ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Wednesday, October 3, 2012

ਵਰਲਡ ਸਿੱਖ ਫੈਡਰੇਸ਼ਨ ਦੀ ਇਕੱਤਰਤਾ ਅਤੇ ਗੁਰਮਤਿ ਪ੍ਰਚਾਰ
(ਅਵਤਾਰ ਸਿੰਘ ਮਿਸ਼ਨਰੀ)

29 ਸਤੰਬਰ 2012 ਦਿਨ ਐਤਵਾਰ ਨੂੰ ਵਰਲਡ ਸਿੱਖ ਫੈਡਰੇਸ਼ਨ ਦੇ ਸਿਰਕੱਢ ਆਗੂ ਸ੍ਰ. ਹਰਬਖਸ਼ ਸਿੰਘ ਸੈਨਹੋਜ਼ੇ ਦੇ ਨਵੇਂ ਘਰ ਵਿਖੇ ਅਕਾਲ ਪੁਰਖ ਦਾ ਸ਼ੁਕਰਾਨਾਂ ਕਰਦੇ ਹੋਏ ਪ੍ਰਵਾਰ ਨੇ ਆਪ ਸਹਿਜ ਪਾਠ ਕੀਤਾ। ਬੱਚੀ ਹਰਸ਼ਲੀਨ ਕੌਰ ਦਾ ਜਨਮ ਦਿਨ ਮਨਾਇਆ ਗਿਆ। ਚਾਹ ਪਾਣੀ ਦਾ ਲੰਗਰ ਛਕਣ ਉਪ੍ਰੰਤ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. ਸੰਸਥਾ” ਵੱਲੋਂ ਦਾਸ ਅਤੇ ਹਰਸਿਮਰਤ ਕੌਰ ਖਾਲਸਾ ਨੇ ਸਮਿਲਤ ਹੋ ਕੇ ਨੌਂਵੇਂ ਮਹੱਲੇ ਦੇ ਸ਼ਲੋਕ ਪੜ੍ਹ ਕੇ ਬਿਨਾਂ ਰਾਗਮਾਲਾ ਪੜ੍ਹੇ ਸਹਿਜ ਪਾਠ ਦੀ ਸਮਾਪਤੀ ਕੀਤੀ ਕਿਉਂਕਿ ਰਾਗਮਾਲਾ ਗੁਰਬਾਣੀ ਨਹੀਂ-ਰਾਗਮਾਲਾ ਗੁਰ ਕੀ ਕ੍ਰਿਤ ਨਾਹਿ ਮੁੰਦਾਵਣੀ ਲਗ ਗੁਰ ਬੈਣ॥ (ਸੂਰਜ ਪ੍ਰਕਾਸ਼)ਇਸੇ ਲਈ ਅਕਾਲ ਤਖਤ ਤੇ ਵੀ ਨਹੀਂ ਪੜ੍ਹੀ ਜਾਂਦੀ ਅਤੇ ਸਿੱਖ ਰਹਿਤ ਮਰਯਾਦਾ ਵਿੱਚ ਵੀ ਲਿਖਿਆ ਹੈ ਕਿ ਕੋਈ ਪੜ੍ਹੇ ਜਾਂ ਨਾਂ ਪੜ੍ਹੇ। ਉਚੇਚਾ ਬਿਨਾ ਲੋੜ ਦੇ ਰੁਮਾਲਾ ਵੀ ਨਹੀਂ ਚੜ੍ਹਾਇਆ ਗਿਆ ਅਤੇ ਤੁਪਕਾ-ਤੁਪਕਾ ਪਾਣੀ ਵੀ ਨਹੀਂ ਤਰੌਂਕਿਆ ਗਿਆ। ਕੋਈ ਸੰਪ੍ਰਦਾਈ, ਡੇਰਾਵਾਦੀ ਜਾਂ ਬ੍ਰਾਹਮਣੀ ਰੀਤ ਨਹੀਂ ਕੀਤੀ ਗਈ। ਜੇ ਇਵੇਂ ਹਰੇਕ ਮਾਈ-ਭਾਈ ਆਪ ਪਾਠ ਕਰੇ ਵਿਚਾਰੇ ਤਾਂ ਬ੍ਰਾਹਮਣਵਾਦ ਅਤੇ ਡੇਰਾਵਾਦ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ। ਬੀਬੀ ਹਰਸਿਮਰਤ ਕੌਰ ਖਾਲਸਾ ਨੇ ਗਟਾਰ ਨਾਲ ਗੁਰਬਾਣੀ ਦਾ ਕੀਰਤਨ ਵਿਆਖਿਆ ਸਹਿਤ ਕੀਤਾ। ਲੌਸ ਐਂਜਲੈਸ ਤੋਂ ਆਏ ਸ੍ਰ. ਹਰਬਖਸ਼ ਸਿੰਘ ਦੇ ਭਾਣਜੇ ਕਾਕਾ ਦੀਪ ਸਿੰਘ ਨੇ ਸੁਰ ਤਾਲ ਰਾਗ ਵਿੱਚ ਗੁਰਬਾਣੀ ਦੇ ਦੋ ਸ਼ਬਦਾਂ ਦਾ ਬਹੁਤ ਹੀ ਰਸਭਿਨਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ।
ਦਾਸ ਨੇ ਵੀ ਨਵੇਂ ਘਰ ਅਤੇ ਜਨਮ ਦਿਨ ਤੇ ਵਖਿਆਣ ਕਰਦੇ ਹੋਏ ਦਰਸਾਇਆ ਕਿ ਗੁਰੂ ਗ੍ਰੰਥ ਸਾਹਿਬ ਵਿਖੇ 6 ਗੁਰੂਆਂ, 15 ਭਗਤਾਂ, 11 ਭੱਟਾਂ ਅਤੇ 3 ਗੁਰਸਿੱਖਾਂ ਟੋਟਲ 35 ਮਹਾਂਪੁਰਖਾਂ ਦੀ ਬਾਣੀ ਹੈ। ਜਦ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਘਰ ਵਿਖੇ ਕਰਦੇ ਹਾਂ ਤਾਂ 35 ਮਹਾਂਪੁਰਖਾਂ ਦੇ ਉਪਦੇਸ਼ਾਂ ਰੂਪੀ ਚਰਨ ਪੈ ਜਾਂਦੇ ਹਨ ਕਿਉਂਕਿ-
ਗੁਰ ਕੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲਿ॥ (ਗੁਰੂ ਗ੍ਰੰਥ)। ਇਸ ਲਈ ਕਿਸੇ ਅਖੌਤੀ ਸਾਧ ਦੇ ਚਰਨਾਂ ਦੀ ਜਗਹ ਗੁਰੂ ਗ੍ਰੰਥ ਸਾਹਿਬ ਦੇ ਚਰਨ ਹੀ ਘਰੇ ਪੁਆਉਣੇ ਚਾਹੀਦੇ ਹਨ ਜਿਸ ਨਾਲ 35 ਗੁਰਮੁਖਾਂ ਦੇ ਚਰਨ ਘਰ ਵਿਚ ਪੈ ਜਾਂਦੇ ਹਨ ।“ਘਰ” ਬਾਰੇ ਵਿਚਾਰ ਕੀਤਾ ਕਿ ਜਿਵੇਂ ਅਸੀਂ ਆਪਣੇ ਦੁਨੀਆਵੀ ਘਰ ਨੂੰ ਸਾਫ ਰੱਖਦੇ ਹਾਂ ਕਿ ਕੋਈ ਮਹਿਮਾਨ ਜਾਂ ਦੋਸਤ ਨਰਾਜ ਨਾਂ ਹੋਵੇ ਓਵੇਂ ਹੀ ਅਸੀਂ ਹਿਰਦੇ ਰੂਪੀ ਘਰ ਨੂੰ ਵੀ ਔਗੁਣਾਂ ਦਾ ਤਿਆਗ ਅਤੇ ਸ਼ੁਭ ਗੁਣ ਧਾਰਨ ਕਰਕੇ ਸਵਾਰਨਾ-ਸ਼ਿੰਗਾਰਨਾਂ ਹੈ। ਜਿਵੇਂ ਸਾਡੇ ਦੁਨਿਆਵੀ ਘਰ ਵਿੱਚ ਸਾਡਾ ਪੂਰਾ ਪ੍ਰਵਾਰ ਵਸਦਾ ਹੈ ਇਵੇਂ ਹੀ ਸੰਸਾਰ ਰੂਪੀ ਘਰ ਵਿੱਚ ਸਮੁੱਚੀ ਮਨੁੱਖਤਾ ਰੂਪੀ ਪ੍ਰਵਾਰ ਰਹਿੰਦਾ ਸਮਝਣਾ ਹੈ। ਇਹ ਸਮਝ ਤਾਂ ਹੀ ਆਵੇਗੀ ਜਦ ਅਸੀਂ ਆਪ ਗੁਰਬਾਣੀ ਦਾ ਪਾਠ, ਕੀਰਤਨ ਅਤੇ ਵਿਚਾਰ ਸਿੱਖਾਂ, ਕਮਾਵਾਂ ਅਤੇ ਪ੍ਰਚਾਰਾਂਗੇ।
ਸਿੱਖ ਪ੍ਰੋਹਿਤਵਾਦੀ ਨਹੀਂ ਸਗੋਂ ਕਿਰਤਵਾਦੀ ਧਰਮ ਹੈ। ਹਰੇਕ ਸਿੱਖ ਭਾਵੇਂ ਉਹ ਆਦਮੀ ਜਾਂ ਔਰਤ ਹੈ ਸਾਰੇ ਧਰਮ ਕਰਮ ਕਰ ਸਕਦਾ ਹੈ, ਉਸ ਨੂੰ ਕਿਸੇ ਪੁਜਾਰੀ ਵਿਚੋਲੇ ਦੀ ਲੋੜ ਨਹੀਂ। ਅਖੌਤੀ ਚੋਲਾਧਾਰੀ ਸਾਧਾਂ, ਲਾਲਚੀ ਅਤੇ ਅਗਿਆਨੀ ਪ੍ਰਬੰਧਕਾਂ ਨੇ ਸਾਨੂੰ ਡਰਾਇਆ ਹੋਇਆ ਹੈ ਕਿ ਵੇਖਣਾ ਗੁਰਬਾਣੀ ਗਲਤ ਪੜ੍ਹਨ ਨਾਲ ਪਾਪ ਲਾਗੇਗਾ। ਆਪਾਂ ਜਰਾ ਸੋਚੀਏ! ਜਦ ਬੱਚਾ ਸਕੂਲ ਜਾਣਾ ਸ਼ੁਰੂ ਕਰਦਾ ਹੈ ਕਈ ਕੈਦੇ ਵੀ ਪਾੜਦਾ ਹੈ ਤਾਂ ਹੀ ਅੱਗੇ ਕਿਤਾਬਾਂ ਪੜ੍ਹਨ ਦੇ ਯੋਗ ਹੁੰਦਾ ਹੈ ਪਰ ਜੇ ਆਪਾਂ ਕੈਦੇ ਫਟਨ ਦੇ ਡਰ ਜਾਂ ਪਾਪ ਕਰਕੇ ਬੱਚੇ ਨੂੰ ਸਕੂਲੋਂ ਹਟਾ ਲਈਏ ਕੀ ਉਹ ਉਚ ਵਿਦਿਆ ਪ੍ਰਾਪਤ ਕਰ ਸਕਦਾ ਹੈ? ਇਵੇਂ ਹੀ ਗੁਰਬਾਣੀ ਪੜ੍ਹਦੇ ਕਈ ਗਲਤੀਆਂ ਵੀ ਹੋਣੀਆਂ ਸੁਭਾਵਕ ਹਨ ਪਰ ਸਾਨੂੰ ਲੋਟੂ ਸਾਧਾਂ ਅਤੇ ਲਾਲਚੀ ਭਾਈਆਂ ਦੇ ਮਗਰ ਲੱਗ,ਗੁਰਬਾਣੀ ਪੜ੍ਹਨੋ-ਵਿਚਾਰਨੋ ਪਿਛੇ ਨਹੀਂ ਹਟਣਾਂ ਚਾਹੀਦਾ।
ਉਪਰੰਤ ਫਰਿਜਨੋ ਸਿੰਘ ਸਭਾ ਗੁਰਦੁਆਰੇ ਦੇ ਜਨਰਲ ਸੈਕਟਰੀ ਸ੍ਰ. ਗੁਰਪ੍ਰੀਤ ਸਿੰਘ ਮਾਨ ਨੇ ਦਾਸ ਦੇ ਵਖਿਆਣ ਦੀ ਪ੍ਰੋੜਤਾ ਕਰਦੇ ਹੋਏ ਘੱਟੋ ਘੱਟ ਭੇਖੀ ਸਾਧਾਂ ਨੂੰ ਆਪਣੇ ਘਰਾਂ ਚ ਬੁਲਾਉਣ ਨਾਲੋਂ
“ਗੁਰੂ ਗ੍ਰੰਥ ਸਾਹਿਬ” ਨੂੰ ਹੀ ਆਪਣੇ ਘਰ ਪ੍ਰਕਾਸ਼ਨਾ ਚਾਹੀਦਾ ਹੈ ਜਿਸ ਨਾਲ 35 ਮਹਾਂਪੁਰਖਾਂ ਦੇ ਸਿਖਿਆਵਾਂ ਰੂਪੀ ਚਰਨ ਪੈ ਜਾਂਦੇ ਹਨ। ਉਨ੍ਹਾਂ ਨੇ ਆਈਆਂ ਸੰਗਤਾਂ ਅਤੇ ਦੋਸਤਾਂ ਮਿਤਰਾਂ ਦਾ ਪ੍ਰਵਾਰ ਵੱਲੋਂ ਧੰਨਵਾਦ ਕੀਤਾ। ਫਿਰ ਸਮਾਪਤੀ ਤੇ ਦਾਸ ਨੇਪ੍ਰਿਥਮ ਅਕਾਲ ਪੁਰਖ ਸਿਮਰ ਕੇ” ਸ਼ਬਦਾਂ ਨਾਲ ਅਰਦਾਸ ਕੀਤੀ ਕਿ ਅਕਾਲ ਪੁਰਖ ਇਸ ਨਵੇਂ ਘਰ ਵਿੱਚ ਸ੍ਰ. ਹਰਬਖਸ਼ ਸਿੰਘ ਜੀ ਦੇ ਸਮੂੰਹ ਪ੍ਰਵਾਰ ਨੂੰ ਸੁੱਖ ਸੁਖਾਂ ਦਾ ਨਿਵਾਸ ਬਖਸ਼ੇ ਅਤੇ ਗੁਰਬਾਣੀ ਦੇ ਪ੍ਰਵਾਹ ਘਰ ਵਿੱਚ ਚਲਦੇ ਰਹਿਣ, ਬੱਚੀ ਹਰਸ਼ਲੀਨ ਕੌਰ ਨੂੰ ਹੋਣਹਾਰਤਾ ਅਤੇ ਵਿਦਿਆ ਦੀ ਦਾਤ ਅਤੇ ਸਮੁੰਹ ਪ੍ਰਵਾਰ ਨੂੰ ਤੰਦਰੁਸਤੀਆਂ ਬਖਸ਼ੇ। ਇਸ ਸਹਿਜ ਪਾਠ ਦੇ ਭੋਗ ਤੇ ਕ੍ਰਾਂਤੀਕਾਰੀ ਕਦਮ ਚੱਕਦਿਆਂ ਜਾਗਰੂਕ ਵੀਰਾਂ ਦੀ ਸਲਾਹ ਨਾਲ ਰਵਾਇਤੀ ਰੁਮਾਲਾ ਦੇਣ ਦੀ ਪ੍ਰਥਾ ,ਭਗੌਤੀ ਅਤੇ ਰਾਗਮਾਲਾ ਨੂੰ ਪਰੇ ਰੱਖਿਆ ਗਿਆ।
ਇਸ ਉਪ੍ਰੰਤ ਲੰਗਰ ਛੱਕਣ ਤੋਂ ਬਾਅਦ
“ਅਖੌਤੀ ਸੰਤਾਂ ਦੇ ਕੌਤਕ ਫੇਸਬੁਕ ਗਰੁੱਪ” ਜਿਸ ਦੇ ਇੰਟ੍ਰਨੈਟ ਤੇ 65000 ਮੈਂਬਰ ਹਨ ਦੇ ਐਡਮਿਨਜ਼ ,ਸਲਾਹਕਾਰਾਂ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐਸ. ਏ. ਅਤੇ “ਵਰਡ ਸਿੱਖ ਫੈਡਰੇਸ਼ਨ”ਦੀ ਮੀਟਿੰਗ ਸ੍ਰ. ਹਰਬਖਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਨਵੰਬਰ 2012 ਦੇ ਪਹਿਲੇ ਹਫਤੇ ਯੂਬਾਸਿਟੀ ਦੇ ਸਲਾਨਾ ਜੋੜਮੇਲੇ ਤੇ ਅਤੇ ਹੋਰ ਗੁਰਦਵਾਰਿਆਂ ਵਿੱਚ ਗੁਰਮਤਿ ਪ੍ਰਚਾਰ ਬਾਰੇ ਵਿਚਾਰਾਂ ਕੀਤੀਆਂ ਗਈਆਂ ਕਿ ਕਿਵੇਂ ਅਤੇ ਕਿਹੜੇ ਗੁਰਸਿੱਖ ਵਿਦਵਾਨਾਂ ਦੀਆਂ ਸੀਡੀਆਂ ਅਤੇ ਪੁਸਤਕਾਂ ਦੀ ਸਟਾਲ ਲਾਉਣੀ ਹੈ, ਜਥੇਬੰਦੀ ਨੂੰ ਮਜਬੂਤ ਕਰਨਾ ਅਤੇ ਸਭ ਨਾਲ ਰਲ ਮਿਲ ਕੇ ਕਿਵੇਂ ਚਲਣਾ ਹੈ? ਵਿਦਵਾਨ ਕਥਾਕਾਰਾਂ ਨੂੰ ਕਿਵੇਂ ਬਲਾਉਣਾ ਹੈ? ਬਾਕੀ ਜਾਗਰੂਕ ਗਰੁੱਪਾਂ ਨਾਲ ਪਈਆਂ ਦੂਰੀਆਂ ਖਤਮ ਕਰਨ ਲਈ ਕਿੰਝ ਕੋਸ਼ਿਸ਼ਾਂ ਕਰਨੀਆਂ ਹਨ । ਇਸ ਮੀਟਿੰਗ ਵਿੱਚ ਦਾਸ, ਬੀਬੀ ਹਰਸਿਮਰਤ ਕੌਰ ਖਾਲਸਾ ਫਰੀਮਾਂਟ, ਸ੍ਰ. ਗੁਰਪ੍ਰੀਤ ਸਿੰਘ ਮਾਨ, ਸ੍ਰ. ਰਛਪਾਲ ਸਿੰਘ ਬਾਹੋਵਾਲ, ਡਾ. ਲਵਨਪ੍ਰੀਤ ਸਿੰਘ ਫਰਿਜਨੋ, ਸ੍ਰ. ਰਵਿੰਦਰ ਸਿੰਘ ਗੋਲਡੀ, ਸ੍ਰ. ਜਿੰਦਰਪਾਲ ਸਿੰਘ, ਸ੍ਰ. ਹਰਿੰਦਰ ਸਿੰਘ ਉਬੀ, ਕਾਕਾ ਦੀਪ ਸਿੰਘ ਅਤੇ ਸਾਥੀ ਐਲੇ, ਡਾ. ਗੁਰਮੀਤ ਸਿੰਘ ਬਰਸਾਲ,ਸ੍ਰ. ਹਰਬਖਸ਼ ਸਿੰਘ, ਸ੍ਰ. ਗੁਰਸੇਵਕ ਸਿੰਘ ਰੋਡੇ ਅਤੇ ਸ੍ਰ. ਹਰਮਿੰਦਰ ਸਿੰਘ ਸੇਖਾ ਸੈਨਹੋਜੇ, ਸ੍ਰ. ਜਗਮੇਲ ਸਿੰਘ ਯੂਨੀਅਨ ਸਿਟੀ ਅਤੇ ਕੁਝ ਹੋਰ ਸਜਨ ਵੀ ਸ਼ਾਮਲ ਹੋਏ।