ਸਤਿਗੁਰ ਦੇ ਸਚਿਆਰ ਸਿੱਖ
-ਮਝੈਲ ਸਿੰਘ ਸਰਾਂ
ਜਿੱਦਾਂ ਜਿੱਦਾਂ ਸਿੱਖੀ ਦਾ ਪ੍ਰਚਾਰ ਵੱਧੀ ਜਾਂਦੈ, ਸੰਤਵਾਦ ਅਤੇ ਡੇਰਾਵਾਦ ਦਾ ਪਸਾਰਾ ਵੀ ਉਦੋਂ ਵੱਧ ਹੋਈ ਜਾਂਦੈ। ਸੰਤ ਬਣਨਾ ਕੋਈ ਗੁਨਾਹ ਥੋੜ੍ਹਾ, ਸਗੋਂ ਇਹ ਤਾਂ ਕਿਤੇ ਅਕਾਲ ਪੁਰਖ ਦੀ ਰਹਿਮਤ ਹੋ ਜਾਵੇ ਤਾਂ ਉਸ ਜੀਵ ਜਾਂ ਇਨਸਾਨ ਨੂੰ ਆਪਣੇ ਵਰਗਾ ਕਰਕੇ ਸੰਤ ਨਾਮ ਨਾਲ ਨਿਵਾਜਦਾ ਹੈ, ਤੇ ਇਹੋ ਜਿਹੇ ਸੰਤਾਂ ਦੀ ਪਛਾਣ ਉਨ੍ਹਾਂ ਦੇ ਜੀਵਨ ਤੋਂ ਹੁੰਦੀ, ਨਾ ਕਿ ਕਿਸੇ ਖਾਸ ਪਹਿਰਾਵੇ ਤੋਂ ਜਾਂ ਵੱਡੇ ਸੰਗਮਰਮਰੀ ਆਲੀਸ਼ਾਨ ਡੇਰੇ ਜਾਂ ਠਾਠ ਤੋਂ, ਤੇ ਨਾ ਹੀ ਉਥੇ ਅਣਗਿਣਤ ਚੌਕੀਆਂ ਭਰਨ ਵਾਲੀ ਭੀੜ ਤੋਂ। ਰੱਬ ਦੇ ਸੰਤ ਤਾਂ ਹੱਥੀਂ ਜੁੱਤੀਆਂ ਬਣਾਉਂਦੇ ਸਨ, ਹਲ ਵਾਹ ਕੇ ਟੱਬਰ ਪਾਲਦੇ ਸਨ, ਹੱਥੀਂ ਖੱਦਰ ਬੁਣ ਕੇ ਗੁਜ਼ਾਰਾ ਕਰਦੇ ਸਨ ਤੇ ਜਦੋਂ ਕੋਈ ਉਨ੍ਹਾਂ ਦੀ ਸੰਗਤ ਵਿਚ ਆਉਂਦਾ ਤਾਂ ਉਨ੍ਹਾਂ ਨੂੰ ਸਿਰਫ਼ ਇਕ (1) ਨਾਲ ਜੁੜਨ ਨੂੰ ਕਹਿੰਦੇ। ਕਦੀ ਨਹੀਂ ਸੀ ਕਹਿੰਦੇ ਕਿ ਸਾਡੇ ਚੇਲੇ ਬਣੋ, ਤਾਂ ਹੀ ਤਾਂ ਅੱਜ ਵੀ ਉਹ ਸਦੀਆਂ ਬਾਅਦ ਸਾਡੇ ਪ੍ਰੇਰਨਾ ਸਰੋਤ ਹਨ। ਇਸ ਤੋਂ ਉਲਟ ਜਿਨ੍ਹਾਂ ਨੇ ਆਪਣੇ - ਆਪ ਨੂੰ ਰੱਬ ਦੇ ਸ਼ਰੀਕ ਬਣਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ, ਉਹ ਲੋਕਾਂ ਦੀ ਯਾਦ ਵਿਚੋਂ ਹੌਲੀ-ਹੌਲੀ ਮਨਫੀ ਹੋ ਜਾਂਦੇ ਹਨ।
ਜਿੱਦਾਂ ਕੋਈ ਵੀ ਤੇਤੀ ਕਰੋੜ ਦੇਵੀਆਂ-ਦੇਵਤਿਆਂ ਦੇ ਨਾਂ ਨਹੀਂ ਜਾਣਦਾ, ਇਹੋ ਹਾਲ ਸੱਚ ਜਾਣਿਓ, ਹੁਣ ਸਿੱਖ ਸੰਤਾਂ ਨੇ ਕਰ ਦੇਣੈ। ਜੇ ਕਰੋੜਾਂ ‘ਚ ਨਹੀਂ ਤਾਂ ਲੱਖਾਂ ਵਿਚ ਤਾਂ ਛੇਤੀ ਹੋ ਜਾਊ ਇਨ੍ਹਾਂ ਦੀ ਗਿਣਤੀ। ਕਮਾਲ ਇਹ ਕਰੀ ਜਾਂਦੇ ਕਿ ਨਾਂ ਗੁਰੂ ਸਾਹਿਬਾਨ ਦਾ ਵਰਤ ਕੇ, ਤੇ ਗੁਰਬਾਣੀ ਦੇ ਅਰਥ ਗੁਰਮਤਿ ਤੋਂ ਵੱਖਰੇ ਕਰਕੇ; ਤੇ ਗੁਰੂ ਸਾਹਿਬ ਦੇ ਨਾਂ ਦੇ ਓਹਲੇ ਵਿਚ ਗੁਰੂ ਦੀ ਜਗ੍ਹਾ ਡੇਰੇਦਾਰ (ਸੰਤ) ਨੂੰ ਰੱਖ ਕੇ ਉਹਦੇ ਸਿੱਖ ਬਣਾਈ ਜਾਂਦੇ ਹਨ। ਅੰਮ੍ਰਿਤ ਛਕਾਉਂਦੇ ਨੇ ਤੇ ਮਰਿਯਾਦਾ ਡੇਰੇ ਦੀ ਪੱਕੀ ਕਰਾਉਂਦੇ ਨੇ ਜਿਹੜੀ ਗੁਰੂ ਨਾਨਕ ਦੇ ਮਿਸ਼ਨ ਦੇ ਉਲਟ ਹੈ। ਜਿਨ੍ਹਾਂ ਬੁਰਾਈਆਂ ਤੋਂ ਬਾਬੇ ਨਾਨਕ ਨੇ ਆਪਣੇ ਸਿੱਖਾਂ ਨੂੰ ਵਰਜਿਆ ਸੀ, ਉਹੋ ਦੂਣ-ਸਵਾਈਆਂ ਕਰਕੇ ਬਾਬੇ ਨਾਨਕ ਦੇ ਨਾਂ ‘ਤੇ ਹੀ ਗੱਜ - ਵੱਜ ਕੇ ਸੰਤ ਆਪਣੇ ਠਾਠਾਂ-ਡੇਰਿਆਂ ‘ਤੇ ਕਰੀ - ਕਰਵਾਈ ਜਾਂਦੇ ਆ, ਤੇ ‘ਵਿਚਾਰੇ ਸਿੱਖ’ ਕੁਝ ਅਣਜਾਣਪੁਣੇ ਵਿਚ ਕੁਝ ਲਾਈਲੱਗ ਬਣ ਕੇ, ਕੁਝ ਸੰਤ ਦੇ ਸਰਾਪ ਤੋਂ ਡਰਦੇ ਤੇ ਕੁਝ ਅੰਨ੍ਹੀ ਸ਼ਰਧਾਵੱਸ ਸਭ ਕੁਝ ਕਰੀ ਜਾਂਦੇ ਨੇ, ਤੇ ਆਪਣੇ ਆਪ ਨੂੰ ‘ਸਤਿਗੁਰ ਦੇ ਸਚਿਆਰ ਸਿੱਖ’ ਸਮਝ ਕੇ ਵੱਡੇ ਧਰਮੀ ਹੋਣ ਦਾ ਭਰਮ ਵੀ ਪਾਲੀ ਜਾਂਦੇ ਨੇ; ਇਸ ਗੱਲੋਂ ਬੇਖ਼ਬਰ ਕਿ ਆਪਣੇ ਉਸੇ ਗੁਰੂ ਦੀ ਸਿੱਖਿਆ ਤੋਂ ਉਲਟ ਜਾ ਕੇ ਕਿੱਦਾਂ ਸਚਿਆਰ ਹੋਵਾਂਗੇ?
ਗੁਰੂ ਦੇ ਸਿੱਖ ਨੂੰ ਸਚਿਆਰਾ ਬਣਨ ਲਈ ਕੋਈ ਬਹੁਤਾ ਤਰੱਦਦ ਨਹੀਂ ਕਰਨਾ ਪੈਂਦਾ। ਬੱਸ ਇਕ ਭਰੋਸਾ ਆਪਣੇ ਗੁਰੂ ‘ਤੇ ਹੀ ਕਾਫ਼ੀ ਹੈ। ਕਿਸੇ ਵਿਚੋਲੇ ਦੀ ਜ਼ਰੂਰਤ ਨਹੀਂ, ਇਹੋ ਜਿਹੇ ਸਚਿਆਰ ਸਿੱਖਾਂ ਬਾਰੇ ਸਿੱਖ ਇਤਿਹਾਸ ਤੇ ਸਾਖੀਆਂ ਵਿਚ ਜ਼ਿਕਰ ਹੋਇਆ ਮਿਲਦਾ ਹੈ ਪਰ ਗੁਰੂ ਦੇ ਕਈ ਸਿੱਖ ਤਾਂ ਇੰਨੇ ਮਹਾਨ ਹੋਏ ਹਨ ਜਿਹੜੇ ਸਿੱਖ ਇਤਿਹਾਸ ਵਿਚ ਬੇਨਾਮੀ ਹੀ ਹਨ ਜਾਂ ਜਿਨ੍ਹਾਂ ਦਾ ਜ਼ਿਕਰ ਸਿੱਖ ਵਜੋਂ ਹੀ ਆਇਆ ਹੈ। ਇੱਥੇ ਅੱਜ ਆਪਾਂ ਉਸ ਸਿੱਖ ਬਾਬਤ ਗੱਲ ਸਾਂਝੀ ਕਰਾਂਗੇ ਜਿਸ ਦਾ ਗੁਰੂ ‘ਤੇ ਭਰੋਸਾ ਲਾਮਿਸਾਲ ਸੀ, ਉਸ ਦੀ ਜ਼ਿੰਦਗੀ ਸ਼ਾਇਦ ਅੱਜ ਦੇ ਸਮੇਂ ਵਿਚ ਸਾਡੇ ਸਾਰੇ ਸਿੱਖਾਂ ਲਈ ਪ੍ਰੇਰਨਾ ਸਰੋਤ ਬਣ ਜਾਵੇ ਤੇ ਅਸੀਂ ਸਿਵਾਏ ਗੁਰਬਾਣੀ ਤੇ ਸ਼ਬਦ ਗੁਰੂ ਤੋਂ ਹੋਰ ਕਿਸੇ ਵੱਲ ਮੂੰਹ ਨਾ ਕਰੀਏ।
ਇਹ ਸਿੱਖ ਗੁਰੂ ਅਰਜਨ ਦੇਵ ਦੇ ਵਕਤ ਦਾ ਹੈ, ਤੇ ਇਸ ਦਾ ਨਾਂ ਭਾਈ ਤਿਲਕੂ ਸੀ। ਇਹ ਗੜ੍ਹਸ਼ੰਕਰ ਰਹਿੰਦਾ ਸੀ ਤੇ ਘਰ ਗ੍ਰਹਿਸਥੀ ਕਬੀਲਦਾਰ ਕੰਮ-ਕਾਜੀ ਬੰਦਾ ਸੀ। ਸ਼ਾਇਦ ਭਾਈ ਤਿਲਕੂ ਜ਼ਿੰਦਗੀ ਵਿਚ ਇਕੋ ਵਾਰੀ ਗੁਰੂ ਅਰਜਨ ਦੇਵ ਨੂੰ ਮਿਲਿਆ ਤੇ ਇਸ ਇਕੋ ਮਿਲਣੀ ਨੇ ਉਹ ਦੇ ਸਾਰੇ ਦੁੱਖ ਦਲਿੱਦਰ ਪਰਾਂਹ ਵਗਾਹ ਮਾਰੇ। ਜਿਹੜਾ ਬੰਦਾ ਪਹਿਲਾਂ ਸਵਰਗਾਂ-ਨਰਕਾਂ ਦੇ ਚੱਕਰਾਂ ‘ਚ ਫਸਿਆ ਹਰ ਮੂਰਤੀ ਮੋਹਰੇ ਧੂਫ਼ ਧੁਖਾਈ ਜਾਂਦਾ ਸੀ, ਹਰ ਸਾਧ ਦੇ ਧੂਣੇ ਤੋਂ ਸੁਆਹ ਦੇ ਤਿਲਕ ਲਵਾਈ ਫਿਰਦਾ ਸੀ, ਗੁਰੂ ਜੀ ਨੇ ਜਦ ਉਹਦੇ ਅੰਦਰਲੇ ਛੁਪੇ ਰੱਬੀ ਗਿਆਨ ਨੂੰ ਤੁਣਕਾ ਮਾਰਿਆ ਤਾਂ ਉਹ ਢੋਂਗ ਨੂੰ ਸਦਾ ਲਈ ਲੱਤ ਮਾਰ ਕੇ ਇਕ ਅਕਾਲ ਪੁਰਖ ਦੀ ਇਬਾਦਤ ਵਿਚ ਐਸਾ ਜੁੜਿਆ ਕਿ ਉਹਨੂੰ ਸਵਰਗਾਂ ਦੀ ਕੋਈ ਪਰਵਾਹ ਹੀ ਨਾ ਰਹੀ। ਇਕੋ ਗੁਰੂ ਮਤ-ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ ਉਤੇ ਰਹਿੰਦੀ ਜ਼ਿੰਦਗੀ ਠੋਕ ਕੇ ਪਹਿਰਾ ਦਿੱਤਾ। ਕਿਸੇ ਸਾਧ-ਸੰਤ ਕੋਲ ਨਹੀਂ ਗਿਆ ਫਿਰ, ਕਿ ਮੈਨੂੰ ਸਵਰਗ ਦੀਆਂ ਦਾਤਾਂ ਬਖਸ਼; ਤੇ ਜੇ ਕੋਈ ਉਹਦੇ ਦਰ ‘ਤੇ ਸਵਰਗ ਦੇਣ ਆਇਆ ਤਾਂ ਉਹਨੇ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਘਟਨਾ ਦਾ ਥੋੜ੍ਹਾ ਜਿਹਾ ਵਿਸਥਾਰ ਕਰਨ ਤੋਂ ਪਹਿਲਾਂ ਇੱਥੇ ਦੱਸ ਦਿਆਂ ਕਿ ਭੂਗੋਲਿਕ ਤੌਰ ‘ਤੇ ਗੜ੍ਹਸ਼ੰਕਰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿਚ ਵਸਿਆ ਹੋਇਆ ਹੈ। ਇਹਦੇ ਚੜ੍ਹਦੇ ਪਾਸੇ ਨੂੰ ਪਹਾੜੀਆਂ ਸ਼ੁਰੂ ਹੋ ਜਾਂਦੀਆਂ ਤੇ ਲਹਿੰਦਾ ਪਾਸਾ ਪੂਰਾ ਮੈਦਾਨੀ ਹੈ। 15ਵੀਂ - 16ਵੀਂ ਸਦੀ ਵਿਚ ਜਾਂ ਉਸ ਤੋਂ ਵੀ ਪਹਿਲਾਂ ਜਿੰਨੇ ਵੀ ਸਾਧੂ - ਮਹਾਤਮਾ ਹੁੰਦੇ ਸੀ, ਜ਼ਿਆਦਾਤਰ ਪਹਾੜਾਂ ਵਿਚ ਰਹਿ ਕੇ ਤਪੱਸਿਆ ਕਰਦੇ ਸੀ, ਤੇ ਲੋੜਾਂ ਪੂਰੀਆਂ ਕਰਨ ਹੀ ਮੈਦਾਨੀ ਇਲਾਕਿਆਂ ਵੱਲ ਆਉਂਦੇ ਸਨ। ਇਸ ਕਰਕੇ ਇਹ ਸਾਰੇ, ਯਾਨਿ ਮੈਦਾਨਾਂ ਵੱਲੋਂ ਪਹਾੜਾਂ ਨੂੰ ਜਾਣ ਲੱਗਿਆਂ ਤੇ ਫਿਰ ਪਹਾੜਾਂ ਤੋਂ ਉਤਰ ਕੇ ਮੈਦਾਨਾਂ ਵੱਲ ਜਾਣ ਲੱਗਿਆਂ, ਇਕ ਪੜਾਅ ਗੜ੍ਹਸ਼ੰਕਰ ਜ਼ਰੂਰ ਕਰਦੇ। ਹਰ ਸਾਧੂ - ਸੰਤ ਆਪੋ-ਆਪਣੇ ਮੁਤਾਬਿਕ ਲੋਕਾਂ ਨੂੰ ਜੀਵਨ ਮੁਕਤੀ ਦੀਆਂ ਜੁਗਤਾਂ ਵੀ ਦੱਸਦਾ ਹੋਣਾ ਤੇ ਇੱਥੋਂ ਦੇ ਵਸਨੀਕ ਹਰ ਸਾਧ ਮਗਰ ਲੱਗ ਵੀ ਜਾਂਦੇ ਹੋਣੇ ਹਨ ਕਿਉਂਕਿ ਉਹ ਜ਼ਮਾਨਾ ਹੀ ਵਹਿਮਾਂ-ਭਰਮਾਂ, ਟੂਣੇ-ਟਾਮਣਾਂ ਦਾ ਸੀ ਤੇ ਭਾਈ ਤਿਲਕੂ ਵੀ ਇਸ ਅਸਰ ਤੋਂ ਕਿੱਦਾਂ ਅਭਿੱਜ ਰਹਿ ਸਕਦਾ ਸੀ। ਉਸ ਨੇ ਵੀ ਆਉਂਦੇ-ਜਾਂਦੇ ਸਾਧਾਂ ‘ਤੇ ਬਥੇਰੀ ਕਮਾਈ ਲੁਟਾਈ ਹੋਣੀ। ਜਦੋਂ ਗੁਰੂ ਅਰਜਨ ਸਿੱਖੀ ਦੇ ਪ੍ਰਚਾਰ ਵਿਚ ਇੱਧਰ ਆਏ ਤਾਂ ਸ਼ਾਇਦ ਬਾਬਾ ਲੱਖੋ ਜੀ ਪਿੰਡ ਭਾਰਟਾ ਕੋਲ ਰੁਕੇ। ਇੱਥੇ ਹੀ ਭਾਈ ਤਿਲਕੂ ਨੇ ਗੁਰੂ ਸਾਹਿਬ ਦੇ ਬਚਨ ਸੁਣੇ ਤਾਂ ਸਦਾ ਲਈ ਗੁਰੂ ਦੇ ਹੋ ਕੇ ਰਹਿ ਗਏ। ਸਾਧਾਂ ਦੇ ਪਾਏ ਸਭ ਭਰਮ-ਭੁਲੇਖੇ ਦੂਰ ਹੋ ਗਏ।
ਗੜ੍ਹਸ਼ੰਕਰ ਵਿਚ ਹੀ ਇਕ ਹੋਰ ਧਾਰਮਿਕ ਜਗ੍ਹਾ ਹੈ ਜਿਸ ਨੂੰ ਮਹੇਸ਼ਆਣਾ ਕਿਹਾ ਜਾਂਦਾ ਹੈ। ਇੱਥੇ ਮੰਦਿਰ ਵੀ ਹੈ। ਅਸਲ ਵਿਚ ਇੱਥੇ ਮਹੇਸ਼ ਨਾਂ ਦਾ ਯੋਗੀ ਆਇਆ ਸੀ। ਉਨ੍ਹੀਂ ਦਿਨੀਂ ਪੰਜਾਬ ਵਿਚ ਯੋਗ-ਮਤ ਅਤੇ ਯੋਗੀਆਂ ਦੀ ਬਹੁਤ ਮਾਨਤਾ ਸੀ ਤੇ ਇਹ ਯੋਗੀ ਰਿੱਧੀਆਂ-ਸਿੱਧੀਆਂ ਵਿਚ ਵਿਸ਼ਵਾਸ ਰੱਖਦੇ ਸਨ, ਇਸ ਲਈ ਕੁਦਰਤੀ ਸੀ ਕਿ ਲੋਕੀਂ ਇਨ੍ਹਾਂ ਗੱਲਾਂ ਵੱਲ ਜ਼ਿਆਦੇ ਖਿੱਚੇ ਜਾਂਦੇ। ਇਸ ਯੋਗੀ ਨੇ ਪਹਿਲਾਂ ਇੱਥੇ ਕਈ ਦਿਨ ਤਪੱਸਿਆ ਕੀਤੀ ਤੇ ਲੋਕਾਂ ਵਿਚ ਚੰਗੀ ਭੱਲ ਵੀ ਬਣਾ ਲਈ। ਆਖਿਰ ਵਿਚ ਬਹੁਤ ਵੱਡਾ ਯੱਗ ਕੀਤਾ ਤੇ ਪ੍ਰਚਾਰ ਇਹ ਕੀਤਾ ਕਿ ਇਸ ਯੱਗ ਤੋਂ ਬਾਅਦ ਜਿਹੜਾ ਵੀ ਉਹਦੇ (ਯੋਗੀ ਮਹੇਸ਼ ਦੇ) ਦਰਸ਼ਨ ਕਰਨ ਆਊਗਾ, ਉਹਦੇ ਪਿਛਲੇ ਸਾਰੇ ਪਾਪ ਕੱਟੇ ਜਾਣਗੇ ਤੇ ਅਗਲੇ ਸੰਸਾਰ ਭਾਵ ਮਰਨ ਉਪਰੰਤ ਸਵਰਗ ਨਸੀਬ ਹੋਊਗਾ। ਬੱਸ ਫਿਰ ਕੀ ਸੀ! ਗੜ੍ਹਸ਼ੰਕਰ ਤਾਂ ਕੀ, ਆਲੇ-ਦੁਆਲੇ ਦੇ ਇਲਾਕੇ ਵਾਲੇ ਭਲਾ ਕਾਹਨੂੰ ਮੁਫਤੋ - ਮੁਫਤੀ ਦੇ ਸਵਰਗ ਤੋਂ ਵਾਂਝੇ ਰਹਿੰਦੇ। ਜੋ ਕੁਝ ਘਰ ਸੀ, ਲਿਆ ਅਤੇ ਯੋਗੀ ਦੇ ਚੜ੍ਹਾਵਾ ਚਾੜ੍ਹ ਦਿੱਤਾ। ਇਹ ਸਿਲਸਿਲਾ ਕਈ ਦਿਨ ਚਲਦਾ ਰਿਹਾ ਤੇ ਯੋਗੀ ਸਵਰਗ ਦੇ ਬੂਹੇ ਦੀ ਕੁੰਜੀ ਹਰ ਬੰਦੇ ਨੂੰ ਫੜਾਈ ਗਿਆ।
ਜਦੋਂ ਸਭ ਨੂੰ ਸਵਰਗ ਬਖ਼ਸ਼ਿਆ ਗਿਆ ਤਾਂ ਯੋਗੀ ਨੇ ਆਪਣੇ ਚੇਲਿਆਂ ਜਾਂ ਇਲਾਕੇ ਦੇ ਮੋਹਤਬਰਾਂ ਨੂੰ ਕਿਹਾ ਕਿ ਅਜੇ ਵੀ ਜੇ ਕੋਈ ਰਹਿ ਗਿਆ ਤਾਂ ਦਰਸ਼ਨ ਕਰ ਜਾਵੇ ਤਾਂ ਕਿ ਉਹਦਾ ਵਾਸਾ ਵੀ ਸਵਰਗ ਵਿਚ ਹੋ ਕੇ ਸਕੇ। ਯੋਗੀ ਨੂੰ ਜਦੋਂ ਦੱਸਿਆ ਕਿ ਬਾਕੀ ਇਲਾਕੇ ਦੀ ਤਾਂ ਛੱਡੋ, ਆਹ ਤੁਹਾਡੇ ਇਸ ਤਪ ਸਥਾਨ ਤੋਂ ਮਸਾਂ 5 ਕੁ ਗਜ਼ ‘ਤੇ ਤਿਲੋਕਾ ਨਾਂ ਦਾ ਬੰਦਾ ਰਹਿੰਦੈ। ਉਹ ਨਾ ਤਾਂ ਕਦੇ ਤੁਹਾਡੇ ਪ੍ਰਵਚਨ ਸੁਣਨ ਆਇਆ, ਨਾ ਹੀ ਯੱਗ ਵਿਚ ਅਤੇ ਨਾ ਹੀ ਹੁਣ ਤੁਹਾਡੇ ਦਰਸ਼ਨ ਕਰਨ ਆਇਆ। ਜੇ ਕਿਸੇ ਨੇ ਉਹਨੂੰ ਕਿਹਾ ਵੀ ਤਾਂ ਉਹ ਠੋਕ ਕੇ ਕਹਿ ਦਿੰਦਾ ਸੀ ਕਿ ਮੈਂ ਨਈਂ ਜਾਣਾ ਇਸ ਪਖੰਡੀ ਦੇ, ਨਾ ਹੀ ਮੈਨੂੰ ਲੋੜ ਹੈ ਇਹਦੇ ਸਵਰਗ ਦੀ। ਇਹ ਸੁਣ ਕੇ ਯੋਗੀ ਨੂੰ ਲੱਗਾ ਕਿ ਇਹ ਬੰਦਾ ਤਾਂ ਉਹਦੇ ਕੀਤੇ - ਕਰਾਏ ‘ਤੇ ਪਾਣੀ ਫੇਰਨ ਲੱਗਾ ਹੈ, ਯੋਗੀ ਨੇ ਭਾਈ ਤਿਲਕੂ ਦੇ ਭਾਈਚਾਰੇ ਵਾਲਿਆਂ ਨੂੰ ਕਿਹਾ ਕਿ ਉਹਨੂੰ ਲਿਆਓ ਜ਼ਰੂਰ ਤਾਂ ਕਿ ਉਸ ‘ਤੇ ਵੀ ਮੇਰਾ ਪਰਉਪਕਾਰ ਹੋ ਸਕੇ ਪਰ ਭਾਈ ਤਿਲਕੂ ਨੇ ਨਾ ਆਉਣਾ ਸੀ ਤੇ ਨਾ ਆਇਆ।
ਯੋਗੀ ਨੂੰ ਇਸ ਵਿਚ ਆਪਣੀ ਹੇਠੀ ਲੱਗੀ ਤਾਂ ਉਹ ਆਪਣੇ ਚੇਲਿਆਂ ਤੇ ਹੋਰ ਮੋਹਤਬਰਾਂ ਨੂੰ ਲੈ ਕੇ ਆਪ ਉਹਦੇ ਘਰ ਨੂੰ ਚੱਲ ਪਿਆ। ਜਦ ਭਾਈ ਤਿਲਕੂ ਨੂੰ ਯੋਗੀ ਦੇ ਆਉਣ ਦਾ ਪਤਾ ਲੱਗਾ ਤਾਂ ਉਸ ਆਪਣੇ ਕੋਠੇ ਦੇ ਅੰਦਰ ਵੜ ਕੇ ਅੰਦਰੋਂ ਕੁੰਡ ਬੰਦ ਕਰ ਲਿਆ ਤਾਂ ਕਿ ਇਨ੍ਹਾਂ ਢੋਂਗੀਆਂ ਦੇ ਮੱਥੇ ਨਾ ਹੀ ਲੱਗਿਆ ਜਾਵੇ ਤਾਂ ਚੰਗਾ। ਲੋਕਾਂ ਨੇ ਉਹਦਾ ਦਰਵਾਜ਼ਾ ਖੜਕਾਇਆ ਤੇ ਦੱਸਿਆ ਕਿ ਯੋਗੀ ਮਹਾਰਾਜ ਆਪ ਤੈਨੂੰ ਦਰਸ਼ਨ ਦੇਣ ਆਏ ਆ, ਤੂੰ ਬੂਹਾ ਖੋਲ੍ਹ; ਤਾਂ ਭਾਈ ਤਿਲਕੂ ਨੇ ਕਿਹਾ ਕਿ ਇਹਨੂੰ ਕਹੋ ਕਿ ਇੱਥੋਂ ਚਲਾ ਜਾਵੇ। ਮੈਂ ਨਹੀਂ ਇਹਦੇ ਦਰਸ਼ਨ ਕਰਨੇ। ਲੋਕਾਂ ਨੇ ਕਿਹਾ ਕਿ ਮਹਾਰਾਜ ਤੈਨੂੰ ਸਰਾਪ ਦੇ ਦੇਣਗੇ ਤਾਂ ਉਹ ਕਹਿੰਦਾ ਕਿ ਇਹ ਜੋ ਮਰਜ਼ੀ ਸਰਾਪ ਦੇ ਦੇਵੇ, ਮੈਂ ਇਹਦੇ ਸਰਾਪਾਂ ਤੋਂ ਨਹੀਂ ਡਰਦਾ। ਯੋਗੀ ਨੂੰ ਇਹ ਸਭ ਕੁਝ ਉਮੀਦ ਦੇ ਉਲਟ ਹੁੰਦਾ ਦੇਖ ਕੇ ਬੜੀ ਨਮੋਸ਼ੀ ਹੋਈ ਕਿ ਕਿੱਥੇ ਤਾਂ ਲੋਕੀਂ ਉਹਦੇ ਪੈਰਾਂ ‘ਤੇ ਡਿੱਗੀ ਫਿਰਦੇ ਨੇ ਤੇ ਕਿੱਥੇ ਇਹ ਗਰੀਬੜਾ ਜਿਹਾ ਮੈਨੂੰ ਹੀ ਲਲਕਾਰਾ ਮਾਰੀ ਜਾਂਦਾ। ਅੰਤ ਨੂੰ ਯੋਗੀ ਨੇ ਆਪ ਬਾਹਰੋਂ ਆਵਾਜ਼ ਮਾਰ ਕੇ ਕਿਹਾ ਕਿ ਤਿਲਕੂ ਤੂੰ ਕੁੰਡਾ ਤਾਂ ਖੋਲ੍ਹ, ਮੈਂ ਤੇਰੇ ਸਾਰੇ ਪਰਿਵਾਰ ਤੇ ਆਉਣ ਵਾਲੀਆਂ ਪੁਸ਼ਤਾਂ ਨੂੰ ਵੀ ਸਵਰਗ ਬਖ਼ਸ਼ ਦਿਆਂਗਾ। ਤਦ ਉਹਨੇ ਅੰਦਰੋਂ ਜਵਾਬ ਦਿੱਤਾ ਕਿ ਮੇਰੇ ਪਾਪ ਤਾਂ ਉਦਣ ਹੀ ਕੱਟੇ ਗਏ ਸਨ, ਜਿਸ ਦਿਨ ਮੈਂ ਆਪਣੇ ਗੁਰੂ ਦੇ ਦੀਦਾਰੇ ਕਰ ਲਏ ਸੀ। ਹੁਣ ਮੈਂ ਤੈਨੂੰ ਦੇਖ ਕੇ ਹੋਰ ਪਾਪ ਆਪਣੇ ਸਿਰ ਨਹੀਂ ਚੜ੍ਹਾਉਣਾ ਚਾਹੁੰਦਾ। ਬਾਕੀ ਰਹੀ ਗੱਲ ਤੇਰੇ ਸਵਰਗ ਦੀ, ਉਹਦੀ ਮੈਨੂੰ ਜ਼ਰੂਰਤ ਨਹੀਂ, ਆਪਣੇ ਕੋਲ ਹੀ ਰੱਖ। ਮੇਰਾ ਸਵਰਗ ਤਾਂ ਉਥੇ ਹੈ ਜਿੱਥੇ ਮੇਰਾ ਗੁਰੂ ਮੈਨੂੰ ਰੱਖੂ।
ਯੋਗੀ ਦੀ ਵਾਹ ਨਾ ਚੱਲੀ ਤਾਂ ਕਹਿਣ ਲੱਗਾ ਕਿ ਜੇ ਤੂੰ ਮੇਰੇ ਦਰਸ਼ਨ ਨਹੀਂ ਕਰਨੇ ਤਾਂ ਆਪਣੇ ਦਰਸ਼ਨ ਹੀ ਮੈਨੂੰ ਦੇਹ, ਤਾਂ ਤਿਲਕੂ ਜੀ ਨੇ ਕਿਹਾ ਕਿ ਮੇਰੇ ਗੁਰੂ ਦਾ ਹੁਕਮ ਹੈ, ਕਿਸੇ ਅਜਿਹੇ ਪਖੰਡੀ ਦੇ ਮੱਥੇ ਨਹੀਂ ਲੱਗਣਾ ਜਿਹੜਾ ਰੱਬ ਦੇ ਨਾਂ ‘ਤੇ ਲੁੱਟਦਾ ਹੋਵੇ। ਯੋਗੀ ਹਾਰ ਕੇ ਕਹਿੰਦਾ ਕਿ ਮੈਂ ਇਹ ਸਭ ਛੱਡ ਦੂੰਗਾ, ਤੈਨੂੰ ਤੇਰੇ ਗੁਰੂ ਦਾ ਵਾਸਤਾ! ਕੁੰਡਾ ਖੋਲ੍ਹ ਤਾਂ ਕਿ ਮੈਂ ਦੇਖ ਸਕਾਂ ਕਿ ਸੱਚਾ ਸਿੱਖ ਕਿਹੋ ਜਿਹਾ ਹੁੰਦੈ ਜਿਹੜਾ ਆਪਣੇ ਸਤਿਗੁਰੂ ‘ਤੇ ਐਨਾ ਭਰੋਸਾ ਰੱਖਦੈ ਕਿ ਸਵਰਗ ਨੂੰ ਠੁੱਡ ਮਾਰ ਗਿਆ ਤਾਂ ਤੇਰਾ ਗੁਰੂ ਕਿਹੋ ਜਿਹਾ ਹੋਵੇਗਾ।
ਦਰਅਸਲ, ਭਾਈ ਤਿਲਕੂ ਬਾਰੇ ਗੱਲ ਸਾਂਝੀ ਕਰਨ ਤੋਂ ਮੇਰਾ ਮਤਲਬ ਇਹੋ ਹੈ ਕਿ ਅੱਜ ਵੀ ਸਿੱਖੀ ਭੇਖ ਵਿਚ ਬਹੁਤ ਸਾਰੇ ਪਖੰਡੀ ਸੰਤ - ਸਾਧ ਡੇਰੇ ਜਮਾਈ ਬੈਠੇ ਹਨ ਜਿਹੜੇ ਅਣਦੇਖੀ ਦੁਨੀਆਂ (ਸਵਰਗ) ਦੇ ਭਰਮਾਂ ‘ਚ ਪਾ ਕੇ ਹਰ ਤਰ੍ਹਾਂ ਦੀ ਲੁੱਟ - ਮਚਾਈ ਫਿਰਦੇ ਹਨ; ਸਾਡੇ ਵਿਚ ਵੀ ਭਾਈ ਤਿਲਕੂ ਵਾਂਗ ਆਪਣੇ ਸਤਿਗੁਰੂ ‘ਤੇ ਭਰੋਸਾ ਬਣ ਜਾਵੇ ਜਿਹਦੇ ਲੜ ਉਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਬਲੀਦਾਨ ਕਰਵਾ ਕੇ ਸਾਨੂੰ ਲਾ ਦਿੱਤਾ ਹੋਇਆ ਤਾਂ ਹੀ ਆਪਾਂ ਵੀ ਸਚਿਆਰ ਸਿੱਖ ਅਖਵਾਉਣ ਦੇ ਹੱਕਦਾਰ ਬਣਾਂਗੇ। ਹੁਣ ਗੜ੍ਹਸ਼ੰਕਰ ਵਿਚ ਭਾਈ ਤਿਲਕੂ ਦਾ ਗੁਰਦੁਆਰਾ ਬਣਿਆ ਹੋਇਆ ਹੈ ਜਿਹੜਾ ਇਲਾਕੇ ਦੀਆਂ ਸੰਗਤਾਂ ਨੇ 25 ਕੁ ਸਾਲ ਪਹਿਲਾਂ ਬਣਾਇਆ। ਇਹ ਗੁਰਦੁਆਰਾ ਹੁਸ਼ਿਆਰਪੁਰ-ਚੰਡੀਗੜ੍ਹ ਰੋਡ ‘ਤੇ ਗੜ੍ਹਸ਼ੰਕਰ ਵਿਚ ਰੇਲਵੇ ਸਟੇਸ਼ਨ ਦੇ ਸਾਹਮਣੇ ਹੈ ਜਿਹੜਾ ‘ਸਚਿਆਰ ਸਿੱਖ’ ਦੀ ਯਾਦ ਦਿਵਾਉਂਦਾ ਹੈ।