ਲੋਕ ਰਾਜ ਬਨਾਮ ਲੋਕ ਰਾਜ
ਅਮਰੀਕਾ ਦੇ ਵਿਸਕਾਂਨਸਨ ਸੂਬੇ,ਦੇ ਮਿਲਵਾਉਕੀ ਸ਼ਹਿਰ ਦੇ ਅੰਦਰ।
ਜੁੜੀ ਸੀ ਸੰਗਤ ਵਾਂਗ ਹਮੇਸ਼ਾਂ,ਗੁਰਦੁਆਰੇ ਦੁਪਿਹਰ ਦੇ ਅੰਦਰ।।
ਨਸਲਬਾਦ ਵਿੱਚ ਅੰਨ੍ਹਾਂ ਹੋਇਆ,ਆਖਣ ਨੂੰ ਇੱਕ ਬੰਦਾ ਆਇਆ।
ਨੌ ਸਤੰਬਰ ਯਾਦ ਦਿਲਾਉਂਦਾ,ਉਸਨੇ ਟੈਟੂ ਸੀ ਖੁਦਵਾਇਆ।।
ਜਾਣ ਬੁੱਝ ਜਾਂ ਸਿਰ ਫਿਰਨ ਤੇ,ਅੰਨ੍ਹੇ ਵਾਹ ਉਸ ਦਾਗੀ ਗੋਲੀ।
ਛੇ ਸਿੱਖਾਂ ਦੀ ਜਾਨ ਚਲੀ ਗਈ,ਫੱਟੜ ਹੋ ਗਈ ਸੰਗਤ ਭੋਲੀ।।
ਮਿੰਟਾਂ ਵਿੱਚ ਪੁਲੀਸ ਪਹੁੰਚਕੇ,ਗੁਰਦੁਆਰੇ ਨੂੰ ਘੇਰਾ ਪਾਇਆ।
ਭਾਵੇਂ ਪੁਲਿਸ ਵੀ ਫੱਟੜ ਹੋਈ,ਹਮਲਾਵਰ ਸੀ ਮਾਰ ਮੁਕਾਇਆ।।
ਨਸਲਬਾਦ ਦੀ ਘਟਨਾ ਸੁਣਕੇ,ਸੋਗੀ ਲਹਿਰ ਸੀ ਫੈਲੀ ਸਾਰੇ।
ਘੱਟ ਗਿਣਤੀ ਦੀ ਰੱਖਿਆ ਵਾਲੇ,ਪਰਸਾਸ਼ਨ ਨੇ ਕਦਮ ਵਿਚਾਰੇ।।
ਵਾਸ਼ਿੰਗਟਨ ਦੇ ਝੰਡੇ ਝੁਕ ਗਏ,ਸਭ ਪਾਸੇ ਸੀ ਹੁਕਮ ਪੁਚਾਏ।
ਕਿਸੇ ਅਦਾਰੇ ਦਫਤਰ ਸਾਹਵੇਂ,ਪੂਰਾ ਝੰਡਾ ਨਾਂ ਲਹਿਰਾਏ।।
ਮਤਾ ਸੋਗ ਦਾ ਪਾ ਅਮਰੀਕਾ,ਪਾਰਲੀਮੈਂਟ ਵਿੱਚ ਗੱਲ ਵਿਚਾਰੀ।
ਸਿੱਖ ਸਾਡੇ ਪਰਵਾਰ ਦਾ ਹਿੱਸਾ,ਰੱਖਿਆ ਸਾਡੀ ਜਿਮੇਵਾਰੀ।।
ਹਰ ਸਮਾਜ ਹਰ ਖੇਤਰ ਅੰਦਰ,ਚੰਗੇ-ਮੰਦੇ ਹੋ ਸਕਦੇ ਨੇ।
ਲੋਕ ਰਾਜ ਹਮਦਰਦੀ ਰਾਹੀਂ,ਜਖ਼ਮ ਸਮੇਂ ਦੇ ਧੋ ਸਕਦੇ ਨੇ।
ਲੋਕੀਂ ਸ਼ੋਕ-ਸਭਾਵਾਂ ਅੰਦਰ,ਮਾਨਵਤਾ ਦੀ ਪੌੜੀ ਚੜ੍ਹ ਗਏ।
ਗੋਰੇ, ਕਾਲੇ, ਮੀਗ੍ਹੇ, ਚੀਨੇ,ਸੱਭੇ ਆਣ ਬਰੋਬਰ ਖੜ੍ਹ ਗਏ।।
ਦੂਜੇ ਪਾਸੇ ਅਗਰ ਦੇਖੀਏ,ਜਿਸ ਭਾਰਤ ਅਸੀਂ ਜੰਮੇ ਜਾਏ।
ਆਖਣ ਨੂੰ ਤਾਂ ਦੁਨੀਆਂ ਵਿੱਚੋਂ,ਵੱਡਾ ਲੋਕ ਰਾਜ ਅਖਵਾਏ।।
ਘੱਟ ਗਿਣਤੀ ਦੀ ਰੱਖਿਆ ਦੀ ਥਾਂ,ਘੱਟ ਗਿਣਤੀ ਹੀ ਦੁਸ਼ਮਣ ਇਸਦਾ।
ਹੱਕ-ਇਨਸਾਫ ਨੂੰ ਮੰਗਣ ਵਾਲਾ,ਹਰ ਬੰਦਾ ਹੀ ਦੁਸ਼ਮਣ ਦਿਸਦਾ।।
ਘੱਟ ਗਿਣਤੀ ਨੂੰ ਜਿੱਥੇ ਆਪਣੇ,ਹੱਕਾਂ ਖਾਤਿਰ ਮਰਨਾਂ ਪੈਂਦਾ,
ਜੀਵਨ ਪੂਰੇ ਲੰਘ ਜਾਂਦੇ ਨੇ,ਇੰਤਜਾਰ ਹੀ ਕਰਨਾਂ ਪੈਂਦਾ।।
ਲੋਕ ਭਾਵਨਾਂ ਦਰੜੀ ਜਾਂਦੀ,ਲੋਕ ਰਾਜ ਦੀ ਆੜ ਦੇ ਅੰਦਰ।
ਘਾਣ ਮਨੁੱਖੀ ਅਧਿਕਾਰਾਂ ਦਾ,ਹੈ ਸੰਵਿਧਾਨਿਕ ਵਾੜ ਦੇ ਅੰਦਰ।।
ਟੈਰ ਗਲਾਂ ਵਿੱਚ ਪਾਕੇ ਸਾੜੇ,ਧਰਮ-ਸਥਾਨਾਂ ਨੂੰ ਤੁੜਵਾਵੇ।
ਘੱਟ ਗਿਣਤੀ ਦੀ ਕਰਨ ਜੋ ਰਾਖੀ,ਉਹਨਾਂ ਦੇ ਝੰਡੇ ਸੜਵਾਵੇ।।
ਘੱਟ ਗਿਣਤੀਆਂ ਖਾਤਿਰ ਜਿੱਥੇ,ਵੱਖਰੇ ਹੀ ਕਾਨੂੰਨ ਬਣੇ ਨੇ।
ਨਿਰਦੋਸ਼ਾਂ ਦੇ ਮਰਨੇ ਦੇ ਪਲ,ਨੇਤਾ ਦਾ ਸਕੂਨ ਬਣੇ ਨੇ।।
ਇੱਕ ਰਾਜ ਘੱਟ ਗਿਣਤੀ ਖਾਤਿਰ,ਝੰਡੇ ਤੱਕ ਝੁਕਾ ਦਿੰਦਾ ਹੈ ,
ਦੂਜਾ ਕਤਲੋ-ਗਾਰਤ ਕਰਕੇ,ਝੰਡੇ ਹੋਰ ਉਠਾ ਦਿੰਦਾ ਹੈ ।।
ਦੋ ਦੇਸ਼ਾਂ ਦੇ ਲੋਕ ਰਾਜਾਂ ਦੀ,ਵੱਖੋ ਵੱਖਰੀ ਇੰਝ ਕਹਾਣੀ।
ਬਦਲ ਰਹੇ ਹਾਲਾਤਾਂ ਕਾਰਣ,ਹੁਣ ਤਾਂ ਸਭ ਲੋਕਾਂ ਨੇ ਜਾਣੀ।।
“ਲੋਕ ਰਾਜ ਹੈ ਭਾਰਤ ਵੱਡਾ”,ਏਦਾਂ ਸੁਣਕੇ ਸਹਿ ਨਹੀਂ ਹੁੰਦਾ।
“ਸਾਰੇ ਜਹਾਂ ਸੇ ਅੱਛਾ” ਮੇਰਾ,“ਦੇਸ਼ ਮਹਾਨ” ਇਹ ਕਹਿ ਨਹੀਂ ਹੁੰਦਾ।।
ਨਾਂ ਹੀ ਜਨਮ ਭੂਮੀ ਦਾ ਦੁਖੜਾ,ਸਾਤੋਂ ਕਦੇ ਭੁਲਾਇਆ ਜਾਂਦਾ,
“ਝੰਡਾ ਊਚਾ ਰਹੇ ਹਮਾਰਾ”,ਇਹ ਵੀ ਹੁਣ ਨਹੀਂ ਗਾਇਆ ਜਾਂਦਾ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)