ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Tuesday, May 22, 2012

ਪੁਜਾਰੀਬਾਦ ਦਾ ਬਦਲ


ਪੁਜਾਰੀ ਵਾਦ ਦਾ ਬਦਲ
ਗੁਰੂ ਅਮਰਦਾਸ ਜੀ ਨੇ ਦੂਰ ਦੁਰਾਡਿਆਂ ਤੱਕ ਗੁਰਮਤਿ ਦੇ ਪ੍ਰਚਾਰ ਲਈ ਪ੍ਰਚਾਰਕ ਨਿਯੁਕਤ ਕੀਤੇ ਸਨ ਜਿਨਾਂ ਨੂੰ ਉਸ ਸਮੇ ਮਸਨਦ(ਮਸੰਦ) ਕਿਹਾ ਜਾਂਦਾ ਸੀ ।ਮਸਨਦ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਗੱਦੀ ।ਇਹਨਾਂ ਮਸੰਦਾਂ ਦਾ ਕੰਮ ਆਪਣੀ ਕਿਰਤ ਕਮਾਈ ਕਰਦਿਆਂ ਗੁਰਮਤਿ ਦਾ ਪ੍ਰਚਾਰ ਕਰਦੇ ਕਰਦੇ ਸੰਗਤਾਂ ਦੇ ਦਸਵੰਦ ਨੂੰ ਮੁੱਖ ਕੇਂਦਰ(ਗੁਰੂ ਕੋਲ) ਪਹੁੰਚਾਉਣਾ ਹੁੰਦਾ ਸੀ ।ਕੁਝ ਸਮਾਂ ਤਾਂ ਪ੍ਰਚਾਰ ਦੇ ਇਹ ਕੇਂਦਰ ਬਹੁਤ ਵਧੀਆ ਚਲਦੇ ਰਹੇ ਪਰ ਸਮੇ ਦੇ ਬਦਲਾਵ ਨਾਲ ਉਹਨਾਂ ਮਸੰਦਾਂ ਦੀ ਨੀਅਤ ਵੀ ਬਦਲ ਗਈ । ਹੋ ਰਹੀ ਪੂਜਾ ਪ੍ਰਤਿਸ਼ਠਾ ਅਤੇ ਕਮਾਈ ਦੇ ਸੌਖਾ ਸਾਧਨ ਬਣ ਜਾਣ ਕਾਰਣ ਮਸੰਦਾਂ ਨੇ ਪ੍ਰਚਾਰ ਕੇਂਦਰਾਂ ਨੂੰ ਵਪਾਰ ਕੇਂਦਰਾਂ ਵਿੱਚ ਬਦਲ ਦਿੱਤਾ ।ਗੁਰਮਤਿ ਦੇ ਪ੍ਰਚਾਰ ਦੀ ਜਗਹ ਪੈਸੇ ਦੇ ਚੜ੍ਹਾਵੇ ਨਾਲ ਪੂਜਾ ਹੋਣੀ ਸ਼ੁਰੂ ਹੋ ਗਈ ।ਜਿਆਦਾ ਚੜ੍ਹ ਰਹੇ ਪੈਸੇ ਨੇ ਮਸੰਦਾ ਦੀ ਮੱਤ ਮਾਰ ਦਿੱਤੀ ਅਤੇ ਉਹ ਕੁਕਰਮਾਂ ਦੇ ਰਸਤੇ ਪੈ ਗਏ ।ਇਹਨਾਂ ਮਸੰਦਾਂ ਦੀਆਂ ਗੱਦੀਆਂ ਲਈ ਝਗੜੇ ਸ਼ੁਰੂ ਹੋ ਗਏ ।ਆਖਿਰ ਗੁਰੂ ਗੋਬਿੰਦ ਸਿੰਘ ਜੀ ਨੇ ਲੰਬਾ ਵਿਚਾਰ ਕੇ ਇਸ ਪ੍ਰਥਾ ਵਿੱਚ ਸੁਧਾਰ ਕਰਨ ਦੀ ਥਾਂ ਇਸ ਮਸੰਦ ਪ੍ਰਥਾ ਦਾ ਸਦਾ ਲਈ ਹੀ ਖਾਤਮਾ ਕਰ ਦਿੱਤਾ ਕਿਉਂਕਿ ਗੁਰੂ ਜੀ ਗੁਰਮਤਿ ਪ੍ਰਚਾਰ ਦੀ ਅਗਲੀ ਸਟੇਜ ਤੇ ਦੇਹ-ਗੁਰੂ ਪ੍ਰਥਾ ਨਾਲੋਂ ਸ਼ਬਦ-ਗੁਰੂ ਪ੍ਰਥਾ ਨਾਲ ਸੰਸਾਰ ਨੂੰ ਜੋੜਕੇ ਕਿਸੇ ਵੱਖਰੀ ਪੁਜਾਰੀ ਸ਼੍ਰੇਣੀ ਦੇ ਮੁਹਤਾਜ ਬਨਾਣ ਨਾਲੋਂ ਹਰ ਪ੍ਰਾਣੀ ਨੂੰ ਹੀ ਗੁਰਮਤਿ ਅਨੁਸਾਰੀ ਪੁਜਾਰੀ(ਸੁਕਿਰਤ ਕਰਦਿਆਂ ਰੱਬ ਨਾਲ ਜੁੜੇ ਰਹਿਣ ਵਾਲਾ) ਬਨਾਉਣਾ ਚਾਹੁੰਦੇ ਸਨ।
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ।
ਹਾਥ ਪਾਉ ਕਰ ਕਾਮੁ ਚੀਤ ਨਿਰੰਜਨ ਨਾਲਿ।(ਪੰਨਾ 1375)
ਗੁਰਮਤਿ ਅਨੁਸਾਰ ਹਰ ਸਿੱਖ ਹੀ ਪੁਜਾਰੀ ਹੈ ਜੋ ਕਿ ਪੁਰਾਣੇ ਸਮੇਂ ਤੋਂ ਪਰਚਲਤ ਕਿਸੇ ਆਕਾਰ ਦੀ ਕਰਮਕਾਂਡੀ ਪੂਜਾ ਅਰਚਨਾ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਕਰਦਾ ਸਗੋਂ  ਆਪਣੇ ਆਪ ਨੂੰ ਕਾਦਰ ਦੀ ਕੁਦਰਤ ਦਾ ਇੱਕ ਹਿੱਸਾ ਜਾਣਦਿਆਂ, ਕੁਦਰਤ ਦੇ ਅਟੱਲ ਨਿਯਮਾਂ ਅੱਗੇ ਸਮਰਪਿਤ ਹੋ ਉਸੇ ਦੀ ਨਿਯਮਾਵਲੀ ਅਧੀਨ ਵਿਚਰਨਾਂ ਹੀ ਕਾਦਰ ਦੀ ਪੂਜਾ ਸਮਝਦਾ ਹੈ ।ਲੋੜ ਹੈ ਬਸ ਕੁਦਰਤ ਦੀ ਨਿਯਮਾਵਲੀ ਨੂੰ ਸਮਝਣ ਦੀ ।ਕੁਦਰਤ ਦੇ ਨਿਯਮਾਂ ਦੇ ਅਨੁਕੂਲ ਹੋਕੇ ਜੀਣਾ ਹੀ ਰੱਬ ਦੇ ਹੁਕਮ ਵਿੱਚ ਜੀਣਾ ਹੈ। ਪਰਮਾਤਮਾਂ ਸੈਭੰਗ(ਸਵੈ ਭੰਗ) ਅਰਥਾਤ ਆਪਣੇ ਆਪ ਤੋਂ ਹੀ ਪ੍ਰਕਾਸ਼ ਹੋਇਆ ਅਤੇ ਪੁਰਖ(ਪੂਰਿਆ ਹੋਇਆ) ਅਰਥਾਤ ਹਰ ਦਿੱਖ-ਅਦਿੱਖ ਚੀਜ ਵਿੱਚ ਸਮਾਇਆ ਹੋਇਆ ਹੈ ਅਤੇ ਇਕ ਰਸ ਆਪਣੀ ਕੁਦਰਤ ਵਿੱਚ ਵਿਆਪ ਰਿਹਾ ਹੈ ।ਇਸ ਤਰਾਂ ਮਨੁੱਖ ਵੀ ਇਸ ਕੁਦਰਤ ਦਾ ਇੱਕ ਹਿੱਸਾ ਅਰਥਾਤ ਰੱਬ ਜੀ ਦਾ ਇਕ ਹਿੱਸਾ ਹੈ ਜਿਸਨੂੰ ਕੁਦਰਤ ਵਾਂਗ ਹੀ ਜੀਣਾਂ ਸਮੇਂ ਸਮੇਂ ਦੇ ਕੁਦਰਤ ਦੇ ਅੰਗ ਸੰਗ ਜੀਣ ਵਾਲੇ ਪਰਮ ਮਨੁੱਖਾਂ ਨੇ ਆਪੋ ਆਪਣੇ ਤਰੀਕੇ ਨਾਲ ਦੱਸਿਆ ਹੈ ।ਆਮ ਲੁਕਾਈ ਨੂੰ ਸਮਝ ਆਉਣ ਲਈ ਲੋਕਾਂ ਦੀ ਭਾਸ਼ਾ ਵਿੱਚ  ਅਜਿਹੇ ਸਰਬੱਤ ਦੇ ਭਲੇ ਦੇ ਨਿਯਮਾਂ ਦੇ ਵਰਣਨ ਵੱਖਰੇ ਵੱਖਰੇ ਮਜ਼ਹਬਾਂ ਦੇ ਬਾਨਣੂ ਬੰਨਣ ਦਾ ਆਧਾਰ ਬਣਦੇ ਗਏ ।ਹੌਲੀ ਹੌਲੀ ਵਿਕਸਤ ਹੋਏ ਅਜਿਹੇ ਧਾਰਮਿਕ ਆਖੇ ਜਾਂਦੇ ਨਿਯਮਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਵਿਚੋਲੇ ਹੋਂਦ ਵਿੱਚ ਆ ਗਏ ।ਇਹੀ ਵਿਚੋਲੇ ਆਪਣੇ ਨਿੱਜੀ ਸਵਾਰਥ ਲਈ  ਸ਼ਰਧਾਲੂਆਂ ਵਿੱਚ ਆਪਦੀ ਰੱਬ ਨਾਲ ਨੇੜਤਾ ਦਾ ਭੁਲੇਖਾ ਪੈਦਾ ਕਰ ਪੁਜਾਰੀ ਅਖਵਾਉਣ ਲੱਗ ਪਏ ।ਲੋਕਾਂ ਵਿੱਚ ਇਹ ਭਰਮ ਪੈਦਾ ਕਰਕੇ ਕਿ ਪੁਜਾਰੀਆਂ ਦੀ ਰੱਬ ਜਿਆਦਾ ਸੁਣਦਾ ਹੈ , ਇਹਨਾਂ ਚੜ੍ਹਾਵੇ ਲੈਕੇ ਲੋਕਾਂ ਦੇ ਰੁਕੇ  ਕੰਮ ਪੂਜਾ-ਅਰਦਾਸਾਂ ਨਾਲ ਕਰਵਾਉਣ ਦਾ ਪੁਸ਼ਤ ਦਰ ਪੁਸ਼ਤ ਬਿਜਨਸ ਸ਼ੁਰੂ ਕਰ ਲਿਆ ।ਦੁਨੀਆਂ ਦੇਖਦੀ ਸੀ ਕਿ ਦੁਨਿਆਵੀ ਰਾਜਿਆਂ ਦੀ ਖੁਸ਼ਾਮਦ ਕਰਕੇ  ਕਿੰਝ ਕੁਝ ਲੋਕ ਉਹਨਾਂ ਦੀ ਵਡਿਆਈ ਵਿੱਚ ਕਵਿਤਾਵਾਂ ਆਦਿ ਸੁਣਾਕੇ ਧਨ-ਸੰਪਦਾ ਹਾਸਲ ਕਰ ਲੈਂਦੇ ਹਨ ।ਲੋਕਾਂ ਸੋਚਿਆ ਕਿ ਰੱਬ ਤਾਂ ਇਹਨਾਂ ਰਾਜਿਆਂ ਦਾ ਵੀ ਰਾਜਾ ਹੈ ਉਸਨੂੰ ਵੀ ਆਪਦੀ ਉਪਮਾਂ ਸੁਣਨ ਦੀ ਭੁੱਖ ਹੋਵੇਗੀ ਉਹ ਵੀ ਇੰਝ ਦੀ ਉਪਮਾਂ ਸੁਣਕੇ ਖੁਸ਼ ਹੋਕੇ ਦੁਨਿਆਵੀ ਪਦਾਰਥਾਂ ਦੀਆਂ ਮਿਹਰਾਂ ਕਰਦਾ ਹੋਵੇਗਾ ਅਤੇ ਮਿਹਰਾਂ ਮੰਗਣ ਦਾ ਢੰਗ ਪੁਜਾਰੀ ਤੋਂ ਵਧਕੇ ਹੋਰ ਕੌਣ ਜਾਣਦਾ ਹੋ ਸਕਦਾ ਹੋਵੇਗਾ।ਇਸ ਤਰਾਂ ਮਨੁੱਖ ਦੀਆਂ ਦੁਨਿਆਵੀ ਲੋੜਾਂ ਬਿਨਾਂ ਕਿਰਤ ਕੀਤਿਆਂ ਪਾਣ ਦੀ ਚਾਹਤ, ਪੁਜਾਰੀਵਾਦ ਦਾ ਸਤਿਕਾਰ ਵਧਾਉਂਦੀ ਗਈ ।ਰੁਜਗਾਰ ਦਾ ਪੁਸ਼ਤਾਂ ਤੱਕ ਦਾ ਪੱਕਾ ਸਾਧਨ ਬਣਦਾ ਦੇਖ ਪੁਜਾਰੀਆਂ ਨੇ ਸਧਾਰਣ ਲੋਕਾਂ ਨੂੰ ਗਿਆਨ ਤੋਂ ਦੂਰ ਰੱਖਣ ਦੀ ਚਾਹਨਾਂ ਵਿੱਚ ਅੰਧਵਿਸਵਾਸ਼ਾਂ ਅਤੇ ਕਰਮਕਾਂਢਾਂ ਵਿੱਚ ਉਲਝਾ ਦਿੱਤਾ ।ਕਿਰਤੀ ਕੋਲ ਤਾਂ ਕਿਰਤ ਤੋਂ ਹੀ ਵਿਹਲ ਨਹੀਂ ਸੀ ,ਸੋ ਉਸਨੇ ਜਾਣੇ-ਅਣਜਾਣੇ ਵਿੱਚ ਇਹ ਵਿਭਾਗ ਪੁਜਾਰੀਆਂ ਨੂੰ ਹੀ ਸੌਂਪ ਦਿੱਤਾ ।ਜਿਓਂ ਜਿਓਂ ਰੋਜੀ ਰੋਟੀ ਅਤੇ ਚੰਗੇਰੇ ਭਵਿੱਖ ਦੀ ਆਸ ਵਿੱਚ ਸਥਾਪਿਤ ਹੋਣ ਦਾ ਸੰਘਰਸ਼ ਵਧਦਾ ਜਾਂਦਾ ਹੈ, ਮਨੁੱਖ ਪਹਿਲਾਂ ਨਾਲੋਂ ਜਿਆਦਾ ਰੁੱਝਦਾ ਜਾਂਦਾ ਹੈ । ਉਸ ਕੋਲ ਸਮੇ ਦੀ ਹੋਰ ਘਾਟ ਹੁੰਦੀ ਜਾਂਦੀ ਹੈ, ਜਿਸ ਨਾਲ ਪੁਜਾਰੀਵਰਗ ਦੀ ਸਥਾਪਤੀ ਪੱਕੀ ਹੁੰਦੀ ਜਾਂਦੀ ਹੈ ।
ਬੰਦਾ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਤੇ ਲੰਬਾ ਸਮਾਂ ਕਹਿਰ ਦੀ ਹਨੇਰੀ ਝੁੱਲੀ ।ਹਕੂਮਤ ਵੱਲੋਂ ਸਿੱਖਾਂ ਨੂੰ ਦੇਖਦਿਆਂ ਮਾਰ ਦੇਣ ਦੇ ਹੁਕਮ ਜਾਰੀ ਹੋ ਗਏ ।ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ ।ਸਿੱਖਾਂ ਨੇ ਹਕੂਮਤ ਅੱਗੇ ਝੁਕਣ ਨਾਲੋਂ ਪਿੰਡਾਂ ਨੂੰ ਛੱਡਕੇ ਜੰਗਲਾਂ,ਮਾਰੂਥਲਾਂ ਅਤੇ ਪਹਾੜਾਂ ਦੀਆਂ ਕੰਦਰਾਂ  ਵਿੱਚ ਸ਼ਰਨ ਲੈ ਲਈ ।ਸਿੱਖਾਂ ਦੀਆਂ ਕੁਝ ਪੀੜ੍ਹੀਆਂ ਅਜਿਹੇ ਥਾਵਾਂ ਵਿੱਚ ਹੀ ਜੰਮੀਆਂ ਪਲੀਆਂ ।ਅਜਿਹੇ ਬਿਖੜੇ ਸਮੇਂ ਵੀ ਸਿੱਖ  ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦੇ ਅੰਗ ਸੰਗ ਰਹਿਣ ਦੀ ਕੋਸ਼ਿਸ਼ ਕਰਦੇ ਰਹੇ ।ਪਰ ਅਣਸੁਖਾਵੇਂ ਹਾਲਾਤਾਂ ਕਾਰਣ ਉਹਨਾਂ ਨੂੰ ਦੁਨਿਆਵੀ ਵਿੱਦਿਆ ਅਤੇ ਗੁਰਸ਼ਬਦਾਂ ਦੀ ਵਿਚਾਰ ਨਾਲ ਚੰਗੀ ਤਰਾਂ ਜੁੜਨ ਤੋਂ ਵਾਂਝਿਆਂ ਰਹਿਣਾ ਪਿਆ । ਅਜਿਹੇ ਲੜਨ-ਭਿੜਨ ਦੇ ਸਮੇਂ ਬਾਗੀ ਅਖਵਾਉਂਦੇ ਸਿੰਘ ਅਕਸਰ ਹਕੂਮਤ ਨਾਲ ਗੁਰੀਲਾ ਲੜਾਈਆਂ ਲੜਦੇ ਸਰਕਾਰੀ ਖਜਾਨੇ ਖੋਹ ਲਿਆ ਕਰਦੇ ਸਨ ।ਅਜਿਹੇ ਸਮਿਆਂ ਵਿੱਚ ਵੀ ਸਿੱਖ ਛੁਪਦੇ-ਛੁਪਾਉਂਦੇ ਪਿੰਡਾਂ ਵਿੱਚ ਜਾਕੇ ਉਹਨਾਂ ਥਾਵਾਂ ਤੇ ਭੇਟਾਵਾਂ ਸਹਿਤ ਮੱਥਾ ਟੇਕਣ ਦੇ ਨਾਲ ਬਾਣੀ ਸੁਣ ਆਉਂਦੇ ਸਨ ਜਿੱਥੇ ਸਿੱਖਾਂ ਦੇ ਨਜਦੀਕੀ ਅਖਵਾਉਂਦੇ  ਨਿਰਮਲੇ ਜਾਂ ਉਦਾਸੀ ਰੱਖੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਵਾਲੀਆਂ ਥਾਵਾਂ ਤੇ ਕਾਬਜ ਹੋ ਚੁੱਕੇ ਸਨ । ਗੁਰੂ ਅੱਗੇ ਤਿਲ ਫੁਲ ਜਾਂ ਵਧੀਕ ਭੇਟਾਵਾਂ ਅਰਪਣ ਕਰਨ ਦੀ ਸਿੱਖਾਂ ਦੀ ਆਦਤ ਨੂੰ ਭਾਂਪਦਿਆਂ ਕਾਬਜ ਹੋਏ ਨਿਰਮਲੇ,ਉਦਾਸੀ,ਸੰਤਾਂ-ਮਹੰਤਾਂ ਨੇ ਆਪਣੇ ਸਵਾਰਥ ਲਈ ਗੁਰਮਤਿ ਫਲਸਫੇ ਨੂੰ ਸਮਝਣ-ਸਮਝਾਉਣ ਨਾਲੋਂ  ਪੁਜਾਰੀਵਾਦ ਦਾ ਹੀ ਪ੍ਰਚਾਰ ਕਰਨਾ ਲਾਹੇਬੰਦ ਸਮਝਿਆ ।
ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਵੀ ਅਜਿਹਾ ਪੁਜਾਰੀਵਾਦ ਆਪਣੀ ਚਾਲੇ ਚਲਦਾ ਗਿਆ। ਅੰਗਰੇਜਾਂ ਦੇ ਸਮੇਂ ਜਾਂ ਬਾਅਦ ਵਿੱਚ ਵੀ ਗੁਰਮਤਿ ਦੇ ਫਲਸਫੇ ਦੇ ਪ੍ਰਸਾਰ/ਪ੍ਰਚਾਰ ਦੀ ਜਗਾਹ, ਬਣ ਰਹੇ ਗੁਰਦਵਾਰਿਆਂ ਵਿੱਚ ਪੂਜਾ ਹੀ ਹਾਵੀ ਰਹੀ ।ਅੰਗਰੇਜਾਂ ਸਮੇਂ ਅਤੇ ਅਜਾਦ ਭਾਰਤ ਵਿੱਚ ਭਾਵੇਂ ਮਹੰਤਾਂ ਤੋਂ ਗੁਰਦਵਾਰਿਆਂ ਦੇ ਪ੍ਰਬੰਧ ਵਾਪਸ ਲੈਕੇ ਪੰਥਕ ਇਕਸਾਰਤਾ ਲਈ ਸ਼ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਦੇ ਗਠਨ ਨਾਲ ਸਿੱਖਾਂ ਨੇ ਕੁਝ ਕਾਮਯਾਬੀ ਹਾਸਲ ਕਰ ਲਈ,ਪਰ ਇਸ ਕਮੇਟੀ ਦੇ ਵੀ ਰਾਜਨੀਤਕ ਹੋ ਜਾਣ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਲ ਵਿਚਾਰਧਾਰਾ ਅਨੁਸਾਰ ਗੁਰਮਤਿ ਦਾ ਫੈਲਾਵ ਨਹੀਂ ਹੋਇਆ ।ਸਮੇ ਸਮੇ ਤੇ ਮਿਸ਼ਨਰੀ ਕਾਲਜਾਂ ਅਤੇ ਕੁਝ ਹੋਰ ਸਵੈ ਸੇਵੀ ਸੰਸਥਾਵਾਂ ਨੇ ਆਪਣੇ ਵਿਤ ਅਨੁਸਾਰ ਸਿੱਖੀ ਵਿੱਚੋਂ ਪੁਜਾਰੀਵਾਦ ਖਤਮ ਕਰਨ ਲਈ ਅਤੇ ਗੁਰੂ ਗਿਆਨ ਦੇ ਪ੍ਰਚਾਰ ਵਿੱਚ ਬਣਦਾ ਯੋਗਦਾਨ ਪਾਇਆ ।
ਅਗਰ ਗੁਰੂ ਦੇ ਫਲਸਫੇ ਦਾ ਸੰਗਤਾਂ ਵਿੱਚ ਸਹੀ ਪ੍ਰਚਾਰ ਹੋਣ ਲਗ ਪਵੇ ਤਾਂ ਕਿਸੇ ਬਾਹਰਲੇ ਪੁਜਾਰੀਵਾਦ ਦੀ ਕੋਈ ਲੋੜ ਹੀ ਨਹੀਂ ਰਹਿੰਦੀ ਅਤੇ ਨਾਂ ਹੀ ਕੋਈ ਕਿਸੇ ਜਗਿਆਸੂ ਨੂੰ ਧਰਮ ਦੀ ਆੜ ਹੇਠ ਅਖੌਤੀ ਪੂਜਾ ਵਿੱਚ ਉਲਝਾ ਸਕਦਾ ਹੈ ।
ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ।।(ਭਾਈ ਗੁਰਦਾਸ)
ਭਾਈ ਗੁਰਦਾਸ ਜੀ ਅਨੁਸਾਰ ਹਰ ਘਰ ਨੂੰ ਧਰਮਸ਼ਾਲ(ਧਰਮ ਸਿਖਾਉਣ ਦਾ ਸਕੂਲ) ਬਣਾਉਣ ਦੀ ਜਰੂਰਤ ਹੈ ।ਜਦੋਂ ਮਾਪਿਆਂ ਵਲੋਂ ਖੁਦ ਗੁਰਮਤਿ ਸਿੱਖਕੇ, ਆਪਣੇ ਜੀਵਨ ਵਿੱਚ ਧਾਰਕੇ ਆਪਣੇ ਬੱਚਿਆਂ ਨੂੰ ਸਿਖਾਈ ਜਾਵੇਗੀ ਤਾਂ ਸਮਾਜ ਵਿੱਚ ਇਸਦਾ ਪਰੈਕਟੀਕਲ ਰੂਪ ਦੇਖਣ ਨੂੰ ਮਿਲੇਗਾ ।ਕਿਸੇ ਨੂੰ ਪੈਸੇ ਦੇਕੇ ਜੀਵਨ ਦੇ ਜਰੂਰੀ ਸੰਸਕਾਰਾਂ ਵਾਲੇ ਮੌਕਿਆਂ ਸਮੇਂ ਧਾਰਮਿਕ ਦਿੱਖ ਭਰਨ ਨਾਲੋਂ ਸਹਿਜ ਸੁਭਾਇ ਕੀਤੇ ਕਾਰਜਾਂ ਵਿੱਚ ਵੀ ਗੁਰਮਤਿ ਦੀ ਖੁਸ਼ਬੋ ਹੀ ਹੋਵੇਗੀ ।ਅੱਜ ਦੇ ਸਮੇਂ ਦੇ ਅਨੇਕਾਂ ਪਰਚਾਰਕ,ਵਿਦਵਾਨ ਅਤੇ ਜੱਥੇਬੰਦੀਆਂ ਪੁਜਾਰੀਵਾਦ ਨੂੰ ਗੁਰਮਤਿ ਦੇ ਰਸਤੇ ਦਾ ਸਭ ਤੋਂ ਵੱਡਾ ਅੜਿੱਕਾ ਸਮਝਦੀਆਂ ਹੋਈਆਂ ਸਿੱਖੀ ਵਿੱਚੋਂ ਇੱਕੋ ਝਟਕੇ ਪੁਜਾਰੀਵਾਦ ਦੇ ਖਾਤਮੇ ਦੀ ਗਲ ਕਰਦੀਆਂ ਹਨ ਪਰ ਕੇਵਲ ਲਿਖਤਾਂ ਨਾਲ ਜਾਂ ਬਿਨਾਂ ਕਿਸੇ ਪਰੈਕਟੀਕਲ ਕੰਮ ਦੇ  ਅਜਿਹਾ ਹੋ ਸਕਣਾ ਅਸੰਭਵ ਹੈ ਕਿਓਂਕਿ ਇੱਕੋ ਝਟਕੇ ਬਿਨਾ ਬਦਲ ਪੁਜਾਰੀਵਾਦ ਖਤਮ ਕਰਨ ਦਾ ਮਤਲਬ ਸੰਗਤ ਵਿੱਚ ਸਹਿਜ ਸੁਭਾਇ ਨਾਸਤਿਕ ਵਿਰਤੀ ਦਾ ਉਪਜ ਜਾਣਾ ਹੋ ਸਕਦਾ ਹੈ। ਫਿਰ ਇਸ ਪੁਜਾਰੀਬਾਦ ਦੇ ਕੋੜ੍ਹ ਤੇ ਕਿਵੇਂ ਕਾਬੂ ਪਾਇਆ ਜਾਵੇ ਇਸ ਸਬੰਧ ਵਿੱਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਕਾਰਜ ਵਿਧੀ ਅਤੇ ਕਾਰਜ ਖੇਤਰਾਂ ਨੂੰ ਵਿਚਾਰਨਾਂ ਸਹਾਇਕ ਹੋ ਸਕਦਾ ਹੈ ।
ਕਾਲਜ ਵਿੱਚੋਂ ਗੁਰਮਤਿ ਵਿਚਾਰਧਾਰਾ,ਫਲਸਫੇ ਅਤੇ ਗੁਰ ਉਪਦੇਸ਼ਾਂ ਦਾ ਭਰਪੂਰ ਗਿਆਨ ਹਾਸਲ ਕਰ ਜਦੋਂ ਵਿਦਿਆਰਥੀ ਇਕ ਅਧਿਆਪਕ ਵਾਂਗ ਵੱਖ ਵੱਖ ਸਰਕਲਾਂ ਵਿੱਚ ਸਿਖਿਆਰਥੀਆਂ ਦੀਆਂ ਨਵੀਆਂ ਜਮਾਤਾਂ ਵਿੱਚ ਪੁੱਜਦੇ ਹਨ ਤਾਂ ਅੱਗੇ ਉਹੀ ਪ੍ਰਚਾਰ ਕਰਦੇ ਹਨ ਜੋ ਉਹਨਾਂ ਕਾਲਜ ਰਹਿ ਕੇ ਸਿੱਖਿਆ ਹੁੰਦਾ ਹੈ ।ਅਕਾਲ ਤਖਤ ਦੀ ਮੋਹਰ ਅਧੀਨ ਬਣੀ ਪੰਥ ਪਰਮਾਣਿਤ ਸਿੱਖ ਰਹਿਤ ਮਰਿਆਦਾ ਨੂੰ ਅਧਾਰ ਬਣਾਕੇ ਇਹ ਪ੍ਰਚਾਰਕ ਪਿੰਡਾਂ ਵਿੱਚ ਵਿਚਰਦੇ ਹਨ ਹਾਲਾਂਕਿ ਭਵਿੱਖ ਲਈ ਕੁਝ ਪ੍ਰਚਾਰਕ ਇਸ ਮਰਿਆਦਾ ਵਿੱਚ ਗੁਰਮਤਿ ਅਨੁਸਾਰ ਤਬਦੀਲੀਆਂ ਦੀ ਤਵੱਕੋਂ ਰੱਖਦਿਆਂ, ਡੇਰਿਆਂ ਦੇ ਮੁਕਾਬਲੇ ਹਾਲ ਦੀ ਘੜੀ ਇਸੇ ਰਹਿਤ ਮਰਿਆਦਾ ਨੂੰ ਆਧਾਰ ਬਣਾਉਣਾ ਹੀ ਠੀਕ ਸਮਝਦੇ ਹਨ । ਸੈਂਕੜੇ ਪਿੰਡਾਂ ਵਿੱਚ ਅਜਿਹੀਆਂ ਸੇਵਾਵਾਂ ਦਾ ਪੁੱਜ ਜਾਣਾ ਅਤੇ ਲਗਾਤਾਰ ਵਧਦੇ ਜਾਣਾ  ਇਹਨਾਂ ਸੈਂਟਰਾਂ ਦੀ ਸਹੀ ਦਿਸ਼ਾ ਨਿਰਧਾਰਿਤ ਕਰਨ ਦਾ ਹੀ ਪ੍ਰਗਟਾਵਾ ਹੈ ।ਪੁਜਾਰੀਵਾਦ ਦੇ ਅਜੋਕੇ ਸਮੇ ਵਿੱਚ ਅਜਿਹੇ ਸੈਂਟਰਾਂ ਦਾ ਸ਼ੁਰੂ ਕਰਨਾਂ ਆਸਾਨ ਕੰਮ ਨਹੀਂ ਹੈ ।ਇਹ ਵੀ ਇਕ ਸਟੈੱਪ ਵਾਈਜ਼ ਠਰੰਮੇ ਵਾਲਾ ਕੰਮ ਹੈ।ਪਹਿਲੇ ਸਟੈੱਪ ਤੇ ਕਿਸੇ ਵੀ ਪਿੰਡ ਦੇ ਕੁਝ ਗੁਰਮਤਿ ਅਨੁਸਾਰ ਚੱਲਣ ਵਾਲੇ ਪਰਿਵਾਰਾਂ ਅਤੇ ਕੁਝ ਐਨ ਆਰ ਆਈਜ਼ ਦੀ ਮਦਦ ਨਾਲ ਇਸ ਕਲਾਸ ਦੀ ਸ਼ੁਰੂਆਤ ਕੀਤੀ ਜਾਦੀ ਹੈ ।ਪ੍ਰਚਾਰਕ ਆਪਣੀਆਂ ਕਲਾਸਾਂ ਵਿੱਚ ਕੰਪਿਊਟਰ,ਲੈਪਟੌਪ,ਪਰੌਜੈਕਟਰ,ਵੀਡੀਓ ਸਕਰੀਨ, ਸਲਾਈਡਾਂ ਅਤੇ ਮੂਵੀਆਂ ਆਦਿ ਦੀ ਵਰਤੋਂ ਅਕਸਰ ਕਰਦੇ ਹਨ ।  ਜਿਓਂ ਜਿਓਂ ਇਸ ਕਲਾਸ ਦਾ ਵਾਧਾ ਹੁੰਦਾ ਜਾਂਦਾ ਹੈ ਪਿੰਡ ਵਾਲੇ ਜਾਂ ਗੁਰਦਵਾਰੇ ਵਾਲੇ ਗੁਰਮਤਿ ਦੇ ਨਵੀਨ ਤਕਨਾਲੋਜੀ ਨਾਲ ਹੋ ਰਹੇ ਪ੍ਰਚਾਰ ਨੂੰ ਦੇਖਕੇ ਇਸ ਕਲਾਸ ਨੂੰ ਅਪਣਾ ਲੈਂਦੇ ਹਨ ।ਪਰ ਕਦੇ ਕਦੇ ਪਿੰਡਾਂ ਵਾਲਿਆਂ ਦੀ ਅਗਿਆਨਤਾ ਦਾ ਫਾਇਦਾ ਲੈਕੇ ਕੁਝ ਪੁਜਾਰੀਵਾਦ ਦੇ ਸਿਰ ਤੇ ਰੋਟੀ ਖਾਣ ਵਾਲੇ ਕਰਮਕਾਂਡੀ ਲੋਕ, ਜੋ ਨਹੀਂ ਚਾਹੁੰਦੇ ਕਿ ਸੰਗਤ ਕੋਲ ਗੁਰਮਤਿ ਦਾ ਸਹੀ ਗਿਆਨ ਪੁੱਜੇ ਅਜਿਹੀ ਕਲਾਸ ਨੂੰ ਆਪਦੀ ਰੋਜੀ ਰੋਟੀ ਲਈ ਖਤਰਾ ਜਾਣਕੇ ਵਿਰੋਧਤਾ ਵੀ ਕਰਦੇ ਹਨ ।ਇਹਨਾਂ ਕਲਾਸਾਂ ਵਿੱਚ ਪਿੰਡ ਵਾਸੀਆਂ ਨੂੰ ਪੈਸੇ ਦੇਕੇ ਪਾਠ-ਪੂਜਾ ਅਤੇ ਅਰਦਾਸਾਂ ਕਰਵਾਉਣ ਵਰਗੀਆਂ ਮਨਮਤਾਂ ਅਤੇ ਹਰ ਤਰਾਂ ਦੇ ਅੰਧਵਿਸ਼ਵਾਸਾਂ ਤੋਂ ਹਟਾਕੇ ਗੁਰਮਤਿ ਅਨੁਸਾਰੀ ਜੀਵਨ ਜੀਣ ਦੀ ਸੇਧ ਦਿੱਤੀ ਜਾਂਦੀ ਹੈ।ਇਸ ਤਰਾਂ ਹਰ ਪਿੰਡ ਵਿੱਚ ਇੱਕ ਅਜਿਹਾ ਵਾਤਾਵਰਣ ਬਣਾਉਣ ਦੀ ਕੋਸ਼ਿਸ਼ ਕਰੀ ਜਾਂਦੀ ਹੈ ਜਿਸ ਵਿੱਚ ਹਰ ਸਿੱਖ ਨੂੰ ਆਪਣੀ ਜਿੰਦਗੀ ਦੇ ਕਿਸੇ ਵੀ ਕਾਰਜ ਨੂੰ ਕਰਨ ਲਈ ਪੁਜਾਰੀ ਨਾਮਕ ਵਿਚੋਲਿਆਂ ਦੀ ਕੋਈ ਜਰੂਰਤ ਹੀ ਨਾਂ ਪਏ ।ਹਰ ਇੱਕ ਸਿੱਖ ਆਪਣੇ ਨਿਤਨੇਮ ਤੋਂ ਬਿਨਾਂ ਗੁਰਬਾਣੀ ਨੂੰ ਸਮਝ ਵਿਚਾਰ ਆਪਣੇ ਜੀਵਨ ਵਿੱਚ ਧਾਰਕੇ ਖੁਦ ਪ੍ਰਚਾਰਕ ਬਣ ,ਆਪਣੇ ਧਾਰਮਿਕ ਸਮਾਜਿਕ ਸੰਸਕਾਰ ਆਪ ਕਰਕੇ ਬਾਕੀ ਪਰਿਵਾਰ ਅਤੇ ਸਮਾਜ ਲਈ ਉਦਾਹਰਣ ਬਣੇ ।
ਕਈ ਸੱਜਣ ਇੰਝ ਵੀ ਸੋਚ ਸਕਦੇ ਹਨ ਕਿ ਕੀ ਇਹ ਅਨਪੜ੍ਹ ਪੁਜਾਰੀਆਂ ਦਾ ਪੜ੍ਹੇ ਲਿਖੇ ਪੁਜਾਰੀਆਂ ਨਾਲ ਤਬਾਦਲਾ ਨਹੀਂ ਹੈ ? ਪਰ ਠਰੰਮੇ ਨਾਲ ਵਿਚਾਰਨ ਤੇ ਮਹਿਸੂਸ ਹੁੰਦਾ ਹੈ ਕਿ ਲੋਕਾਈ ਨੂੰ ਅਗਿਆਨੀ ਰੱਖਕੇ ਧਰਮ ਦੇ ਨਾਮ ਤੇ ਕਰਮਕਾਂਡਾਂ ਰਾਹੀਂ ਰੱਬ ਨੂੰ ਖੁਸ਼ ਕਰਨ ਦਾ ਭਰਮ ਪੈਦਾ ਕਰ ,ਬ੍ਰਾਹਮਣ ਵਾਂਗ ਗੁਰੂ ਦੀ ਬਾਣੀ ਦੀ ਵਰਤੋਂ ਕਰਕੇ ਖੁਦ ਰੱਬ ਦੇ ਵਿਚੋਲੇ ਹੋਣ ਦਾ ਪਾਖੰਡ ਕਰਨਾ ਪੁਜਾਰੀਵਾਦ ਹੈ ਨਾਂ ਕਿ ਗੁਰਮਤਿ ਦੇ ਸੱਚੇ  ਗਿਆਨ ਅਤੇ ਉਪਦੇਸ਼ਾਂ ਨਾਲ ਖਾਲਕ ਅਤੇ ਖਲਕਤ ਵਿੱਚੋਂ ਇਹਨਾਂ ਅਖੌਤੀ ਵਿਚੋਲਿਆਂ ਨੂੰ ਖਤਮ ਕਰਨ ਵਾਲਾ ਗਿਆਨ ਸੰਗਤਾਂ ਦੇ ਦਿਲਾਂ ਤੱਕ ਪੁੱਜਦਾ ਕਰਨ ਦੇ ਨਾਲ ਨਾਲ ਸੰਗਤਾਂ ਨੂੰ ਗੁਰੂ ਦੇ ਫਲਸਫੇ ਨੂੰ ਖੁਦ ਪੜ੍ਹਨ ਵਿਚਾਰਨ ਅਤੇ ਬਾਣੀ ਅਨੁਸਾਰ ਹਰ ਕਾਰਜ ਆਪ ਕਰਨ ਲਈ ਸੇਧ ਦੇਣੀ ।
 ਕੁਝ ਵੀਰ ਇਸ ਲਹਿਰ ਤੇ ਸਥਾਪਤ ਮਜ਼ਹਬੀ-ਰਾਜਨੀਤਿਕ ਵਚਿਤਰ ਨਾਟਕੀ ਆਗੂਆਂ ਦੇ ਖਿਲਾਫ ਡਟ ਨਾਂ ਸਕਣ ਦਾ ਦੋਸ਼ ਵੀ ਲਾਉਂਦੇ ਹਨ ਪਰ ਅਜਿਹੀ ਲਹਿਰ ਦੇ ਸ਼ੁਰੂਆਤੀ ਲਾਮਬੰਦ ਹੋਣ ਦੇ ਸਮੇਂ ਅਜਿਹੀ ਤਵੱਕੋਂ ਕਰਨੀ ਉਹ ਵੀ ਉਸ ਸਮੇ ਜਦੋਂ ਪਿੰਡਾਂ ਵਿੱਚ 95% ਲੋਕ ਡੇਰਿਆਂ ਨਾਲ ਜੁੜ ਚੁੱਕੇ ਹੋਣ ,80% ਸਕੂਲੀ ਵਿਦਿਆਰਥੀ ਕੇਸ ਕਤਲ ਕਰਵਾ ਚੁੱਕੇ ਹੋਣ ਅਤੇ 75% ਲੋਕ ਨਸ਼ਿਆਂ ਵਿੱਚ ਧਸ ਗਏ ਹੋਣ ,ਯੋਗ ਨਹੀਂ ਜਾਪਦੀ ।ਅਜਿਹੀ ਸਥਿਤੀ ਵਿੱਚ ਤਾਂ ਪੈਰ ਧਰਨ ਦੀ ਜਗਹ ਵੀ ਬੜੀ ਮੁਸ਼ਕਲ ਅਤੇ ਧੀਰਜ ਨਾਲ ਲੰਬਾ ਸੋਚ ਕੇ ਬਣਾਉਣੀ ਪੈਂਦੀ ਹੈ ।ਹਰ ਕੋਈ ਜਾਣਦਾ ਹੈ ਕਿ ਮਜ਼ਹਬੀ ਤੇ ਰਾਜਨੀਤਕਾਂ ਦੇ ਗੱਠ ਜੋੜ ਨੇ ਹਰ ਖੇਤਰ ਵਿੱਚ ਸ਼ੋਸ਼ਣ ਕਰਨ ਲਈ ਆਮ ਲੁਕਾਈ ਨੂੰ ਕਿਸ ਤਰਾਂ ਨਿੱਜੀ ਲੋੜਾਂ ਲਈ ਆਪਦੇ ਮੁਹਤਾਜ਼ ਬਣਾ ਕੇ ਰੱਖਿਆ ਹੋਇਆ ਹੈ ।ਸਮੋਹਣ ਦੀ ਨੀਂਦ ਵਿੱਚੋਂ ਜਗਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਸ਼ਰੀਰਕ ਨੁਕਸਾਨ ਦੇ ਨਾਲ ਨਾਲ ਪੰਥ ਵਿੱਚੋਂ ਛੇਕਣ ਦੇ ਡਰਾਵੇ ਵੀ ਦਿੱਤੇ ਜਾਂਦੇ ਹਨ ।ਅਜਿਹੀ ਸਥਿੱਤੀ ਵਿੱਚੋਂ ਲੋਕਾਂ ਨੂੰ ਕੱਢਣ ਲਈ ਇਕ ਲੰਬੀ ਵਿਓਂਤ ਅਤੇ ਧੀਰਜ ਦੀ ਜਰੂਰਤ ਹੈ ।ਲੋਕਾਂ ਦੇ ਗਫ਼ਲਤ ਦੀ ਨੀਂਦ ਵਿੱਚੋਂ ਜਾਗਣ ਤੋਂ ਬਾਅਦ ਹੀ ਕੋਈ ਆਰ-ਪਾਰ ਦਾ ਸੰਘਰਸ਼ ਅਸਰਦਾਇਕ ਹੋ ਸਕਦਾ ਹੈ ਵਰਨਾਂ ਅਣਜਾਣੇ ਵਿੱਚ ਸਾਡੇ ਆਪਣੇ ਹੀ ਸੁੱਤੇ ਲੋਕ, ਜਗਾਉਣ ਵਾਲਿਆਂ ਵਿਰੁੱਧ ਭੁਗਤਣ ਲਈ ਤਿਆਰ ਹੋ ਜਾਂਦੇ ਹਨ । ਵੈਸੇ ਵੀ ਇਹਨਾਂ ਗੁਰਮਤਿ ਦੇ ਪਰਚਾਰਕਾਂ ਦੇ ਨਾਲ  ਕਾਲਜ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਇਸ ਲਹਿਰ ਦੇ ਮੋਡੇ ਨਾਲ ਮੋਡਾ ਜੋੜੀ ਖੜੇ ਅਨੇਕਾਂ ਸੂਝਵਾਨ ਗੁਰਸਿੱਖਾਂ ਅਤੇ ਜੱਥੇਬੰਦੀਆਂ ਦਾ ਕਾਫਲਾ ਹੈ ਜੋ ਸ਼ੁਰੂਆਤੀ ਦੌਰ ਤੇ ਹਰ ਹੀਲੇ ਇਹਨਾਂ ਪ੍ਰਚਾਰਕਾਂ ਨੂੰ ਮਜ਼ਹਬੀ-ਰਾਜਨੀਤਕ ਗੱਠਜੋੜ ਦੀਆਂ ਕੁਚਾਲਾਂ ਤੋਂ ਬਚਾਕੇ ਅਗਲੇ ਪੜਾਅ ਤੱਕ ਪਹੁੰਚਾਉਣ ਲਈ ਪ੍ਰਤੀਬਧ ਹੈ ।
ਇਕ ਗਲ ਵਿਚਾਰਨ ਯੋਗ ਹੈ ਕਿ ਹਰ ਸਿੱਖ ਕਿਰਤੀ ਵੀ ਹੁੰਦਾ ਹੈ ਪ੍ਰਚਾਰਕ ਵੀ ।ਸੋ ਬਾਬੇ ਨਾਨਕ ਦਾ ਅਸਲ ਫਲਸਫਾ ਪ੍ਰਚਾਰਨ ਲਈ ਪ੍ਰਚਾਰਕ ਦਾ ਆਪਣੇ ਪੈਰਾਂ ਤੇ ਖੁਦ ਖੜਨਾਂ ਬੜਾ ਜਰੂਰੀ ਹੈ ।ਭਗਤ ਸਿੰਘ ਦਾ ਚਾਚਾ ਅਜੀਤ ਸਿੰਘ ਜੋ ਕਿ ਜਲਾਵਤਨੀ ਸਮੇਂ ਵੱਖ ਵੱਖ ਦੇਸਾਂ ਦੀਆਂ ਆਜਾਦੀ ਲਈ ਸੰਘਰਸ਼ ਸ਼ੀਲ ਰਹੀਆਂ ਲਹਿਰਾਂ ਦਾ ਸਹਿਯੋਗੀ ਮੰਨਿਆਂ ਜਾਂਦਾ ਹੈ ,ਅਨੇਕਾਂ ਦੇਸਾਂ ਦੀਆਂ ਭਾਸ਼ਾਵਾਂ ਦਾ ਮਾਹਰ ਸੀ ।ਉਹ ਜਿਸ ਜਿਸ ਮੁਲਕ ਵਿੱਚ ਰਿਹਾ ਸਭ ਤੋਂ ਪਹਿਲਾਂ ਉਹਨਾਂ ਭਾਸ਼ਾਵਾਂ ਦੇ ਗਿਆਨ ਦੇਣ ਦੀਆਂ ਅਕੈਡਮੀਆਂ ਚਲਾਕੇ ਸਿਰਫ ਆਪਣੇ ਪੈਰਾਂ ਤੇ ਹੀ ਨਹੀਂ ਖੜਦਾ ਸੀ ਸਗੋਂ ਵੱਖ ਵੱਖ ਦੇਸਾਂ ਦੇ ਇੰਕਲਾਬੀਆਂ ਦੀ ਹਰ ਤਰਾਂ ਮਦਦ ਵੀ ਕਰਦਾ ਸੀ ।ਸੋ ਕਿਸੇ ਵੀ ਲਹਿਰ ਦੀ ਸਫਲਤਾ ਲਈ ਅਜਿਹੀ ਬਾਬੇ ਨਾਨਕ ਦੀ ਕਿਰਤ ਦੀ ਪਿਰਤ ਵਾਲੀ ਨੀਤੀ ਬਹੁਤ ਸਹਾਈ ਹੁੰਦੀ ਹੈ ।ਸੋ ਅਗਰ ਸਾਡੇ ਪਿੰਡਾਂ ਵਿੱਚ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਵੀ ਆਪਣੇ ਪੈਰਾਂ ਤੇ ਖੁਦ ਖੜੇ ਹੋਣਗੇ ਤਾਂ ਪ੍ਰਚਾਰ ਦਾ ਅਸਰ ਜਿਆਦਾ ਹੋਵੇਗਾ ।ਚਲ ਰਹੇ ਸੈਂਟਰਾਂ ਵਿੱਚ ਧਰਮ ਪ੍ਰਚਾਰ ਦੇ ਨਾਲ ਨਾਲ ਅਗਰ ਸਕੂਲੀ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਮਦਦ ਕਰਨ ਲਈ ਟਿਊਸ਼ਨ ਵਾਂਗ ਮਦਦ ਕਰੀ ਜਾਵੇ ਤਾਂ ਹੋਰ ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਵੀ ਕ੍ਰਿਸ਼ਚੀਅਨਾਂ ਦੀ ਚਲਾਈ ਨੀਤੀ ਦੇ ਹੋ ਰਹੇ ਅਸਰ ਵਾਂਗ ਵਿੱਦਿਆ ਸਬੰਧੀ ਲੋੜਾਂ ਦੀ ਪੂਰਤੀ ਹੁੰਦੀ ਦੇਖ ਗੁਰਮਤਿ ਨਾਲ ਜੁੜ ਸਕਦੇ ਹਨ ।ਕਾਲਜ ਵਿੱਚ ਵੀ ਨਵੇਂ ਬਣ ਰਹੇ ਗੁਰਮਤਿ ਦੇ ਅਧਿਆਪਕਾਂ ਨੂੰ ਆਮ ਸਕੂਲੀ ਵਿਦਿਆਰਥੀਆਂ ਦੇ ਪੱਧਰ ਦੇ ਮੈਥ, ਇੰਗਲਿਸ਼ ਅਤੇ ਕੁਝ ਹੋਰ ਵਿਸ਼ਿਆਂ ਦੀ ਸਿੱਖਿਆ ਦੇਣ ਯੋਗ ਬਨਾਣ ਦੀ ਵੀ ਸਿਖਲਾਈ ਦੇਣੀ ਇਸ ਲਹਿਰ ਲਈ ਬਹੁਤ ਲਾਭਦਾਈਕ ਹੋ ਸਕਦੀ ਹੈ ।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ) 

Friday, May 11, 2012

ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਦੀਆਂ ਸਰਗਰਮੀਆਂ

ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. ਦੀਆਂ ਸਰਗਰਮੀਆਂ(ਡਾ. ਗੁਰਮੀਤ ਸਿੰਘ ਬਰਸਾਲ) ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. ਨਿਰੋਲ ਧਾਰਮਿਕ ਸੰਸਥਾ ਹੈ ਜੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਬਾਣੀ ਦਾ ਹੀ ਪ੍ਰਚਾਰ ਕਰਦੀ ਹੈ। ਜਿਸ ਦੇ ਸੇਵਕ ਗੁਰਮਤਿ ਬਾਰੇ ਲਿਖ ਕੇ, ਧਾਰਮਿਕ ਸਟੇਜਾਂ, ਰੇਡੀਓ ਟਾਕਸ਼ੋਆਂ ਵਿੱਚ ਬੋਲ ਕੇ ਅਤੇ ਧਾਰਮਿਕ ਲਿਟ੍ਰੇਚਰ ਦੀਆਂ ਸਟਾਲਾਂ ਰਾਹੀਂ ਧਰਮ ਪ੍ਰਚਾਰ ਕਰਦੇ ਹਨ। ਅਖਬਾਰੀ ਮੀਡੀਏ, ਇੰਟ੍ਰਨੈੱਟ ਵੈਬਸਾਈਡਾਂ ਅਤੇ ਫੇਸ ਬੁੱਕ ਰਾਹੀਂ ਵੀ ਗੁਰਮਤਿ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਪਿਛਲੇ ਮਹੀਨੇ ਵੈਸਾਖੀ ਦੇ ਜੋੜ-ਮੇਲੇ ਤੇ ਭਾਈ ਅਵਤਾਰ ਸਿੰਘ ਮਿਸ਼ਨਰੀ ਦਾ “ਵੈਸਾਖੀ, ਅੰਮ੍ਰਿਤ ਅਤੇ ਖਾਲਸਾ” ਵਿਸ਼ੇ ਤੇ ਲਿਖਿਆ ਲੇਖ ਕਈ ਅਖਬਾਰਾਂ, ਰਸਾਲਿਆਂ ਅਤੇ ਵੈਬਸਾਈਟਾਂ ਤੇ ਛਪ ਚੁੱਕਾ ਹੈ। ਇਸ ਸੰਸਥਾ ਵੱਲੋਂ ਪ੍ਰਬੰਧਕਾਂ ਦੇ ਸਹਿਯੋਗ ਨਾਲ ਵੈਸਾਖੀ ਤੇ ਸਟਾਲ ਲਾ ਕੇ ਵੀ ਧਰਮ ਪ੍ਰਚਾਰ ਕੀਤਾ ਸੀ। ਵਰਲਡ ਸਿੱਖ ਫੇਡਰੇਸ਼ਨ ਜੋ ਨਵੀਂ ਜਥੇਬੰਦੀ ਹੋਂਦ ਵਿੱਚ ਆਈ ਹੈ ਨੇ ਵੀ ਗੁਰਬਾਣੀ ਕਥਾ ਦੀਆਂ ਸੀਡੀਆਂ ਭਾਰੀ ਗਿਣਤੀ ਵਿੱਚ ਵੰਡੀਆਂ।
ਅਪ੍ਰੈਲ 2012 ਦੇ ਆਖਰੀ ਸ਼ਨੀਵਾਰ ਨੂੰ ਜੋ ਬੇਪੁਆਂਇੰਟ ਗੁਰਦੁਆਰਾ ਸਾਹਿਬ ਨੇੜੇ ਪਿਟਸਬਰਗ ਦੀ ਸੂਝਵਾਨ ਕਮੇਟੀ ਨੇ ਭਾਈ ਜੋਗਾ ਸਿੰਘ ਜਨਰਲ ਸਕੱਤਰ ਦੇ ਉੱਦਮ ਨਾਲ ਭਗਤ ਰਵਿਦਾਸ ਜੀ ਬਾਰੇ ਵੀਚਾਰ ਸੈਮੀਨਾਰ ਰੱਖਿਆ ਸੀ ਉਸ ਵਿੱਚ ਵੀ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. ਦੇ ਸੇਵਕ ਉਤਸ਼ਾਹ ਨਾਲ ਪਹੁੰਚੇ ਅਤੇ ਭਗਤ ਰਵਿਦਾਸ ਜੀ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਦਾ ਵੱਖ-ਵੱਖ ਵਿਸ਼ਿਆਂ ਰਾਹੀਂ ਪ੍ਰਚਾਰ ਕਰਦੇ ਦਰਸਾਇਆ ਕਿ ਦਲਤ ਸਮਾਜ ਵਿੱਚ ਜੋ ਉੱਚਕੋਟੀ ਦੇ ਭਗਤ ਹੋਏ ਹਨ ਜਿਨ੍ਹਾਂ ਨੇ ਉੱਚਜਾਤੀਆਂ ਦੇ ਰਾਜ ਦੀ ਵੀ ਪ੍ਰਵਾਹ ਨਾਂ ਕਰਦੇ ਹੋਏ, ਵਹਿਮਾਂ, ਭਰਮਾਂ, ਜਾਤ-ਪਾਤ ਅਤੇ ਬ੍ਰਾਹਮਣਵਾਦ ਦੇ ਵਿਰੁੱਧ ਪ੍ਰਚਾਰ ਕਰਕੇ ਜਨਤਾ ਨੂੰ ਰੱਬੀ ਗਿਆਨ ਨਾਲ ਜਾਗਰੂਕ ਕੀਤਾ ਸੀ ਪਰ ਉੱਚਜਾਤੀ ਅਤੇ ਵਕਤੀ ਸਰਕਾਰਾਂ ਨੇ ਉਨ੍ਹਾਂ ਦੇ ਜੀਵਨ ਅਤੇ ਰਚਨਾਵਾਂ ਦਾ ਇਤਿਹਾਸ ਨਾਂ ਲਿਖਣ ਦਿੱਤਾ ਜੇ ਥੋੜਾ ਬਹੁਤਾ ਲਿਖਿਆ ਵੀ ਤਾਂ ਬ੍ਰਾਹਮਣੀ, ਅੰਧਵਿਸ਼ਵਾਸ਼ੀ ਅਤੇ ਕਰਾਮਾਤੀ ਰੰਗਤ ਵਿੱਚ ਲਿਖਿਆ ਜੋ ਮਹਾਂਨ ਭਗਤਾਂ ਦੀ ਬਾਣੀ ਦੇ ਵਿਰੁੱਧ ਹੈ। ਇਹ ਤਾਂ ਜਗਤ ਗੁਰੂ “ਗੁਰੂ ਨਾਨਕ ਪਾਤਸ਼ਾਹ” ਦੀ ਬਦੌਲਤ ਉਨ੍ਹਾਂ ਭਗਤਾਂ ਦੀ ਬਾਣੀ ਸਾਡੇ ਕੋਲ ਪਹੁੰਚੀ ਜੋ ਅੱਜ ਗੁਰੂ ਗ੍ਰੰਥ ਸਾਹਿਬ ਵਿਖੇ ਸੁਭਾਇਮਾਨ ਹੈ ਪਰ ਲੰਬਾ ਸਮਾਂ ਧਰਮ ਅਸਥਾਨਾਂ ਤੇ ਬ੍ਰਾਹਮਣਨੁਮਾਂ ਸਾਧਾਂ ਦਾ ਕਬਜਾ ਹੋਣ ਕਰਕੇ ਅੱਜ ਭਗਤਾਂ ਤੇ ਗੁਰੂਆਂ ਦੇ ਪੈਰੋਕਾਰ ਲੋਕ ਵੀ ਗੁਰੂਆਂ-ਭਗਤਾਂ ਦੇ ਸਿਧਾਂਤ ਛੱਡ ਚੁੱਕੇ ਹਨ ਤਾਂ ਹੀ ਗੁਰੂ ਘਰਾਂ ਵਿੱਚ, ਮੂਰਤੀ ਪੂਜਾ, ਚੰਗੇ ਮੰਦੇ ਦਿਨ, ਪੰਚਕਾਂ, ਪੂਰਨਮਾਸ਼ੀਆਂ, ਮੰਤ੍ਰਜਾਪ, ਮਨਘੜਤ ਸਾਖੀਆਂ ਦਾ ਪ੍ਰਚਾਰ ਅਤੇ ਹੋਰ ਕਈ ਤਰ੍ਹਾਂ ਦੇ ਕਰਮਕਾਂਡ ਅਗਿਆਨਾਤਾ ਵਿੱਚ ਕੀਤੇ ਜਾ ਰਹੇ ਹਨ। ਪ੍ਰਬੰਧਕਾਂ ਦੇ ਇਸ ਉਪਰਾਲੇ ਨੂੰ ਵੱਖ-ਵੱਖ ਵਿਦਵਾਨਾਂ ਅਤੇ ਸੰਗਤਾਂ ਨੇ ਸਲਾਹਿਆ ਹੈ। ਗੁਰੂ ਘਰ ਦੇ ਸੇਵਾਦਾਰਾਂ ਚੋਂ ਭਾਈ ਜੋਗਾ ਸਿੰਘ, ਗਿਆਨੀ ਬੱਲ ਸਿੰਘ ਅਤੇ ਭਾਈ ਜੋਰਾ ਸਿੰਘ ਰਾਜੋਆਣਾ ਨੇ ਅੱਗੇ ਤੋਂ ਵੀ ਅਜਿਹੇ ਸੈਮੀਨਾਰ ਜਾਰੀ ਰੱਖਣ ਦਾ ਸੱਦਾ ਦਿੱਤਾ।
5 ਮਈ 2012 ਨੂੰ ਬੇਏਰੀਏ ਦੇ ਯੂਨੀਅਨ ਸਿਟੀ ਸ਼ਹਿਰ ਦੀ ਲਾਇਬ੍ਰੇਰੀ ਵਿਖੇ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. ਦੇ ਸੱਦੇ ਤੇ ਵੀਚਾਰ ਗੋਸ਼ਟੀ ਹੋਈ। ਇਸ ਵਿੱਚ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. , ਵਰਲਡ ਸਿੱਖ ਫੈਡਰੇਸ਼ਨ, ਰੇਡੀਓ ਚੜ੍ਹਦੀ ਕਲਾ ਅਤੇ ਬੇਏਰੀਆ ਸਹਿਤ ਸਭਾ ਦੇ ਮੈਂਬਰਾਂ ਨੇ ਸ਼ਾਮਲ ਹੋ ਕੇ ਵਿਚਾਰਾਂ ਕੀਤੀਆਂ। ਇਸ ਵਿੱਚ ਸ੍ਰ. ਲਖਵੀਰ ਸਿੰਘ ਪਟਵਾਰੀ ਰੇਡੀਓ ਚੜ੍ਹਦੀ ਕਲਾ ਨੇ ਅਜੋਕੇ ਸਿਖੀ ਪ੍ਰਚਾਰ ਦੀ ਦਸ਼ਾ ਬਿਆਨ ਕਰਦੇ ਹੋਏ ਬਹੁਤ ਹੀ ਵਧੀਆ ਸੁਝਾਅ ਦਿੱਤਾ ਕਿ ਆਪਾਂ ਪੰਜਾਬੀ ਸਿੱਖ ਪ੍ਰਵਾਰਾਂ ਨੂੰ ਮਹੀਨੇ ਵਿੱਚ ਕਿਸੇ ਨਾ ਕਿਸੇ ਪਾਰਕ ਵਿੱਚ ਪ੍ਰਵਾਰ ਸਮੇਤ ਇਕੱਠੇ ਬੈਠ ਕੇ ਗੁਰਬਾਣੀ ਗੁਰਇਤਿਹਾਸ ਦੀਆਂ ਵਿਚਾਰਾਂ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਸਾਡੇ ਬੱਚੇ ਅਤੇ ਪ੍ਰਵਾਰਕ ਮੈਂਬਰ ਵੀ ਗੁਰਬਾਣੀ ਸਿਧਾਂਤਾਂ ਨੂੰ ਸਮਝ ਕੇ ਸਿੱਖੀ ਦੀ ਪਾਲਣਾ ਕਰਨ। ਉਨ੍ਹਾਂ ਨੇ ਕਿਹਾ ਕਿ ਅਸੀਂ ਰੇਡੀਓ ਚੜ੍ਹਦੀ ਕਲਾ ਤੇ ਵੀ ਇਸ ਬਾਰੇ ਸੰਗਤਾਂ ਨੂੰ ਜਾਗ੍ਰਿਤ ਕਰਾਂਗੇ ਅਸੀਂ ਪਹਿਲਾਂ ਵੀ ਚੰਗੇ-ਚੰਗੇ ਵਿਦਵਾਨਾਂ ਦੀ ਗੁਰਬਾਣੀ ਕਥਾ ਸਵੇਰੇ 8 ਤੋਂ 10 ਦੇ ਕਰੀਬ ਦੇ ਰਹੇ ਹਾਂ। ਇਸ ਵਿਚਾਰ ਗੋਸਟੀ ਵਿੱਚ ਬੇਏਰੀਆ ਸਹਿਤ ਸਭਾ ਦੇ ਰਿੰਗ ਲੀਡਰ ਸ੍ਰ. ਪਰਮਿੰਦਰ ਸਿੰਘ ਪ੍ਰਵਾਨਾਂ, ਰੇਡੀਓ ਚੜ੍ਹਦੀ ਕਲਾ ਦੇ ਸ੍ਰ. ਲਖਵੀਰ ਸਿੰਘ ਪਟਵਾਰੀ, ਵਰਲਡ ਸਿੱਖ ਫੈਡਰੇਸ਼ਨ ਅਤੇ ਅਖੌਤੀ ਸੰਤਾਂ ਦੇ ਕੌਤਕ ਫੇਸਬੁੱਕ ਗਰੁੱਪ ਦੇ ਸ੍ਰ. ਗੁਰਸੇਵਕ ਸਿੰਘ ਰੋਡੇ ਅਤੇ ਹਰਮਿੰਦਰ ਸਿੰਘ ਸੇਖਾ ਸੈਨਹੋਜੇ, ਟਰੱਕ ਡ੍ਰਾਈਵਰ ਸ੍ਰ. ਸੁਰਜੀਤ ਸਿੰਘ ਮੁਲਤਾਨੀ, ਭਾਈ ਦਰਸ਼ਨ ਸਿੰਘ ਹੇਵਰਡ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. ਦੇ ਭਾਈ ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖਾਲਸਾ ਸ਼ਾਮਲ ਹੋਏ।
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. ਦੇ ਬਲੋਗ 
gurugranthparcharmissionusa.blogspot.com ਤੇ ਜਾ ਕੇ ਵੀ ਆਪ ਜੀ ਵਿਦਵਾਨਾਂ ਦੇ ਲੇਖ, ਬਾਕੀ ਅਖਬਾਰਾਂ, ਵੈਬਾਈਟਾਂ ਅਤੇ ਸਰਗਰਮੀਆਂ ਦੇਖ ਸਕਦੇ ਹੋ। ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲਾ ਕੋਈ ਵੀ ਮਾਈ ਭਾਈ ਆਪਣੀ ਵਿਤ ਅਨੁਸਾਰ ਮਮੂਲੀ ਫੀਸ ਦੇ ਕੇ ਇਸ ਸੰਸਥਾ ਦਾ ਮੈਂਬਰ ਬਣ ਸਕਦਾ ਹੈ। ਇਸ ਸੰਸਥਾ ਵੱਲੋਂ ਧਰਮ ਪ੍ਰਚਾਰ ਨੂੰ ਮੁੱਖ ਰੱਖ ਕੇ ਇੱਕ ਧਰਮ ਪੁਸਤਕ “ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਵੀ ਛਾਪੀ ਹੈ ਜੋ ਸੰਗਤਾਂ ਭਾਈ ਅਵਤਾਰ ਸਿੰਘ ਮਿਸ਼ਨਰੀ ਨਾਲ 5104325827 ਤੇ ਸੰਪ੍ਰਕ ਕਰਕੇ ਲੈ ਸਕਦੀਆਂ ਹਨ। ਸਹਿਯੋਗ ਲਈ ਸਭ ਦਾ ਧੰਨਵਾਦ।

ਬੇਪੁਵਾਂਇੰਟ (ਕੈਲੇਫੋਰਨੀਆਂ) ਗੁਰਦੁਆਰੇ ਵਿਖੇ ਭਗਤ ਰਵਿਦਾਸ ਜੀ ਦੀ ਵਿਚਾਰਧਾਰਾ ਬਾਰੇ ਹੋਇਆ ਸੈਮੀਨਾਰ
ਪਿਛਲੇ ਹਫਤੇ 21 ਅਪ੍ਰੈਲ ਸੰਨ 2012 ਦਿਨ ਐਤਵਾਰ ਨੂੰ ਸ਼ਾਮੀੰ 6 ਤੋਂ 8 ਵਜੇ ਤੱਕ ਗੁਰਦੁਆਰਾ ਸਾਹਿਬ ਬੇਪੁਵਾਇੰਟ ਵਿਖੇ ਪ੍ਰਬੰਧਕਾਂ ਵੱਲੋਂ ਕ੍ਰਾਂਤੀਕਾਰੀ ਭਗਤ ਰਵਿਦਾਸ ਜੀ ਦੇ ਜੀਵਨ ਉਪਦੇਸਾਂ ਬਾਰੇ ਕਰਵਾਏ ਗਏ ਸੈਮੀਨਾਰ ਵਿੱਚ ਸਿੱਖ ਵਿਦਵਾਨਾਂ ਵੱਲੋਂ ਭਗਤ ਜੀਦੀ ਵਿਚਾਰਧਾਰਾ ਬਾਰੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਇਹ ਸੈਮੀਨਾਰ ਗੁਰੂ ਘਰ ਦੇ ਮੁੱਖ ਗ੍ਰੰਥੀ ਗਿ. ਬੱਲ ਸਿੰਘ ਜੀ ਨੇ ਅਕਾਲ ਪੁਰਖ ਅੱਗੇ ਅਰਦਾਸ ਕਰਕੇ, ਹੁਕਮਨਾਮਾਂ ਲੈ ਕੇ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਇਸ ਸਰਬਸਾਂਝੇ ਗੁਰੂ ਘਰ ਦੇ ਜਨਰਲ ਸੈਕਟਰੀ ਭਾਈ ਜੋਗਾ ਸਿੰਘ ਜੀ ਨੇ ਵਿਚਾਰ ਪੇਸ਼ ਕਰਦੇ ਹੋਏ ਭਗਤ ਰਵਿਦਾਸ ਜੀ ਬਾਰੇ ਦੱਸਿਆ ਕਿ ਭਗਤ ਜੀ ਜਨਮ ਮਿਤੀ ਵੀ ਇੱਕ ਨਹੀਂ ਮਿਲਦੀ, ਜਾਤਪਾਤੀ ਬ੍ਰਾਹਮਣ ਲਿਖਾਰੀਆਂ ਨੇ ਦਲਤਾਂ ਦਾ ਇਤਿਹਾਸ ਹੀ ਰੱਦੂ ਬੱਦੂ ਕਰ ਦਿੱਤਾ ਹੈ। ਹੁਣ ਅਸੀਂ ਭਗਤ ਜੀ ਦੀ ਪ੍ਰਲੋਕ ਗਮਨ ਦੀ ਮਿਤੀ ਲੱਭ ਰਹੇ ਹਾਂ ਜੋ ਮਿਲ ਨਹੀਂ ਰਹੀ। ਭਾਈ ਮਿਸ਼ਨਰੀ ਨੇ ਸਟੇਜ ਸੰਚਾਲਕ ਦੀ ਸੇਵਾ ਕਰਦਿਆਂ ਕਿਹਾ ਕਿ ਭਗਤ ਰਵਿਦਾਸ, ਭਗਤ ਕਬੀਰ ਅਤੇ ਭਗਤ ਰਾਮਾਨੰਦ ਜੀ ਆਖਰੀ ਉਮਰੇ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ, ਉਨ੍ਹਾਂ ਨਾਲ ਵਿਚਾਰ ਵਿਟਾਂਦਰਾ ਕੀਤਾ ਅਤੇ ਭਗਤਾਂ ਦੀ ਮਹਾਂਨ ਰਚਨਾਂ ਪ੍ਰਾਪਤ ਕਰਕੇ ਆਪਣੀ ਪੋਥੀ ਵਿੱਚ ਲਿਖ ਲਈ। ਸਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਅਤਿ ਧੰਨਵਾਦੀ ਹੋਣਾ ਚਾਹੀਦਾ ਹੈ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਭਗਤਾਂ ਦੀ ਵਿਚਾਰਧਾਰਾ ਬਾਣੀ ਦੇ ਦਰਸ਼ਨ ਕਰ ਰਹੇ ਹਾਂ ਨਹੀਂ ਤਾਂ ਉੱਚਜਾਤੀ ਬ੍ਰਾਹਮਣਾਂ ਨੇ ਇਹ ਵੀ ਰੱਦੂ ਬੱਦੂ ਕਰ ਦੇਣੀ ਸੀ ਜਾਂ ਇਸ ਵਿੱਚ ਬ੍ਰਾਹਮਣਵਾਦ ਦਾ ਰਲਾ ਕਰ ਦੇਣਾ ਸੀ।
ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਜਨ ਸ੍ਰ. ਮੁਹਿੰਦਰ ਸਿੰਘ ਨੇ ਵਿਚਾਰ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਰੇ ਭਗਤਾਂ ਦੇ ਪੁਰਬ ਮਨਾਉਣੇ ਚਾਹੀਦੇ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤ ਹੈ। ਪ੍ਰਬੰਧਕਾਂ ਦੇ ਕਹਿਣ ਤੇ ਪ੍ਰਸਿੱਧ ਵਿਦਵਾਨ ਸ੍ਰ. ਸਰਬਜੀਤ ਸਿੰਘ ਸੈਕਰਾਮੈਂਟੋ ਨੇ ਬੜੇ ਵਿਸਥਾਰ ਨਾਲ ਭਗਤ ਜੀ ਦੇ ਜਨਮ ਦੀਆਂ ਵੱਖ-ਵੱਖ ਲਿਖਾਰੀਆਂ ਵੱਲੋਂ ਲਿਖੀਆਂ ਤਰੀਕਾਂ ਦੱਸੀਆਂ ਅਤੇ ਕਿਹਾ ਕਿ ਭਗਤ ਜੀ ਦੀ ਪ੍ਰਲੋਕ ਗਮਨ ਦੀ ਤਾਰੀਖ ਨਹੀਂ ਲੱਭ ਰਹੀ ਪਰ ਖੋਜ ਕਰਕੇ ਅਗਲੇ ਸੈਮੀਨਾਰ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗਾ। ਸੈਨਹੋਜੇ ਤੋਂ ਆਏ ਵਿਦਵਾਨ ਕਵੀ ਅਤੇ ਲਿਖਾਰੀ ਡਾ. ਗੁਰਮੀਤ ਸਿੰਘ ਬਰਸਾਲ ਨੇ ਭਗਤਸ਼ਬਦ ਦੀ ਵਿਆਖਿਆ ਕਰਦੇ ਕਿਹਾ ਕਿ ਭਗਤ ਬਹੁਤ ਮਹਾਂਨ ਸ਼ਬਦ ਹੈ ਜੋ ਰੂਹਾਨੀਅਤ ਦੀ ਸਿਖਰ ਦਾ ਸੂਚਕ ਹੈ ਜਿਸ ਬਾਰੇ ਭਗਤ ਰਵਿਦਾਸ ਜੀ ਖੁਦ ਵੀ ਫੁਰਮਾ ਰਹੇ ਹਨ-ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤੁ ਬਰਾਬਰ ਅਉਰ ਨਾ ਕੋਇ॥ ਭਗਤ ਦੀ ਪਦਵੀ ਮਹਾਂਨ ਹੈ, ਅੱਜ ਕੁੱਝ ਵੀਰ ਭਗਤ ਅਤੇ ਗੁਰੂ ਵਾਲਾ ਝਗੜਾ ਕਰਕੇ ਵੰਡੀਆਂ ਪਾ ਰਹੇ ਹਨ। ਉਨ੍ਹਾਂ ਬੜੇ ਵਿਅੰਗ ਨਾਲ ਕਿਹਾ ਕਿ ਕੀ ਅਸੀਂ ਗੁਰੂ ਸਾਹਿਬਾਨਾਂ ਨਾਲੋਂ ਜਿਆਦਾ ਸਿਆਣੇ ਹਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਸੰਪਾਦਤ ਕਰਦੇ ਵੇਲੇ ਗੁਰਬਾਣੀ ਨੂੰ ਤਰਤੀਬ ਦਿੰਦੇ ਹੋਏ ਭਗਤਾਂ ਦੀ ਬਾਣੀ ਨੂੰ ਭਗਤਾਂ ਦੇ ਨਾਮ ਨਾਲ ਭਗਤ ਸਿਰਲੇਖ ਹੇਠ ਲਿਖਿਆ। ਡਾ. ਬਰਸਾਲ ਨੇ ਕਿਹਾ ਕਿ ਭਾਂਵੇਂ ਗੁਰੂਆਂ ਭਗਤਾਂ ਦੀਆਂ ਸਭ ਤਸਵੀਰਾਂ ਕਾਲਪਨਿਕ ਹਨ ਪਰ ਹਰ ਭਗਤ ਦੀ ਤਸਵੀਰ ਦਸਤਾਰ ਨਾਲ ਹੀ ਉਹਨਾਂ ਦੇ ਕਰਾਂਤੀਕਾਰੀ ਸੂਭਾਅ ਅਨੁਕੂਲ ਜਾਪਦੀ ਹੈ ਕਿਓਂਕਿ ਉਸ ਸਮੇ ਰਜਵਾੜਿਆਂ ਤੋਂ ਬਿਨਾਂ ਸਭ ਲਈ ਦਸਤਾਰ ਤੇ ਪਾਬੰਦੀ ਸੀ। ਭਗਤਾਂ ਨੇ ਸਮਾਜਕ ਧੱਕੇਸ਼ਾਹੀ ਦੇ ਵਿਰੋਧ ਵਜੋਂ ਦਸਤਾਰ ਜਰੂਰ ਬੰਨੀ ਹੋਵੇਗੀ। ਇਸ ਤੋਂ ਬਾਅਦ ਗੁਰੂ ਘਰ ਦੇ ਹੀ ਵਿਦਵਾਨ ਸੇਵਾਦਾਰ ਪ੍ਰੋ. ਜੋਰਾ ਸਿੰਘ ਰਾਜੋਆਣਾ ਜੀ ਨੇ ਬੜੇ ਵਿਦਵਤਾ ਭਰੇ ਵਿਅੰਗਮਈ ਲਹਿਜੇ ਵਿੱਚ ਬ੍ਰਾਹਮਣਵਾਦ ਬਾਰੇ ਵਿਸਥਾਰ ਨਾਲ ਦਸਦੇ ਹੋਏ ਕਿਹਾ ਕਿ ਭਗਤ ਜੀ ਦਾ ਜਨਮ ਜਾਂ ਬ੍ਰਹਮਲੀਨ ਹੋਣ ਦਾ ਦਿਨ ਮਨਾਉਣਾ ਇਤਨੀ ਮਹਾਂਨਤਾ ਨਹੀਂ ਰੱਖਦਾ ਜਿਤਨਾ ਉਨ੍ਹਾਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਅਪਣਾਉਣਾ ਰੱਖਦਾ ਹੈ, ਜਿਨ੍ਹਾਂ ਚਿਰ ਅਸੀਂ ਉਸ ਨੂੰ ਅਪਣਾਉਂਦੇ ਨਹੀਂ ਸਾਡਾ ਜੀਵਨ ਨਹੀਂ ਬਦਲ ਸਕਦਾ। ਸੈਕਰਾਮੈਂਟੋ ਤੋਂ ਆਏ ਸਿੰਘ ਸਭਾ ਇੰਟਰਨੈਸ਼ਨਲ ਦੇ ਪ੍ਰੋ. ਮੱਖਨ ਸਿੰਘ ਜੀ ਨੇ ਕਿਹਾ ਕਿ ਲੋਕ ਕਹਿੰਦੇ ਹਨ ਕਿ ਸੱਚ ਬੜਾ ਕੌੜਾ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਹੀ ਸੱਚ ਦੀ ਬਾਣੀ ਹੈ ਕੀ ਫਿਰ ਬਾਣੀ ਵੀ ਕੌੜੀ ਹੈ? ਜਦ ਕਿ ਗੁਰੂ ਗ੍ਰੰਥ ਸਾਹਿਬ ਵਿਖੇ ਗੁਰਬਾਣੀ ਨੂੰ ਮੀਠੀ ਅੰਮ੍ਰਿਤਧਾਰ ਕਿਹਾ ਹੈ, ਅੱਜ ਸਾਨੂੰ ਮਨਘੜਤ ਸਾਖੀਆਂ ਮਿੱਠੀਆਂ ਅਤੇ ਸੱਚੀ ਬਾਣੀ ਕੌੜੀ ਲੱਗ ਰਹੀ ਹੈ।
ਬੀਬੀ ਹਰਸਿਮਰਤ ਕੌਰ ਖਾਲਸਾ ਨੇ ਸਟੇਜ ਤੇ ਬੋਲਦੇ ਕਿਹਾ ਕਿ ਗੁਰਬਾਣੀ ਅੰਮ੍ਰਿਤ ਹੈ ਜੇ ਮੈਂ ਇੱਕ ਅਮਰੀਕਨ ਗੁਰਬਾਣੀ ਦਾ ਸਵਾਦ ਚੱਖ ਕੇ ਅਨੰਦ ਮਾਣਦੀ ਹੋਈ ਅੱਜ ਸੱਚ ਦਾ ਪ੍ਰਚਾਰ ਕਰ ਰਹੀ ਹਾਂ ਤਾਂ ਤੁਸੀਂ ਵੀ ਕਰ ਸਕਦੇ ਹੋ ਜਿਨ੍ਹਾਂ ਦੀ ਮਾਂ ਬੋਲੀ ਵਿੱਚ ਇਹ ਮਹਾਂਨ ਬਾਣੀ ਲਿਖੀ ਹੋਈ ਹੈ। ਸਾਰੇ ਮਨੁੱਖ ਬਰਾਬਰ ਹਨ ਕੋਈ ਵੀ ਉੱਚਾ ਨੀਵਾਂ ਨਹੀਂ ਇਵੇਂ ਹੀ ਗੁਰੂ ਗ੍ਰੰਥ ਵਿਚਲੇ ਭਗਤ ਅਤੇ ਗੁਰੂ ਬਰਾਬਰ ਹਨ, ਸਾਨੂੰ ਉਨ੍ਹਾਂ ਦੇ ਉਪਦੇਸ਼ਾਂ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ ਨਾਂ ਕਿ ਉਚ-ਨੀਚ ਜਾਂ ਮੂਰਤੀ ਪੂਜਾ ਕਰਮਕਾਂਡਾਂ ਨੰਰ ਹੀ ਤਰਜੀਹ ਦੇਣੀ ਚਾਹੀਦੀ ਹੈ। ਇਸ ਤੋਂ ਬਾਅਦ ਬੇਏਰੀਆ ਸਹਿਤ ਸਭਾ ਦੇ ਰਿੰਗ ਲੀਡਰ ਸ੍ਰ. ਪਰਮਿੰਦਰ ਸਿੰਘ ਪ੍ਰਵਾਨਾਂ ਜੀ ਨੇ ਕਿਹਾ ਕਿ ਸਾਨੂੰ ਭਗਤ ਜੀ ਦੀ ਜਨਮ ਅਤੇ ਪ੍ਰਲੋਕ ਗਮਨ ਦੀ ਤਾਰੀਖ ਯੂਨੀਵਰਸਿਟੀਆਂ ਦੇ ਬੁੱਧੀਜੀਵੀ ਇਤਿਹਾਸ ਅਤੇ ਫਿਲੌਸਫੀ ਦੇ ਖੋਜੀ ਵਿਦਵਾਨਾਂ ਨਾਲ ਵਿਚਾਰ ਕਰਕੇ ਹੀ ਤਹਿ ਕਰਨੀ ਚਾਹੀਦੀ ਹੈ। ਵਿਦਵਾਨ ਸਜਨ ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਬੱਲ ਸਿੰਘ ਜੀ ਨੇ ਦੱਸਿਆ ਕਿ ਦਾਸ ਕਾਫੀ ਦੇਰ ਤੋਂ ਭਗਤ ਰਵਿਦਾਸ ਜੀ ਨਾਲ ਸਬੰਧਤ ਗੁਰੂ ਘਰਾਂ ਵਿਖੇ ਸੇਵਾ ਕਰ ਰਿਹਾ ਹੈ ਪਰ ਜੋ ਮਾਣ ਸਤਿਕਾਰ ਮੈਨੂੰ ਇਸ ਗੁਰੂ ਘਰ ਨੇ ਦਿੱਤਾ ਹੈ ਬੜਾ ਵਿਲੱਖਣ ਹੈ। ਇੱਥੋਂ ਦੀ ਕਮੇਟੀ ਅਤੇ ਸੰਗਤ ਮੈਨੂੰ ਇੱਕ ਪ੍ਰਵਾਰ ਦੇ ਮੈਂਬਰ ਵਾਂਗ ਮਾਣ ਦੇ ਰਹੀ ਹੈ। ਕਰਮਕਾਂਡਾਂ ਅਤੇ ਮੂਰਤੀ ਪੂਜਾ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਨੇ ਵੀ ਕਿਹਾ ਕਿ ਭਗਤ ਜੀ ਦੀ ਜਨਮ ਜਾਂ ਪ੍ਰੋਲਕ ਗਮਨ ਦੀਆਂ ਤਾਰੀਕਾਂ ਨਾਲੋਂ ਉਨ੍ਹਾਂ ਦੀ ਪਵਿਤਰ ਬਾਣੀ ਜੋ 40 ਸ਼ਬਦਾਂ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿਖੇ ਅੰਕਿਤ ਹੈ ਤੋਂ ਸੇਧ ਲੈਣੀ ਚਾਹੀਦੀ ਹੈ ਪਰ ਕੁੱਝ ਭੁਲੜ ਵੀਰ ਗੁਰੂਆਂ ਦੇ ਉਪਕਾਰ ਨੂੰ ਭੁੱਲ ਕੇ ਕੁੱਝ ਅਖੌਤੀ ਸਾਧਾਂ ਅਤੇ ਪੁਲੀਟੀਕਲ ਲੋਕਾਂ ਮਗਰ ਲੱਗ ਕੇ ਅਲੱਗ ਗ੍ਰੰਥ ਪ੍ਰਕਾਸ਼ ਕਰ ਰਹੇ ਹਨ। ਸੰਗਤਾਂ ਦੀ ਆਸਤਾ ਗੁਰੂ ਗ੍ਰੰਥ ਨਾਲ ਜੁੜੀ ਹੋਈ ਹੈ ਨਾਂ ਕਿ ਹੋਰ ਕਿਸੇ ਗ੍ਰੰਥ ਨਾਲ। ਗੁਰੂ ਘਰ ਦੇ ਸਾਬਕਾ ਸਕੱਤਰ ਸਰਦਾਰ ਜੋਗਿੰਦਰ ਸਿੰਘ ਮਾਹਲ ਨੇ ਕਿਹਾ ਕਿ ਜਦ ਅਸੀਂ ਪੰਜਾਬ ਵਿਖੇ ਸਕੂਲ ਪੜ੍ਹਦੇ ਸਾਂ ਤਾਂ ਸਾਨੂੰ ਵੱਖ-ਵੱਖ ਜਾਤਾਂ ਦੇ ਗੁਰਦੁਆਰਿਆਂ ਬਾਰੇ ਕੋਈ ਪਤਾ ਨਹੀਂ ਸੀ ਅਤੇ ਓਦੋਂ ਅਜਿਹੇ ਗੁਰਦੁਆਰੇ ਵੀ ਨਹੀਂ ਸਨ। ਇਹ ਤਾਂ ਇੱਥੇ ਵਿਦੇਸ਼ ਵਿੱਚ ਆ ਕੇ ਦੇਖੇ ਹਨ ਜਿਨ੍ਹਾਂ ਦਾ ਬੱਚਿਆਂ ਤੇ ਅਸਰ ਪੈ ਰਿਹਾ ਹੈ ਜੋ ਮਾਂ ਬਾਪ ਨੂੰ ਇਸ ਬਾਰੇ ਸਵਾਲ ਕਰਦੇ ਰਹਿੰਦੇ ਹਨ। ਅਸੀਂ ਸੰਗਤ ਦੇ ਸਹਿਯੋਗ ਨਾਲ ਇਹ ਸਰਬਸਾਂਝਾ ਗੁਰੂ ਘਰ ਚਲਾ ਰਹੇ ਹਾਂ ਜਿੱਥੇ ਸਭ ਨੂੰ ਬਰਾਬਰ ਸਮਝਿਆ ਜਾਂਦਾ ਹੈ।
ਇਸ ਤੋਂ ਬਾਅਦ ਫਰੀਮਾਂਟ ਗੁਰਦੁਆਰੇ ਦੇ ਉੱਘੇ ਸਿੱਖ ਲੀਡਰ ਭਾਈ ਗੁਰਮੀਤ ਸਿੰਘ ਖਾਲਸਾ ਨੇ ਪ੍ਰਬੰਧਕਾਂ ਅਤੇ ਵਿਦਵਾਨਾਂ ਦੇ ਇਸ ਉਪਰਾਲੇ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਗੁਰੂਆਂ ਅਤੇ ਭਗਤਾਂ ਦੀ ਬਾਣੀ ਰੂਹਾਨੀਅਤ ਦਾ ਭੰਡਾਰ ਹੈ। ਸ਼ਬਦ ਗੁਰੂ ਹੈ ਜੋ ਆਹਤ ਅਤੇ ਅਨਾਹਤ ਰਾਹੀਂ ਪ੍ਰਗਟ ਹੁੰਦਾ ਹੈ। ਸਾਨੂੰ ਸਭ ਵੀਰਾਂ ਨੂੰ ਰਲ ਮਿਲ ਕੇ ਗੁਰੂ ਘਰਾਂ ਦੀ ਸੇਵਾ ਕਰਦੇ ਹੋਏ ਸਿੱਖੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਬੱਚਿਆਂ ਨੂੰ ਉੱਚ ਵਿਦਿਆ ਦੇ ਕੇ ਆਪਣੀ ਸਿੱਖ ਕਮਿਊਨਟੀ ਦਾ ਨਾਂ ਰੋਸ਼ਨ ਕਰਨਾ ਚਾਹੀਦਾ ਹੈ। ਭਾਈ ਅਵਤਾਰ ਸਿੰਘ ਮਿਸ਼ਨਰੀ ਨੇ ਭਾਈ ਖਾਲਸਾ ਦਾ ਧੰਨਵਾਦ ਕਰਦੇ ਹੋਏ ਬੜੇ ਭਾਵਕ ਹੋ ਕੇ ਕਿਹਾ ਕਿ ਭਗਤ ਅਤੇ ਗੁਰੂ ਸਾਰੇ ਹੀ ਮੂਰਤੀ ਪੂਜਾ ਦੇ ਵਿਰੁੱਧ ਸਨ ਪਰ ਜੇ ਅੱਜ ਭਗਤ ਰਵਿਦਾਸ ਜੀ ਦੇ ਪੈਰੋਕਾਰ ਗੁਰਦੁਆਰੇ ਵਿਖੇ ਵੱਡੀ ਮੂਰਤੀ ਰੱਖਦੇ ਹਨ ਤਾਂ ਘੱਟ ਅਸੀਂ ਵੀ ਨਹੀਂ ਹਾਂ ਅਸੀਂ ਗੁਰੂਆਂ ਅਤੇ ਸਾਧਾਂ ਸੰਤਾਂ ਦੀਆਂ ਮੂਰਤੀਆਂ ਗੁਰਦੁਆਰਿਆਂ ਵਿੱਚ ਸਜਾਈ ਫਿਰਦੇ ਹਾਂ। ਅੱਜ ਬ੍ਰਾਹਮਣਵਾਦ ਅਤੇ ਸੰਤ ਬਾਬਾ ਡੇਰਾਵਾਦ ਸਾਡੇ ਤੇ ਭਾਰੂ ਹੋਇਆ ਪਿਆ ਹੈ। ਅਖੀਰ ਤੇ ਗੁਰੂ ਘਰ ਦੇ ਸਕੱਤਰ ਭਾਈ ਜੋਗਾ ਸਿੰਘ ਜੀ ਜਿਨ੍ਹਾਂ ਦੇ ੳਪੁਰਾਲੇ ਨਾਲ ਇਹ ਸੈਮੀਨਾਰ ਨੇਪਰੇ ਚੜ੍ਹਿਆ, ਨੇ ਦੂਰੋਂ ਨੇੜਿਓਂ ਆਏ ਵਿਦਵਾਨ ਸੱਜਨਾਂ ਅਤੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਅਗਲੇ ਮਹੀਨੇ ਫਿਰ ਇੱਥੇ ਹੀ ਸੈਮੀਨਾਰ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਿਸ ਦੀ ਤਾਰੀਖ ਤਹਿ ਕਰਕੇ ਫਿਰ ਦੱਸ ਦਿੱਤੀ ਜਾਵੇਗੀ। ਇਸ ਤੋਂ ਬਾਅਦ ਅਰਦਾਸ ਕਰ ਅਤੇ ਹੁਕਮਨਾਮਾਂ ਲੈ ਕੇ ਸੈਮੀਨਾਰ ਦੀ ਸਮਾਪਤੀ ਵੇਲੇ ਕੜਾਹ ਪ੍ਰਸ਼ਾਦ ਅਤੇ ਗੁਰੂ ਕਾ ਲੰਗਰ ਵਰਤਾਇਆ ਗਿਆ। ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਬੱਲ ਸਿੰਘ ਜੀ ਨੇ ਵੀ ਆਈਆਂ ਸਭ ਸੰਗਤਾਂ ਅਤੇ ਵਿਦਵਾਨਾਂ ਦਾ ਧੰਨਵਾਦ ਧੰਨਵਾਦ ਕੀਤਾ।