ਨਹੀਂ, ਫਾਸਲੇ ਪੁਰ, ਵਿੱਥ ਤੇ। ਦੂਰੰਦੇਸ਼ ਫਾਰਸੀ ਦਾ ਲਫਜ਼ ਹੈ ਅਰਥ ਹੈ ਦੂਰਦਰਸ਼ੀ। ਪੰਜਾਬੀ ਵਿੱਚ-ਦੂਰ ਦੀ ਸੋਚਣ ਵਾਲਾ, ਚੰਗੇ ਮੰਦੇ ਦੀ ਪਹਿਚਾਣ ਕਰਨ ਵਾਲਾ, ਸੋਚ ਸਮਝ ਕੇ ਕੰਮ ਕਰਨ ਵਾਲਾ, ਸੁਚੇਤ। ਸੰਸਕ੍ਰਿਤ ਵਿੱਚ-ਦੀਰਘ ਦ੍ਰਿਸ਼ਟੀ ਵਾਲਾ ਆਦਿਕ। ਦੂਰੰਦੇਸ਼ ਹੋਣਾ ਵੀ ਇੱਕ ਉਂਤਮ ਗੁਣ ਅਤੇ ਰੱਬੀ ਦਾਤ ਹੈ। ਹਰੇਕ ਮਨੁੱਖ ਦੂਰੰਦੇਸ਼ ਨਹੀਂ ਹੋ ਸਕਦਾ ਸਗੋਂ ਵਿਚਾਰਵਾਨ ਹੀ ਇਸ ਮੁਰਾਤਬੇ ਨੂੰ ਪਹੁੰਚ ਸਕਦਾ ਹੈ। ਦੂਰੰਦੇਸ਼ੀ ਇੱਕ ਐਸਾ ਗੁਣ ਹੈ ਜਿਸ ਨੂੰ ਧਾਰਨ ਕਰਕੇ ਜੀਵਨ ਨੂੰ ਸਫਲ ਬਣਾਇਆ, ਬੁਰਾਈਆਂ ਅਤੇ ਆਫਤਾਂ ਤੋਂ ਬਚਾਇਆ ਜਾ ਸਕਦਾ ਹੈ। ਜੋ ਮਨੁੱਖ ਦੂਰੰਦੇਸ਼ ਹੁੰਦਾ ਹੈ ਹਰੇਕ ਕੰਮ ਸੋਚ ਸਮਝ ਕੇ ਦੀਰਘ ਦ੍ਰਿਸ਼ਟੀ ਨਾਲ ਕਰਦਾ ਹੈ ਜਿਸ ਨਾਲ ਉਸ ਨੂੰ, ਪ੍ਰਵਾਰ ਨੂੰ ਅਤੇ ਸੰਸਾਰ ਨੂੰ ਵੀ ਲਾਭ ਹੋਵੇ। ਉਹ ਅਉਣ ਵਾਲੇ ਸਮੇਂ ਬਾਰੇ ਪਹਿਲੇ ਹੀ ਜਾਂਚ ਲੈਂਦਾ ਅਤੇ ਵਕਤ ਨੂੰ ਵਿਚਾਰ ਕੇ ਚੱਲਦਾ ਹੈ-ਵਖਤੁ ਵਿਚਾਰੇ ਸੁ ਬੰਦਾ ਹੋਇ॥(84) ਇਵੇਂ ਹੀ ਜਿਨ੍ਹਾਂ ਕੌਮਾਂ ਦੇ ਆਗੂ ਦੂਰੰਦੇਸ਼ ਹੁੰਦੇ ਹਨ ਉਹ ਸਦਾ ਚੜ੍ਹਦੀਆਂ ਕਲਾਂ ਵਿੱਚ ਤਰੱਕੀ ਦੀਆਂ ਪੁਲਾਂਘਾਂ ਪੁੱਟਦੀਆਂ ਹਨ ਇਸ ਦੇ ਉਲਟ ਨਿਕੰਮੇ-ਖੁਦਗਰਜ਼ ਆਗੂ ਕੌਮ ਨੂੰ ਮੰਝਧਾਰ ਵਿੱਚ ਡੋਬਦੇ ਅਤੇ ਜੋਕਾਂ ਬਣ ਕੇ ਕੌਮ ਦਾ ਖੂੰਨ ਪੀਂਦੇ ਰਹਿੰਦੇ ਹਨ।

ਆਓ ਆਪਾਂ ਦੂਰੰਦੇਸ਼ੀ ਦੇ ਵਡਮੁੱਲੇ ਗੁਣ ਬਾਰੇ “ਗੁਰੂ ਗ੍ਰੰਥ ਸਾਹਿਬ” ਤੋਂ ਸਿਖਿਆ ਲਈਏ। ਗੁਰੂ ਜੀ ਇਸ ਬਾਰੇ ਫਰਮਾਂਦੇ ਹਨ ਕਿ-ਅਗੋਂ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥(417) ਜੇ ਸੁਚੇਤ ਜਾਂ ਦੀਰਘ ਦ੍ਰਿਸ਼ਟ ਹੋ ਕੇ ਚੱਲੀਏ ਤਾਂ ਹੋਣ ਵਾਲੇ ਨੁਕਸਾਨ ਦੀ ਸਜਾ ਨਹੀਂ ਭੁਗਤਣੀ ਪਵੇਗੀ। ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲਐ॥(474) ਲੰਮੀ ਨਦਰਿ ਨਾਲ ਦੇਖੀਏ ਕਿ ਇਸ ਕਰਮ ਦਾ ਫਲ ਕੀ ਹੋਵੇਗਾ ਇਸ ਕਰਕੇ ਮੂਲੋਂ ਹੀ ਕਦੇ ਮੰਦਾ ਨਾਂ ਕਰੀਏ-ਐਸਾ ਕੰਮੁ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ॥(918) ਨਾਨਕ ਦ੍ਰਿਸਟਿ ਦੀਰਘ ਸੁਖੁ ਪਾਵੈ ਗੁਰ ਸਬਦੀ ਮਨੁ ਧੀਰਾ॥(1107) ਗੁਰੂ ਨਾਨਕ ਜੀ ਫੁਰਮਾਂਦੇ ਹਨ ਕਿ ਜਿਸ ਜਗਿਆਸੂ ਦੇ ਮਨ ਨੇ ਗੁਰ ਸ਼ਬਦ ਦਾ ਆਸਰਾ ਲੈ ਕੇ ਦੀਰਘ ਦ੍ਰਿਸ਼ਟੀ ਅਪਣਾਈ ਹੈ ਉਸ ਨੇ ਸਦਾ ਸੁਖ ਪਾਇਆ ਹੈ। ਜਬ ਘਰ ਮੰਦਰਿ ਆਗਿ ਲਗਾਨੀ ਕਢਿ ਕੂਪੁ ਕਢੈ ਪਨਿਹਾਰੇ॥(981) ਭਾਵ ਜੋ ਮਨੁੱਖ ਦੂਰੰਦੇਸ਼ੀ ਤੋਂ ਕੰਮ ਨਹੀਂ ਲੈਂਦਾ ਜੇ ਕਿਤੇ ਉਸ ਦੇ ਘਰ ਨੂੰ ਅੱਗ ਲੱਗ ਜਾਵੇ ਤਾਂ ਉਹ ਉਸ ਨੂੰ ਬੁਝਾਉਣ ਲਈ ਖੂਹ ਪੁੱਟਣ ਲੱਗ ਜਾਵੇ ਤਦ ਤੱਕ ਘਰ ਸੜ ਕੇ ਸਵਾਹ ਹੋ ਜਾਵੇਗਾ ਅਤੇ ਉਸ ਨੂੰ ਆਪਣੀ ਮੂਰਤਾ ਤੇ ਪਛਤਾਉਣਾ ਹੀ ਪਵੇਗਾ।

ਗੁਰਮਤਿ ਦੇ ਮਹਾਂਨ ਸਕਾਲਰ ਭਾਈ ਗੁਰਦਾਸ ਜੀ ਵੀ ਦੂਰ-ਦ੍ਰਿਸ਼ਟੀ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹਨ-

ਜੈਸੇ ਘਰ ਲਾਗੈ ਆਗ ਜਾਗ ਕੂਆਂ ਖੋਦਯੋ ਚਾਹੈ, ਕਾਰਜ ਨ ਸਿੱਧ ਹੋਇ ਰੋਇ ਪਛਤਾਈਐ। ਜੈਸੇ ਤੌ ਸੰਗ੍ਰਾਮ ਸਮੈ ਸੀਖਯੋ ਚਾਹੈ ਵੀਰ ਵਿਦਿਯਾ, ਅਨਥਾ ਉਂਦਮ ਜੈਤ ਪਦਵੀ ਨ ਪਾਈਐ। ਜੈਸੇ ਨਿਸ ਸੋਵਤ ਸੰਗਾਤੀ ਚਲ ਜਾਤ ਪਾਛੇ, ਭੋਰ ਭਏ ਭਾਰ ਬਾਂਧ ਚਲੇ ਕਤ ਜਾਈਐ। ਤੈਸੇ ਮਾਯਾ ਧੰਧ ਅੰਧ ਅਵਧਿ ਬਿਹਾਇ ਜਾਇ, ਅੰਤ ਕਾਲ ਕੈਸੇ ਹਰਿ ਨਾਮ ਲਿਵ ਲਾਈਐ॥495॥ ਭਾਈ ਸਾਹਿਬ ਇਸ ਕਬਿਤ ਵਿੱਚ ਕੁਝ ਉਦਾਹਰਣਾਂ ਦੇ ਕੇ ਦਰਸਾਉਂਦੇ ਹਨ ਕਿ ਘਰ ਨੂੰ ਅੱਗ ਲੱਗ ਜਾਵੇ, ਸੇਕ ਨਾਲ ਕੋਈ ਜਾਗ ਪਵੇ ਅਤੇ ਅੱਗ ਨੂੰ ਬਝਾਉਣ ਲਈ ਖੂਹ ਪੁੱਟਣ ਲੱਗ ਪਵੇ ਤਾਂ ਉਹ ਸਫਲ ਨਹੀਂ ਹੋਵੇਗਾ ਸਗੋਂ ਪਛਤਾਕੇ ਰੋਵੇਗਾ ਹੀ। ਦੂਜੀ ਮਸਾਲ ਦਿੰਦੇ ਹਨ ਕਿ ਜੇ ਅਚਾਨਕ ਦੁਸ਼ਮਣ ਨਾਲ ਯੁੱਧ ਛਿੜ ਪਵੇ ਤੇ ਓਦੋਂ ਕੋਈ ਸ਼ਸ਼ਤਰ ਵਿਦਿਆ ਸਿਖਣੀ ਸ਼ੁਰੂ ਕਰੇ ਤਾਂ ਉਹ ਕਦੇ ਜਿੱਤ ਨਹੀਂ ਸਕਦਾ ਸਗੋਂ ਭਾਰੀ ਮਾਰ ਖਵੇਗਾ। ਤੀਜੀ ਉਦਾਹਰਣ ਦਿੰਦੇ ਹਨ ਕਿ ਜਿਵੇਂ ਕਿਸੇ ਯਾਤਰਾ ਸਮੇਂ ਸੰਗੀ ਸਾਥੀ ਰਾਤ ਸੌਂ ਕੇ ਅਚਾਨਕ ਤੁਰ ਜਾਣ ਤੇ ਇਕੱਲਾ ਸਾਥੀ ਦਿਨ ਚੜ੍ਹੇ ਉਹ ਭਾਰ ਬੰਨ੍ਹ ਕੇ ਕਿੱਥੇ ਚੱਲਕੇ ਜਾਵੇਗਾ? ਚੌਥੀ ਮਸਾਲ ਦਿੰਦੇ ਹਨ ਕਿ ਇਵੇਂ ਹੀ ਮਾਇਆ ਦੇ ਧੰਦਿਆਂ ਵਿੱਚ ਸਾਰੀ ਉਮਰ ਬੀਤ ਜਾਵੇ ਤਾਂ ਕੇਵਲ ਅੰਤ ਵੇਲੇ ਕਿਵੇਂ ਕਰਤਾਰ ਦੇ ਨਾਮ ਵਿੱਚ ਸੁਰਤ ਜੁੜ ਸਕਦੀ ਹੈ। ਸਾਰੀ ਉਮਰ ਤਾਂ ਮੋਹ ਮਾਇਆ ਵਿੱਚ ਗਲਤਾਨ ਹੋਏ ਗਾਫਲਤਾ ਨਾਲ ਗਵਾ ਦਿੱਤੀ ਅੰਤ ਵੇਲੇ ਰੱਬ ਕਿਵੇਂ ਯਾਦ ਆਵੇਗਾ? ਭਾਵ ਹਰ ਵੇਲੇ ਪ੍ਰਭੂ ਨੂੰ ਯਾਦ ਰੱਖਣ ਵਾਲਾ ਹੀ ਅੰਤ ਵੇਲੇ ਉਸ ਦੀ ਯਾਦ ਵਿੱਚ ਲੀਨ ਹੋ ਸਕਦਾ ਹੈ।

ਅੱਜ ਦੀ ਤਾਰੀਖ ਵਿੱਚ ਸਿੱਖ ਕੌਮ ਬਹੁਤੇ ਭੇਖੀ, ਲਾਲਚੀ, ਚਾਲ ਬਾਜ, ਮਕਾਰੀ ਸੰਤਾਂ ਅਤੇ ਲੀਡਰਾਂ ਦੇ ਵੱਸ ਪੈ ਚੁੱਕੀ ਹੈ। ਦੂਰੰਦੇਸ਼ੀ ਵਾਲੇ ਲੀਡਰ ਕੌਮ ਦੀ ਕਮਾਨ ਛੱਡ ਚੁੱਕੇ ਹਨ ਜਾਂ ਸਾਨ੍ਹਾਂ ਦੇ ਭੇੜ ਵਿੱਚ ਨਹੀਂ ਆਉਣਾਂ ਚਾਹੁੰਦੇ ਤਾਂ ਕੌਮ ਦਾ ਭਲਾ ਕਿਵੇਂ ਹੋਵੇਗਾ? ਅੱਜ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆ ਰਹੀਆਂ ਹਨ। ਬਾਦਲ ਧੜਾ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੈ ਜੋ ਡੇਰਾਵਾਦ ਅਤੇ ਬ੍ਰਾਹਮਣਵਾਦ ਦੀ ਗ੍ਰਿਫਤ ਵਿੱਚ ਹੈ। ਇਸ ਕਰਕੇ ਸਿੱਖ ਸ਼ਕਲ ਅਤੇ ਨਾਂ ਦੀ ਦੁਰਵਰਤੋਂ ਕਰਕੇ ਜਾਂ ਆੜ ਲੈ ਕੇ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਤੇ ਕਾਬਜ ਹੋਣ ਲਈ ਆਪਣੀ ਕੂਟਨੀਤੀ ਰਾਹੀਂ ਤਰਲੋ ਮੱਛੀ ਹੋ ਰਿਹਾ ਹੈ। ਜਿਸ ਵਿੱਚ ਉਸ ਨੇ ਸਹਿਜਧਾਰੀ ਸਿੱਖਾਂ ਦੇ ਨਾਂ ਤੇ ਭਾਰੀ ਸਫਲਤਾ ਵੀ ਪ੍ਰਾਪਤ ਕੀਤੀ ਹੈ। ਦੂਜੇ ਪਾਸੇ ਪੰਥ ਅਤੇ ਪੰਥਕ ਨਿਸ਼ਾਨੇ ਦੀਆਂ ਟਾਹਰਾਂ ਮਾਰਨ ਅਤੇ ਸੰਘਰਸ਼ ਕਰਨ ਵਾਲੇ ਖਿਦੋ ਦੀਆਂ ਲੀਰਾਂ ਵਾਂਗ ਫਟੇ ਪਏ ਹਨ। ਉਨ੍ਹਾਂ ਨੂੰ ਆਪਣੇ ਸਾਥੀਆਂ ਦੀਆਂ ਛੋਟੀਆਂ ਮੋਟੀਆਂ ਕਮਜ਼ੋਰੀਆਂ ਨੂੰ ਭੰਡਣ ਅਤੇ ਆਪੋ ਆਪਣੀ ਢਾਈ ਪਾ ਦੀ ਖਿਚੜੀ ਪਕਾਉਣ ਤੋਂ ਬਿਨਾ ਹੋਰ ਕੁਝ ਸੁਝ ਹੀ ਨਹੀਂ ਰਿਹਾ। ਭਲਿਓ! ਗੁਰੂ ਨੇ ਤੁਹਾਨੂੰ ਗੁਰਬਾਣੀ ਰਾਹੀਂ ਦੂਰੰਦੇਸ਼ੀ ਬਖਸ਼ੀ ਹੈ-ਹੋਇ ਇਕੱਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰੋ ਲਿਵ ਲਾਇ॥(1185) ਅਗੋਂ ਦੇ ਜੇ ਚੇਤੀਐ ਤਾਂ ਕਾਇਤ ਮਿਲੈ ਸਜਾਇ॥(417) ਗੱਲਾਂ ਤੁਸੀਂ ਰਾਜ ਭਾਗ ਦੀਆਂ ਕਰ ਰਹੇ ਹੋ ਪਰ ਰਾਜ ਲੈਣਾ ਕਿਵੇਂ ਹੈ? ਇਸ ਬਾਰੇ ਕਦੇ ਦੀਰਘ ਦ੍ਰਿਸ਼ਟੀ ਨਹੀਂ ਅਪਣਾਉਂਦੇ। ਤੁਹਾਡੇ ਸਾਹਮਣੇ ਦੁਸ਼ਮਣ ਪਾੜੋ ਤੇ ਰਾਜ ਕਰੋ ਦੀਆਂ ਮਾਰੂ ਚਾਲਾਂ ਚੱਲ ਰਿਹਾ ਹੈ। ਕਦੇ ਤੁਹਾਨੂੰ ਸੰਪ੍ਰਦਾਵਾਂ, ਡੇਰਿਆਂ, ਜਾਤ ਬਰਾਦਰੀਆਂ, ਵੱਖ ਵੱਖ ਗ੍ਰੰਥਾਂ ਅਤੇ ਕਦੇ ਧੜੇਬੰਦੀਆਂ ਵਿੱਚ ਵੰਡੀ ਜਾ ਰਿਹਾ ਹੈ।

ਜਰਾ ਠੰਡੇ ਦਿਲ ਦਿਮਾਗ ਨਾਲ ਸੋਚੋ ਤੁਸੀਂ “ਗੁਰੂ” ਦੇ ਸਿੱਖ ਹੋ ਜਾਂ ਵੱਖ ਵੱਖ ਸਾਧਾਂ ਸੰਤਾਂ ਅਤੇ ਸੰਪ੍ਰਦਾਵਾਂ ਦੇ। ਥੋੜੀ ਜਿਹੀ ਦੂਰੰਦੇਸ਼ੀ ਵਰਤੋ, ਸਭ ਮਨ-ਮੋਟਾਵ ਧੜੇ ਭੁਲਾ ਕੇ “ਗੁਰੂ” ਦੇ ਨਾਂ ਤੇ ਇਕੱਠੇ ਹੋ ਜਾਓ ਫਿਰ ਇਹ ਸਾਧ ਲਾਣਾ ਤੇ ਬਾਦਲ ਦੇ ਬਦਲ ਆਪੇ ਉਂਡ ਜਾਣਗੇ। ਅੱਜ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਰਹਿਤ ਮਰਯਾਦਾ ਇਕੱਠੇ ਕਰ ਸਕਦੇ ਹਨ। ਜਿਵੇਂ ਮੱਖੀਆਂ ਸ਼ਹਿਦ ਦੁਅਲੇ ਇਕੱਠੀਆਂ ਹੋ ਇੱਕ ਵੱਡਾ ਛੱਤਾ ਬਣ ਜਾਂਦੀਆਂ ਹਨ ਇਵੇਂ ਹੀ-ਸਾਧਸੰਗਤਿ ਮਿਲਿ ਰਹੀਐ ਮਾਧੋ ਜੈਸੇ ਮਧੁਪ ਮਖੀਰਾ॥(486) ਤੁਸੀਂ ਜਰਾ ਸੋਚੋ ਕਿ ਅਸੀਂ ਇੱਕ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਰਹਿਤ ਮਰਯਾਦਾ ਨੂੰ ਕਿਉਂ ਨਹੀਂ ਅਪਣਾਅ ਰਹੇ? ਜੋ ਸਾਡੀ ਏਕਤਾ ਦੇ ਸੂਤਰ ਅਤੇ ਮਜਬੂਤ ਥੰਮ ਹਨ। ਹੁਣ ਸਿੱਖ ਕੌਮ ਨੂੰ ਦੂਰੰਦੇਸ਼ ਲੀਡਰਾਂ ਦੀ ਲੋੜ ਹੈ ਜੋ ਆਪਸੀ ਖਹਿਬਾਜ਼ੀ ਛੱਡ, ਇਕੱਠੇ ਹੋ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਮੈਦਾਨ ਵਿੱਚ ਨਿਤਰਨ। ਦੂਰੰਦੇਸ਼ੀ ਇਹ ਹੀ ਹੈ ਕਿ ਵੱਧ ਤੋਂ ਵੱਧ ਵੋਟਾਂ ਬਣਾਓ ਅਤੇ ਲੋੜਵੰਦਾਂ ਦੀ ਮਦਦ ਕਰੋ। ਪਛੜੀਆਂ ਸ਼੍ਰੇਣੀਆਂ ਵਾਲੇ ਵੀਰ ਸਾਡੇ ਹੀ ਸਕੇ ਭਰਾ ਹਨ, ਉਨ੍ਹਾਂ ਨਾਲ ਘੁਟਵੀਆਂ ਜੱਫੀਆਂ ਪਾ ਲਓ ਅਤੇ ਮੰਨੂੰ ਬ੍ਰਾਹਮਣ ਦੀ ਪੈਦਾ ਕੀਤੀ ਜਾਤ-ਪਾਤ ਦੇ ਭਾਂਡੇ ਤੋੜ ਦਿਓ। ਸੋਚੋ ਗੁਰੂ ਨੇ ਸਾਨੂੰ ਸਿੱਖ ਬਣਾਇਆ ਸੀ ਨਾਂ ਕਿ ਜਾਤਾਂ ਪਾਤਾਂ ਦੀਆਂ ਜਮਾਤਾਂ ਵਿੱਚ ਵੰਡਿਆ ਸੀ? ਅੱਜ ਸਾਰੇ ਗੁੱਸੇ ਗਿਲੇ ਭੁਲਾ ਕੇ ਇੱਕ ਹੋ ਜਾਓ। ਗੁਰੂ ਜੀ ਦੇ ਹਜ਼ੂਰੀ ਸਿੱਖ ਅਤੇ ਪ੍ਰਸਿੱਧ ਵਿਦਵਾਨ ਭਾਈ ਨੰਦ ਲਾਲ ਜੀ ਦੀ ਸਿਖਿਆ ਹੀ ਪੱਲੇ ਬੰਨ੍ਹ ਲਓ-ਸਾਰੀ ਉਮਰ ਗੁਨਾਹੀ ਬੀਤੀ, ਹਰਿ ਕੀ ਭਗਤਿ ਨਾਂ ਕੀਤੀ। ਆਗੈ ਸਮਝ ਚਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ (ਭਾ.ਨੰਦ ਲਾਲ) ਅੰਤ ਵਿੱਚ ਮੈਂ ਬਾਦਲ ਸਾਹਬ ਦੀ ਸਿਫਤ ਕਰਨੋ ਨਹੀਂ ਰਹਿ ਸਕਦਾ ਜਿਸ ਨੇ ਆਪਣੇ ਦਲ ਨੂੰ ਏਕਤਾ ਵਿੱਚ ਪਰੋਤਾ ਹੋਇਆ ਹੈ। ਕਹਿੰਦੇ ਹਨ ਕਿ ਕਾਂ ਵਿੱਚ ਵੀ ਗੁਣ ਹੈ ਭਾਵੇਂ ਉਹ ਗੰਦਗੀ ਫਰੋਲਦਾ ਤੇ ਥਾਂ ਥਾਂ ਠੂੰਗੇ ਮਾਰਦਾ ਫਿਰਦਾ ਹੈ ਪਰ ਚਲਾਕ ਏਨਾਂ ਹੈ ਕਿ ਕਿਸੇ ਦਾ ਵਿਸਾਹ ਨਹੀਂ ਖਾਂਦਾ। ਤੁਸੀਂ ਤਾਂ ਆਪਣੇ ਆਪ ਨੂੰ ਤੱਤ ਗੁਰਮਤਿ ਦੇ ਧਾਰਨੀ ਸਮਝਦੇ ਅਤੇ ਪ੍ਰਚਾਰਦੇ ਹੋ, ਫਿਰ ਕੀ ਗੱਲ ਹੈ ਤੁਸੀਂ ਸਾਰੇ ਬਾਦਲ ਵਿਰੋਧੀ ਇਕੱਠੇ ਹੋ ਮਿਲ ਕੇ ਨਹੀਂ ਚੱਲਦੇ? ਜਦ ਗੁਰੂ ਅਤੇ ਰਹਿਤ ਮਰਯਾਦਾ ਇੱਕ ਹੈ ਫਿਰ ਤੁਹਾਡੇ ਵਿੱਚ ਦੋਫਾੜ ਕਿਉਂ ਹੈ? ਕੋਈ ਡੇਰਾਵਾਦੀ ਅਤੇ ਸਰਕਾਰਵਾਦੀ ਨਾਰਦਮੁਨੀ ਜਰੂਰ ਤੁਹਾਡੇ ਵਿੱਚ ਸਿੱਖੀ ਬਾਣਾ ਧਾਰਨ ਕਰਕੇ ਘੁਸੜਿਆ ਹੋਇਆ ਹੈ, ਜੋ ਤੁਹਾਨੂੰ ਇੱਕ-ਦੂਜੇ ਦੇ ਨੇੜੇ ਨਹੀਂ ਆਉਣ ਦੇ ਰਿਹਾ, ਬੜੀ ਦੂਰੰਦੇਸ਼ੀ ਅਤੇ ਗੁਰਮਤਿ ਜੁਗਤਿ ਨਾਲ ਉਸ ਨੂੰ ਪਛਾਣ ਕੇ ਪਛਾੜਨ ਦੀ ਲੋੜ ਹੈ। ਸੋ ਕੌਮ ਦੇ ਆਗੂਓ “ਗੁਰੂ ਗ੍ਰੰਥ ਸਾਹਿਬ” ਜੀ ਤੋਂ ਗੁਰਮਤਿ ਸੇਧਾਂ ਲੈ ਕੇ ਦੂਰੰਦੇਸ਼ ਬਣੋ। ਇੱਕ ਗ੍ਰੰਥ, ਪੰਥ ਅਤੇ ਮਰਯਾਦਾ ਦੇ ਧਾਰਨੀ ਹੋ ਕੇ ਸਭ ਇਕੱਠੇ ਹੋ ਜਾਓ ਅਤੇ ਗੁਰਦੁਆਰਿਆਂ ਨੂੰ ਦੂਰੰਦੇਸ਼ੀ ਨਾਲ ਸੰਪ੍ਰਦਾਈ ਡੇਰਾਵਾਦੀਆਂ ਅਤੇ ਮੌਡਰਨ ਮਹੰਤਾਂ ਟਾਈਪ ਆਗੂਆਂ ਤੋਂ ਅਜ਼ਾਦ ਕਰਾਓ, ਇਹ ਹੀ ਸਾਰਥਕ ਦੂਰੰਦੇਸ਼ੀ ਸਮਝੀ ਜਾਵੇਗੀ। ਸ਼੍ਰੋਮਣੀ ਕਮੇਟੀ ਨੂੰ ਭੰਡਣ ਦੀ ਥਾਂ ਤੇ, ਉਸ ਦੇ ਮੈਂਬਰ ਬਣ ਕੇ ਉਸ ਦੀ ਨੁਹਾਰ ਬਦਲੋ। ਅੱਜ ਗੁਰਮਤਿ ਵਿਰੋਧੀ ਲੀਡਰ ਸਾਰੇ ਇਕੱਠੇ ਹਨ ਫਿਰ ਦੂਰੰਦੇਸ਼ੀ ਵਰਤ ਕੇ ਗੁਰਮਤਿ ਦੇ ਧਾਰਨੀ ਲੀਡਰ ਇਕੱਠੇ ਕਿਉਂ ਨਹੀਂ ਹੁੰਦੇ? ਕਿਉਂਕਿ ਹਉਮੈਂ, ਹੰਕਾਰ, ਖੁਦਗਰਜ਼ੀ, ਚੌਧਰ ਛੱਡਣੀ ਅਤੇ ਆਪਾ ਮਿਟਉਣਾ ਪੈਂਦਾ ਹੈ-ਆਪੁ ਗਵਾਈਐ ਤਾਂ ਸ਼ਹੁ ਪਾਈਐ ਅਉਰੁ ਕੈਸੀ ਚਤੁਰਾਈ॥() ਅਜੋਕੇ ਜੁਗ ਵਿੱਚ ਬਾਹੂ ਬਲ ਨਾਲੋਂ ਦੂਰੰਦੇਸ਼ੀ ਨਾਲ ਹੀ ਵਿਰੋਧੀ ਨੂੰ ਜਿਤਿਆ ਅਤੇ ਕੌਮੀ ਝੰਡੇ ਝੁਲਾਏ ਜਾ ਸਕਦੇ ਹਨ। ਇਸ ਲਈ ਕੌਮੀ ਆਗੂ ਬਹੁਤ ਹੀ ਦੂਰੰਦੇਸ਼ ਹੋਣੇ ਚਾਹੀਦੇ ਹਨ ਜੋ ਕੌਮੀ ਕਾਰਜਾਂ ਲਈ ਰਲ ਮਿਲ ਕੇ ਚੱਲ ਸੱਕਣ।